ਕੈਂਸਰ ਦੇ ਇਲਾਜ ਦੌਰਾਨ ਦਵਾਈਆਂ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਇਸਤੇਮਾਲ ਕਰੋ ਇਹ ਫੂਡ ਸਪਲੀਮੈਂਟ

09/19/2020 11:45:56 AM

ਜਲੰਧਰ (ਬਿਊਰੋ) - ਆਧੁਨਿਕ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਕੈਂਸਰ ਤੇਜ਼ੀ ਨਾਲ ਮਨੁੱਖਤਾ ਨੂੰ ਆਪਣੀ ਗ੍ਰਿਫ਼ਤ 'ਚ ਲੈ ਰਿਹਾ ਹੈ। ਅੱਜ ਹਰ ਵਿਕਸਤ ਤੇ ਵਿਕਾਸਸ਼ੀਲ ਦੇਸ਼ ਇਸ ਦੀ ਕੈਦ 'ਚ ਹੈ। ਕੈਂਸਰ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੇ ਇਲਾਜ ਮੁਹੱਈਆ ਹੋਣ ਦੇ ਬਾਵਜੂਦ ਮੁੱਖ ਤੌਰ 'ਤੇ ਕੀਮੋਥੈਰੇਪੀ, ਰੇਡੀਓਥੈਰੇਪੀ ਤੇ ਇਮਿਊਨੋਥੈਰੇਪੀ ਨੂੰ ਕਾਰਗਰ ਸਮਝਿਆ ਜਾ ਰਿਹਾ ਹੈ। ਕੀਮੋਥੈਰੇਪੀ ਲੈਣ ਤੋਂ ਬਾਅਦ ਇਸ ਦੇ ਕਈ ਮਾੜੇ ਪ੍ਰਭਾਵ ਹੁੰਦੇ ਹਨ, ਜਿਵੇਂ ਵਜ਼ਨ ਘਟਣਾ, ਦਸਤ, ਉਲਟੀਆਂ ਦਾ ਲੱਗਣਾ, ਪਾਚਨ ਵਿਗੜ ਜਾਣਾ, ਚਮੜੀ ਰੋਗ, ਕਮਜ਼ੋਰੀ, ਉਨੀਂਦਰਾ, ਸਿਰਦਰਦ, ਚੱਕਰ ਆਉਣੇ, ਗਰਮੀ ਦਾ ਵੱਧ ਜਾਣਾ, ਬਵਾਸੀਰ ਆਦਿ। ਅਜਿਹੀ ਹਾਲਤ 'ਚ ਵਿਅਕਤੀ ਪੂਰੀ ਖ਼ੁਰਾਕ ਨਹੀਂ ਲੈ ਸਕਦਾ ਤੇ ਘਬਰਾ ਕੇ ਤਾਕਤ ਵਧਾਉਣ ਵਾਲੇ ਪਦਾਰਥ ਜਾਂ ਸਪਲੀਮੈਂਟ ਲੈਣੇ ਸ਼ੁਰੂ ਕਰ ਦਿੰਦਾ ਹੈ। ਕੈਂਸਰ ਦੇ ਇਲਾਜ ਦੌਰਾਨ ਦਵਾਈਆਂ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਸੰਤੁਲਿਤ ਖ਼ੁਰਾਕ ਦਾ ਸੇਵਨ ਬਹੁਤ ਜ਼ਰੂਰੀ ਹੈ। ਛਾਤੀ ਦੇ ਕੈਂਸਰ 'ਚ ਕਈ ਡਾਕਟਰ ਮਰੀਜ਼ ਦੀ ਜਰੂਰਤ ਅਨੁਸਾਰ ਕੈਲਸ਼ੀਅਮ ਤੇ ਵਿਟਾਮਿਨ-ਡੀ ਦਿੰਦੇ ਹਨ। ਅੱਜ-ਕੱਲ੍ਹ ਬਾਜ਼ਾਰ 'ਚ ਕਈ ਤਰ੍ਹਾਂ ਦੇ ਖਣਿਜ ਤੇ ਖ਼ੁਰਾਕੀ ਸਪਲੀਮੈਂਟ ਮੌਜੂਦ ਹਨ ਪਰ ਇਨ੍ਹਾਂ ਦੇ ਬੁਰੇ ਪ੍ਰਭਾਵ ਵੀ ਹੁੰਦੇ ਹਨ।

ਰੇਡੀਏਸ਼ਨ ਦੌਰਾਨ ਕਈ ਸਪਲੀਮੈਂਟ ਚਮੜੀ ਤੇ ਸਰੀਰ ਦੇ ਨਰਮ ਟਿਸ਼ੂਆਂ ਦਾ ਨੁਕਸਾਨ ਕਰਦੇ ਹਨ। ਇਹ ਸਪਲੀਮੈਂਟ ਕੀਮੋਥੈਰੇਪੀ ਦੇ ਅਸਰ ਨੂੰ ਘੱਟ ਕਰ ਦਿੰਦੇ ਹਨ ਤੇ ਜਿਗਰ 'ਚ ਜਾ ਕੇ ਦਵਾਈ ਵਿਰੁੱਧ ਪ੍ਰਤੀਕਿਰਿਆ ਪੈਦਾ ਕਰਦੇ ਹਨ। ਪਾਚਨ ਤੰਤਰ 'ਚ ਕੀਮੋਥੈਰੇਪੀ ਦੀ ਮਿਕਦਾਰ ਦੇ ਅਸਰ ਨੂੰ ਘਟਾ ਦਿੰਦੇ ਹਨ। ਸਰੀਰ 'ਚ ਜ਼ਹਿਰੀਲਾ ਮਾਦਾ ਪੈਦਾ ਕਰਨ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਸ਼ੂਗਰ ਤੇ ਦਿਲ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ 'ਚ ਮਿਲ ਕੇ ਨੁਕਸਾਨ ਕਰਦੇ ਹਨ। ਅਜਿਹਾ ਨਹੀਂ ਕਿ ਸਾਰੇ ਖ਼ੁਰਾਕੀ ਸਪਲੀਮੈਂਟ ਹੀ ਨੁਕਸਾਨ ਕਰਦੇ ਹਨ ਪਰ ਕੁਝ ਸਪਲੀਮੈਂਟ ਤੇ ਖਣਿਜ ਪਦਾਰਥ ਅਜਿਹੇ ਵੀ ਹਨ, ਜੋ ਫ਼ਾਇਦਾ ਵੀ ਕਰਦੇ ਹਨ। ਨੈਚੁਰੋਪੈਥੀ ਤੇ ਕਈ ਹੋਰ ਇਲਾਜ ਪ੍ਰਣਾਲੀਆਂ 'ਚ ਕਈ ਕੁਦਰਤੀ ਖਣਿਜ ਪਦਾਰਥ ਸਦੀਆਂ ਤੋਂ ਵਰਤੇ ਜਾ ਰਹੇ ਹਨ। ਕੈਂਸਰ ਦੇ ਮਾਹਿਰ ਡਾਕਟਰ ਵੀ ਹੁਣ ਕੀਮੋਥੈਰੇਪੀ ਦੇ ਨਾਲ ਇਨ੍ਹਾਂ ਸਪਲੀਮੈਂਟ ਦਾ ਇਸਤੇਮਾਲ ਕਰਦੇ ਹਨ। ਆਓ, ਇਨ੍ਹਾਂ ਦੀ ਅਸਲੀਅਤ ਬਾਰੇ ਜਾਣੀਏ।

ਕੁਰਕੁਮਿਨ
ਇਸ ਨੂੰ ਹਲਦੀ ਮਸਾਲਾ ਵੀ ਕਿਹਾ ਜਾਂਦਾ ਹੈ। ਕੁਰਕੁਮਿਨ ਹਲਦੀ 'ਚ ਪਾਇਆ ਜਾਣ ਵਾਲਾ ਪੀਲੇ ਰੰਗ ਦਾ ਯੋਗਿਕ ਹੈ, ਜੋ ਆਪਣੇ ਕੈਂਸਰ ਵਿਰੋਧੀ ਗੁਣਾਂ ਕਰਕੇ ਪ੍ਰਸਿੱਧ ਹੈ ਪਰ ਕੀਮੋਥੈਰੇਪੀ ਦੌਰਾਨ ਇਸਤੇਮਾਲ ਕਰਨ 'ਤੇ ਇਹ ਡਰੱਗ ਦੀ ਰਸਾਇਣਕ ਸਰੰਚਨਾ 'ਚ ਅਸੰਤੁਲਨ ਪੈਦਾ ਕਰ ਸਕਦਾ ਹੈ, ਇਸ ਲਈ ਕੀਮੋ ਦੌਰਾਨ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਮੱਛੀ ਦਾ ਤੇਲ
ਸਰੀਰ ਦੀ ਜਲਣ ਤੇ ਦਰਦ ਨੂੰ ਘਟਾਉਣ ਲਈ ਇਸ ਦਾ ਇਸਤੇਮਾਲ ਸੰਸਾਰ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਹ ਕੈਂਸਰ ਸੈੱਲਾਂ 'ਚ ਵਿਰੋਧਾਭਾਸ ਪੈਦਾ ਕਰ ਕੇ ਕੀਮੋਥੈਰੇਪੀ ਦੇ ਅਸਰ ਨੂੰ ਘੱਟ ਕਰ ਦਿੰਦਾ ਹੈ।

ਈਜੀਸੀਜੀ
ਇਹ ਗਰੀਨ-ਟੀ 'ਚ ਪਾਇਆ ਜਾਣ ਵਾਲਾ ਤਾਕਤਵਰ ਐਂਟੀਆਕਸੀਡੈਂਟ ਹੈ, ਜੋ ਐਂਟੀ ਕੈਂਸਰ ਵੀ ਹੈ ਪਰ ਮਲਟੀਪਲ ਮਾਇਲੋਮਾ, ਜਿਸ ਨੂੰ ਹੱਡੀਆਂ ਦਾ ਕੈਂਸਰ ਵੀ ਕਹਿੰਦੇ ਹਨ, 'ਚ ਇਸਤੇਮਾਲ ਹੋਣ ਵਾਲੀ ਦਵਾਈ ਨਾਲ ਵਿਰੋਧਾਭਾਸ ਹੋਣ ਕਰਕੇ ਡਾਕਟਰ ਇਸ ਦੀ ਮਨਾਹੀ ਕਰਦੇ ਹਨ।

ਐਲੋਵੇਰਾ
ਇਹ ਅਜਿਹਾ ਪੌਦਾ ਹੈ, ਜੋ ਜਲਣ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਵਾਲਾ ਤੇ ਐਂਟੀ ਕੈਂਸਰ ਮੰਨਿਆ ਜਾਂਦਾ ਹੈ। ਕਬਜ਼ ਨੂੰ ਦੂਰ ਕਰਨ ਦਾ ਗੁਣ ਹੋਣ ਕਰਕੇ ਐਲੋਵੇਰਾ ਕਈ ਵਾਰ ਦਸਤ ਲੱਗਣ ਜਾਂ ਹੈਜ਼ੇ ਦਾ ਕਾਰਨ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਕੀਮੋਥੈਰੇਪੀ ਦੇ ਅਸਰ ਵਿਚ ਰੁਕਾਵਟ ਪੈਦਾ ਕਰਦਾ ਹੈ।

ਏਸੀਅਕ ਚਾਹ
ਇਹ ਜੜ੍ਹੀ-ਬੂਟੀਆਂ ਦੀਆਂ ਜੜ੍ਹਾਂ ਤੇ ਛਿੱਲਾਂ ਤੋਂ ਬਣੀ ਚਾਹ ਹੁੰਦੀ ਹੈ। ਇਸ ਦਾ ਇਸਤੇਮਾਲ ਦਰਦ ਨਿਵਾਰਕ ਦੇ ਤੌਰ 'ਤੇ ਕੀਤਾ ਜਾਂਦਾ ਹੈ। ਇਹ ਜਿਗਰ, ਗੁਰਦੇ ਤੇ ਵੱਡੀ ਅੰਤੜੀ 'ਤੇ ਆਪਣਾ ਪ੍ਰਭਾਵ ਦਿਖਾਉਂਦੀ ਹੈ। ਇਸ ਲਈ ਕੀਮੋਥੈਰੇਪੀ ਨੂੰ ਪ੍ਰਭਾਵਿਤ ਕਰਦੀ ਹੈ।


ਇਸ ਤੋਂ ਇਲਾਵਾ ਕੁਝ ਅਜਿਹੇ ਸਪਲੀਮੈਂਟ ਵੀ ਹਨ, ਜੋ ਅਸਿੱਧੇ ਢੰਗ ਨਾਲ ਅਸਰ ਕਰ ਕੇ ਕੀਮੋਥੈਰੇਪੀ ਨੂੰ ਪ੍ਰਭਾਵਿਤ ਕਰਦੇ ਹਨ।
ਲਸਣ ਦਾ ਸਤ :
ਇਹ ਕੈਂਸਰ ਨੂੰ ਠੀਕ ਕਰਨ ਤੇ ਜਿਗਰ ਦੀ ਸਫ਼ਾਈ ਕਰਨ ਲਈ ਜਾਣਿਆ ਜਾਂਦਾ ਹੈ ਪਰ ਘੱਟ ਖ਼ੂਨ ਦੇ ਦੌਰੇ ਭਾਵ ਨਿਮਨ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਇਸ ਦਾ ਇਸਤੇਮਾਲ ਕੀਮੋ ਦੌਰਾਨ ਨਹੀਂ ਕਰਨਾ ਚਾਹੀਦਾ।

ਗਲੂਟਾਮਾਈਨ : ਵੈਸੇ ਤਾਂ ਇਸ ਦਾ ਇਸਤੇਮਾਲ ਕੀਮੋਥੈਰੇਪੀ ਤੋਂ ਹੋਣ ਵਾਲੇ ਮਾੜੇ ਪ੍ਰਭਾਵ ਹੈਜ਼ਾ ਤੇ ਤਰਲ ਰਸਾਵ ਆਦਿ ਨੂੰ ਰੋਕਣ ਲਈ ਕੀਤਾ ਜਾਂਦਾ ਹੈ ਪਰ ਐਂਟੀ ਸੀਜ਼ਰ ਡਰੱਗ ਲੈਣ ਵਾਲੇ ਮਰੀਜ਼ਾਂ ਲਈ ਇਹ ਔਖ ਪੈਦਾ ਕਰਦਾ ਹੈ।

ਮਸ਼ਰੂਮ : ਦਵਾਈਆਂ ਦੇ ਗੁਣ ਵਾਲੇ ਮਸ਼ਰੂਮ ਮੈਟਾਕੇ ਤੇ ਗੈਨੋਡਰਮਾ ਆਦਿ ਨੂੰ ਚੀਨੀ ਦਵਾਈਆਂ ਵਿਚ ਵੈਸੇ ਤਾਂ ਜਲਣ ਤੇ ਟਿਊਮਰ ਨੂੰ ਠੀਕ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਪਰ ਕੀਮੋ ਦੌਰਾਨ ਸ਼ੂਗਰ ਦੇ ਮਰੀਜ਼ ਤੇ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਨ ਵਾਲੇ ਮਰੀਜ਼ਾਂ ਨੂੰ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਸੋਇਆਬੀਨ : ਵੈਸੇ ਤਾਂ ਸੋਇਆਬੀਨ ਤੋਂ ਬਣਨ ਵਾਲੇ ਪਨੀਰ ਟੋਫੂ ਨੂੰ ਪ੍ਰੋਟੀਨ ਦਾ ਉੱਤਮ ਸਰੋਤ ਮੰਨਿਆ ਜਾਂਦਾ ਹੈ ਪਰ ਇਸ 'ਚ ਪਾਇਆ ਜਾਣ ਵਾਲਾ ਫਾਈਟੋ ਐਸਟਰੋਜਨ ਛਾਤੀ ਦੇ ਕੈਂਸਰ ਦਾ ਮੁੱਖ ਕਾਰਨ ਬਣਦਾ ਹੈ।

ਵਿਟਾਮਿਨ ਬੀ-17 : ਇਹ ਇਕ ਵਿਟਾਮਿਨ ਨਾ ਹੋ ਕੇ ਇਕ ਸਪਲੀਮੈਂਟ ਹੈ। ਜ਼ਿਆਦਾ ਮਾਤਰਾ 'ਚ ਲੈਣ 'ਤੇ ਇਹ ਮਿਹਦੇ 'ਚ ਜਾ ਕੇ ਸਾਇਆਨਾਈਡ ਪੈਦਾ ਕਰਦਾ ਹੈ, ਜੋ ਜਾਨਲੇਵਾ ਹੋ ਸਕਦਾ ਹੈ। ਬੀ-17 ਦਾ ਸਭ ਤੋਂ ਵਧੀਆ ਸਰੋਤ ਪੁੰਗਰੀ ਹੋਈ ਮੂੰਗ ਦੀ ਦਾਲ ਹੈ।

ਕੈਂਸਰ ਦੇ ਮਰੀਜ਼ ਨੂੰ ਕੀਮੋਥੈਰੇਪੀ ਦੌਰਾਨ ਇਸ ਤੋਂ ਹੋਣ ਵਾਲੇ ਬੁਰੇ ਪ੍ਰਭਾਵ ਤੋਂ ਬਚਣ ਲਈ ਕੁਦਰਤੀ ਖ਼ੁਰਾਕੀ ਪਦਾਰਥਾਂ ਦਾ ਇਸਤੇਮਾਲ ਹੀ ਕਰਨਾ ਚਾਹੀਦਾ ਹੇ। ਜੇ ਖਣਿਜ ਜਾਂ ਸਪਲੀਮੈਂਟ ਲੈਣੇ ਵੀ ਹੋਣ ਤਾਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਹੀ ਲੈਣੇ ਚਾਹੀਦੇ ਹਨ।

ਵਿਟਾਮਨ ਸੀ, ਡੀ-3 ਤੇ ਈ
ਵਿਟਾਮਨ ਸੀ, ਡੀ-3 ਤੇ ਈ ਉਦੋ ਹੀ ਲੈਣੇ ਚਾਹੀਦੇ ਹਨ, ਜੇ ਸਰੀਰ 'ਚ ਇਨ੍ਹਾਂ ਦੀ ਘਾਟ ਹੋਵੇ, ਨਹੀਂ ਤਾਂ ਇਹ ਸਰੀਰ ਵਿਚਲੇ ਵਿਸ਼ੈਲੇ ਪਦਾਰਥਾਂ 'ਚ ਵਾਧਾ ਕਰਕੇ ਮੁਸ਼ਕਿਲਾਂ ਪੈਦਾ ਕਰਦੇ ਹਨ। ਕੈਂਸਰ ਵਿਚ ਇਨ੍ਹਾਂ ਦੀ ਉਪਯੋਗਤਾ ਦੇ ਕੋਈ ਪ੍ਰਮਾਣਕ ਤੱਥ ਅਜੇ ਸਾਹਮਣੇ ਨਹੀਂ ਆਏ।

ਮੈਲਾਟੋਨਿਨ
ਇਹ ਇਕ ਅਜਿਹਾ ਐਨਜ਼ਾਈਮ ਹੈ, ਜੋ ਕਿ ਸਾਡੇ ਦਿਮਾਗ ਦੁਆਰਾ ਉਤਪਨ ਕੀਤਾ ਜਾਂਦਾ ਹੈ ਤੇ ਰਾਤ ਵੇਲੇ ਚੰਗੀ ਨੀਂਦ ਲੈਣ 'ਚ ਸਹਾਈ ਹੁੰਦਾ ਹੈ। ਇਸ ਦੀ ਵਰਤੋਂ ਕੈਂਸਰ ਦੇ ਇਲਾਜ ਤੋਂ ਹੋਣ ਵਾਲੇ ਅਣਇੱਛਤ ਲੱਛਣਾਂ ਨੂੰ ਦੂਰ ਕਰਨ ਲਈ ਕੀਤੀ ਜਾਦੀ ਹੈ। ਜੇ ਲੰਬੇ ਸਮੇਂ ਤਕ ਇਸ ਦਾ ਇਸਤੇਮਾਲ ਕੀਤਾ ਜਾਵੇ ਤਾ ਇਸ ਦੇ ਕਈ ਬੁਰੇ ਪ੍ਰਭਾਵ ਵੀ ਸਰੀਰ 'ਤੇ ਪੈਂਦੇ ਹਨ।


sunita

Content Editor

Related News