ਪ੍ਰਤੀ ਲੱਖ ਆਬਾਦੀ ਪਿੱਛੇ ਕਾਲਜਾਂ ਦੀ ਗਿਣਤੀ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਹੈ ਹਿਮਾਚਲ ਪ੍ਰਦੇਸ਼

Friday, Apr 07, 2023 - 01:17 AM (IST)

ਪ੍ਰਤੀ ਲੱਖ ਆਬਾਦੀ ਪਿੱਛੇ ਕਾਲਜਾਂ ਦੀ ਗਿਣਤੀ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਹੈ ਹਿਮਾਚਲ ਪ੍ਰਦੇਸ਼

ਨੈਸ਼ਨਲ ਡੈਸਕ : ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ 2020-21 ਦੇ ਅਨੁਸਾਰ ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਦੇਸ਼ ਵਿਚ ਪ੍ਰਤੀ ਲੱਖ ਆਬਾਦੀ ਪਿੱਛੇ ਸਭ ਤੋਂ ਵੱਧ ਕਾਲਜਾਂ ਵਾਲੇ ਸੂਬਿਆਂ ’ਚੋਂ ਇਕ ਹੈ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਹਾਲ ਹੀ ’ਚ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ’ਚ 18-23 ਉਮਰ ਵਰਗ ’ਚ ਹਰ ਇਕ ਲੱਖ ਆਬਾਦੀ ਲਈ 50 ਕਾਲਜ ਹਨ। ਸਰਵੇਖਣ ਰਿਪੋਰਟ ’ਚ ਹਿਮਾਚਲ ਨੂੰ ਕੇਰਲ ਦੇ ਨਾਲ-ਨਾਲ ਰੱਖਿਆ ਗਿਆ ਹੈ, ਜਿਸ ’ਚ ਪ੍ਰਤੀ ਇਕ ਲੱਖ ਆਬਾਦੀ ਪਿੱਛੇ 50 ਕਾਲਜ ਹਨ, ਦੇਸ਼ ਵਿਚ ਤੀਜੇ ਨੰਬਰ ’ਤੇ ਹੈ, ਪ੍ਰਤੀ ਲੱਖ ਆਬਾਦੀ ਪਿੱਛੇ 53 ਕਾਲਜਾਂ ਨਾਲ ਤੇਲੰਗਾਨਾ ਦੂਜੇ, ਜਦਕਿ ਕਰਨਾਟਕ 63 ਕਾਲਜਾਂ ਨਾਲ ਪਹਿਲੇ ਨੰਬਰ ’ਤੇ ਹੈ।

ਹਿਮਾਚਲ ਪ੍ਰਦੇਸ਼ ’ਚ ਕੁਲ 348 ਕਾਲਜ ਹਨ, ਜਿਨ੍ਹਾਂ ਵਿਚ ਪ੍ਰਾਈਵੇਟ ਕਾਲਜ, ਸਰਕਾਰੀ ਡਿਗਰੀ ਕਾਲਜ ਤੇ ਨਰਸਿੰਗ ਕਾਲਜ ਸ਼ਾਮਲ ਹਨ। ਸਰਵੇਖਣ ਰਿਪੋਰਟ ਹਿਮਾਚਲ ਸਰਕਾਰ ਦੇ ਉਨ੍ਹਾਂ ਕਾਲਜਾਂ ਨੂੰ ਬੰਦ ਕਰਨ ਦੇ ਕਦਮ ਨਾਲ ਮੇਲ ਖਾਂਦੀ ਹੈ, ਜਿਨ੍ਹਾਂ ਦੇ ਖੁੱਲ੍ਹਣ ਦੇ ਸਮੇਂ ਤੋਂ ਘੱਟ ਜਾਂ ਜ਼ੀਰੋ ਵਿਦਿਆਰਥੀਆਂ ਦੀ ਹਾਜ਼ਰੀ ਦਰਜ ਕੀਤੀ ਗਈ ਹੈ, ਜਦਕਿ ਹਿਮਾਚਲ ਵਿਚ ਦਸੰਬਰ 2021 ਤੱਕ 132 ਸਰਕਾਰੀ ਡਿਗਰੀ ਕਾਲਜ ਸਨ, 2022 ਦੇ ਚੋਣ ਸਾਲ ’ਚ ਭਾਜਪਾ ਦੇ ਸ਼ਾਸਨ ਦੌਰਾਨ 23 ਨਵੇਂ ਡਿਗਰੀ ਕਾਲਜ ਖੋਲ੍ਹੇ ਗਏ ਸਨ। ਸੂਬੇ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ’ਚੋਂ ਘੱਟੋ-ਘੱਟ 18 ’ਚ ਵਿਦਿਆਰਥੀਆਂ ਦੀ ਘੱਟ ਹਾਜ਼ਰੀ ਦਰਜ ਕੀਤੀ ਗਈ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਡੀਨੋਟੀਫਾਈ ਕੀਤਾ ਜਾ ਸਕਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਬਾਕੀ 5 ਕਾਲਜ, ਜਿੱਥੇ ਘੱਟ ਦਾਖਲੇ ਹੋਣ ਦੇ ਬਾਵਜੂਦ ਕਲਾਸਾਂ ਸ਼ੁਰੂ ਹੋਈਆਂ ਸਨ, ਨੂੰ ਨੇੜਲੇ ਕਾਲਜਾਂ ਨਾਲ ਮਿਲਾਇਆ ਜਾ ਸਕਦਾ ਹੈ। ਉਚੇਰੀ ਸਿੱਖਿਆ ਦੇ ਡਾਇਰੈਕਟਰ ਅਮਰਜੀਤ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਿਸੇ ਵੀ ਕਾਲਜ ਨੂੰ ਬੰਦ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਸਾਡੀਆਂ ਸੰਸਥਾਵਾਂ ’ਚ ਹਾਲ ਹੀ ਦੇ ਸਾਲਾਂ ’ਚ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਹੋਇਆ ਹੈ। ਇਹ ਚੰਗੀ ਗੱਲ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਵਾਧੇ ਨਾਲ ਮੇਲ ਖਾਂਦੀਆਂ ਸੰਸਥਾਵਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਹਿਮਾਚਲ ਵਰਗੇ ਪਹਾੜੀ ਸੂਬੇ ਦੀਆਂ ਵਿੱਦਿਅਕ ਲੋੜਾਂ ਮੈਦਾਨੀ ਖੇਤਰਾਂ ਨਾਲੋਂ ਵੱਖਰੀਆਂ ਹਨ। ਸਾਡਾ ਧਿਆਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।
 

 


author

Manoj

Content Editor

Related News