ਅੱਖਾਂ ’ਚ ਸਾੜ ਤੇ ਦਰਦ ਤੋਂ ਹੋ ਪ੍ਰੇਸ਼ਾਨ, ਇਹ 5 ਘਰੇਲੂ ਨੁਸਖ਼ੇ ਦੇਣਗੇ ਆਰਾਮ

Friday, May 12, 2023 - 01:10 PM (IST)

ਜਲੰਧਰ (ਬਿਊਰੋ)– ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜਿਸ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਅੱਜ ਦੇ ਡਿਜੀਟਲ ਯੁੱਗ ’ਚ ਕੰਮ ਕਾਰਨ ਅੱਖਾਂ ’ਤੇ ਮਾੜਾ ਅਸਰ ਪੈਂਦਾ ਹੈ। ਮੋਬਾਇਲ ਤੇ ਲੈਪਟਾਪ ਦੀ ਸਕ੍ਰੀਨ ’ਤੇ ਅੱਖਾਂ ਟਿਕਾ ਕੇ ਦਿਨ ਭਰ ਕੰਮ ਕਰਨ ਨਾਲ ਅੱਖਾਂ ’ਚ ਦਰਦ ਤੇ ਭਾਰੀਪਣ ਹੋਣ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਅੱਖਾਂ ਦਾ ਦਰਦ ਆਪਣੇ ਆਪ ਠੀਕ ਹੋ ਜਾਂਦਾ ਹੈ ਪਰ ਕਈ ਵਾਰ ਇਸ ਕਾਰਨ ਹਾਲਤ ਗੰਭੀਰ ਵੀ ਹੋ ਜਾਂਦੀ ਹੈ। ਅੱਖਾਂ ’ਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਨ੍ਹਾਂ ’ਚੋਂ ਇਕ ਮੁੱਖ ਕਾਰਨ ਸਾਡੀ ਖੁਰਾਕ ਤੇ ਜੀਵਨ ਸ਼ੈਲੀ ਹੈ। ਅੱਖਾਂ ਨਾਲ ਜੁੜੀਆਂ ਕਈ ਬੀਮਾਰੀਆਂ ਵੀ ਅੱਖਾਂ ਦੇ ਦਰਦ ਦਾ ਕਾਰਨ ਬਣਦੀਆਂ ਹਨ। ਹਾਲਾਂਕਿ ਅੱਖਾਂ ’ਚ ਲਗਾਤਾਰ ਦਰਦ ਹੋਣ ਦੀ ਸਥਿਤੀ ’ਚ ਅੱਖਾਂ ਦੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਪਰ ਜੇਕਰ ਅੱਖਾਂ ਦੇ ਦਰਦ ਦੀ ਸਮੱਸਿਆ ਜ਼ਿਆਦਾ ਗੰਭੀਰ ਨਹੀਂ ਹੈ ਤਾਂ ਤੁਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ, ਜੋ ਅੱਖਾਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ।

ਅੱਖਾਂ ਦੇ ਦਰਦ ਦੇ ਕਾਰਨ
ਅੱਖਾਂ ਦਾ ਦਰਦ ਦੋ ਤਰ੍ਹਾਂ ਦਾ ਹੁੰਦਾ ਹੈ, ਪਹਿਲਾ ਔਕੁਲਰ ਦਰਦ ਤੇ ਦੂਜਾ ਔਰਬਿਟਲ ਦਰਦ। ਇਸ ਤਰ੍ਹਾਂ ਦੇ ਦਰਦ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਅੱਖਾਂ ਦੇ ਦਰਦ ਦੀ ਸਮੱਸਿਆ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ–

  1. ਅੱਖਾਂ ’ਚ ਧੂੜ, ਮੈਲ ਆਦਿ ਲੱਗਣ ਕਾਰਨ
  2. ਕਿਸੇ ਵੀ ਕਿਸਮ ਦੀ ਸੱਟ ਕਾਰਨ
  3. ਅੱਖ ਦੀ ਇੰਫੈਕਸ਼ਨ ਕਾਰਨ
  4. ਅੱਖਾਂ ਦੀ ਬੀਮਾਰੀ ਕਾਰਨ
  5. ਅੱਖ ’ਚ ਰਸਾਇਣ ਆਦਿ ਦਾਖ਼ਲ ਹੋਣ ਕਾਰਨ
  6. ਸਕ੍ਰੀਨ (ਕੰਪਿਊਟਰ, ਲੈਪਟਾਪ ਤੇ ਮੋਬਾਇਲ ਆਦਿ) ’ਤੇ ਲਗਾਤਾਰ ਰਹਿਣ ਕਾਰਨ
  7. ਅੱਖਾਂ ਦੇ ਦਰਦ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ੇ

ਅੱਖਾਂ ’ਚ ਦਰਦ ਹੋਣ ਦੀ ਸੂਰਤ ’ਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਤੁਹਾਨੂੰ ਆਮ ਕਾਰਨਾਂ ਕਰਕੇ ਅੱਖਾਂ ਦੇ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਘਰੇਲੂ ਨੁਸਖ਼ੇ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ।

1. ਅੱਖਾਂ ਦੇ ਦਰਦ ਦੀ ਸਮੱਸਿਆ ’ਚ ਗੁਲਾਬ ਜਲ ਦੀ ਵਰਤੋਂ
ਅੱਖਾਂ ਲਈ ਗੁਲਾਬ ਜਲ ਦੀ ਵਰਤੋਂ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਅੱਖਾਂ ਨੂੰ ਸਾਫ਼ ਤੇ ਸੁੰਦਰ ਬਣਾਉਣ ਲਈ ਵੀ ਲੋਕ ਗੁਲਾਬ ਜਲ ਦੀ ਵਰਤੋਂ ਕਰਦੇ ਹਨ। ਜੇਕਰ ਤੁਹਾਨੂੰ ਮੋਬਾਇਲ, ਲੈਪਟਾਪ ਆਦਿ ’ਤੇ ਲਗਾਤਾਰ ਕੰਮ ਕਰਨ ਕਾਰਨ ਜਾਂ ਅੱਖਾਂ ’ਚ ਧੂੜ ਆਦਿ ਕਾਰਨ ਅੱਖਾਂ ’ਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਗੁਲਾਬ ਜਲ ਦੀਆਂ 2 ਬੂੰਦਾਂ ਅੱਖਾਂ ’ਚ ਪਾਉਣ ਨਾਲ ਦਰਦ ਤੇ ਜਲਣ ਤੋਂ ਰਾਹਤ ਮਿਲਦੀ ਹੈ।

2. ਅੱਖਾਂ ਦੇ ਦਰਦ ਲਈ ਆਲੂ
ਖਾਣ ਤੋਂ ਇਲਾਵਾ ਆਲੂ ਦੀ ਵਰਤੋਂ ਨਾਲ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਹਾਨੂੰ ਅੱਖਾਂ ’ਚ ਲਗਾਤਾਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਲਈ ਤੁਸੀਂ ਆਲੂ ਦੇ ਟੁਕੜਿਆਂ ਦੀ ਵਰਤੋਂ ਕਰ ਸਕਦੇ ਹੋ। ਖੀਰੇ ਦੇ ਟੁਕੜੇ ਵਾਂਗ ਆਲੂ ਦੇ ਪਤਲੇ ਟੁਕੜੇ ਅੱਖਾਂ ’ਤੇ ਕੁਝ ਦੇਰ ਤੱਕ ਰੱਖਣ ਨਾਲ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੀਆਂ ਅੱਖਾਂ ’ਚ ਤੇਜ਼ ਦਰਦ ਹੋ ਰਿਹਾ ਹੈ ਤਾਂ ਇਸ ਦੇ ਲਈ ਤੁਸੀਂ ਆਲੂ ਦੇ ਰਸ ਦੀਆਂ ਦੋ ਬੂੰਦਾਂ ਅੱਖਾਂ ’ਚ ਪਾਓ, ਤੁਹਾਨੂੰ ਦਰਦ, ਜਲਨ ਤੇ ਭਾਰੇਪਣ ’ਚ ਫ਼ਾਇਦਾ ਮਿਲੇਗਾ।

3. ਅੱਖਾਂ ਦੇ ਦਰਦ ਦੀ ਸਮੱਸਿਆ ’ਚ ਟੀ ਬੈਗ ਦੀ ਵਰਤੋਂ
ਅੱਖਾਂ ’ਚ ਲਗਾਤਾਰ ਦਰਦ ਹੋਣ ਦੀ ਸਮੱਸਿਆ ’ਚ ਟੀ ਬੈਗਸ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਅੱਖਾਂ ’ਚ ਲਗਾਤਾਰ ਦਰਦ ਤੇ ਜਲਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਇਸ ਲਈ ਵਰਤੇ ਹੋਏ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਪਹਿਲਾਂ ਤੋਂ ਵਰਤੇ ਹੋਏ ਟੀ ਬੈਗ ਨੂੰ ਠੰਡਾ ਹੋਣ ਲਈ ਕੁਝ ਸਮੇਂ ਲਈ ਫਰਿੱਜ ’ਚ ਰੱਖੋ। ਇਸ ਦੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਫਰਿੱਜ ’ਚੋਂ ਬਾਹਰ ਕੱਢ ਕੇ ਕੁਝ ਸਮੇਂ ਲਈ ਆਮ ਹੋਣ ਦਿਓ ਤੇ ਫਿਰ ਅੱਖਾਂ ’ਤੇ ਰੱਖੋ। ਇਹ ਅੱਖਾਂ ਦੇ ਦਰਦ ਤੇ ਜਲਨ ਆਦਿ ’ਚ ਲਾਭ ਦਿੰਦਾ ਹੈ।

4. ਅੱਖਾਂ ਦੇ ਦਰਦ ਲਈ ਤੁਲਸੀ ਦੇ ਪੱਤਿਆਂ ਦੀ ਵਰਤੋਂ
ਅੱਖਾਂ ’ਚ ਇੰਫੈਕਸ਼ਨ ਜਾਂ ਧੂੜ ਹੋਣ ਕਾਰਨ ਹੋਣ ਵਾਲੇ ਦਰਦ ਤੇ ਜਲਣ ’ਚ ਤੁਲਸੀ ਦੀ ਵਰਤੋਂ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਅਜਿਹੀ ਸਮੱਸਿਆ ’ਚ ਤੁਲਸੀ ਦੇ ਪੱਤਿਆਂ ਨੂੰ ਸਾਫ ਪਾਣੀ ’ਚ ਭਿਓਂ ਕੇ ਕਰੀਬ 8 ਘੰਟੇ ਤੱਕ ਪਾਣੀ ’ਚ ਰਹਿਣ ਦਿਓ। ਇਸ ਤੋਂ ਬਾਅਦ ਇਸ ਪਾਣੀ ਨਾਲ ਅੱਖਾਂ ਧੋ ਲਓ। ਅੱਖਾਂ ’ਚ ਦਰਦ ਤੇ ਜਲਨ ਆਦਿ ਦੀ ਸਮੱਸਿਆ ’ਚ ਲਗਾਤਾਰ 5 ਦਿਨਾਂ ਤੱਕ ਅਜਿਹਾ ਕਰਨ ਨਾਲ ਫ਼ਾਇਦਾ ਹੁੰਦਾ ਹੈ।

5. ਅੱਖਾਂ ਦੇ ਦਰਦ ਲਈ ਸ਼ਹਿਦ ਦੀ ਵਰਤੋਂ ਕਰੋ
ਸ਼ਹਿਦ ਦੀ ਵਰਤੋਂ ਨਾਲ ਅੱਖਾਂ ’ਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਯੁਰਵੇਦ ’ਚ ਸ਼ਹਿਦ ਦੀ ਵਰਤੋਂ ਦਵਾਈ ਦੇ ਰੂਪ ’ਚ ਕੀਤੀ ਜਾਂਦੀ ਹੈ, ਸ਼ਹਿਦ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਇਸੇ ਲਈ ਅੱਖਾਂ ਦੀਆਂ ਸਮੱਸਿਆਵਾਂ ’ਚ ਸ਼ਹਿਦ ਦੀ ਵਰਤੋਂ ਫ਼ਾਇਦੇਮੰਦ ਹੁੰਦੀ ਹੈ। ਅੱਖਾਂ ’ਚ ਦਰਦ ਤੇ ਜਲਨ ਹੋਣ ’ਤੇ ਸ਼ਹਿਦ ਦੀ ਇਕ ਬੂੰਦ ਦੀ ਵਰਤੋਂ ਲਾਭਦਾਇਕ ਹੈ। ਤੁਸੀਂ ਸ਼ਹਿਦ ਦੀ 1 ਬੂੰਦ ਅੱਖਾਂ ’ਚ ਪਾਓ, ਇਸ ਨਾਲ ਅੱਖਾਂ ’ਚ ਹਲਕੀ ਜਲਨ ਤਾਂ ਹੋਵੇਗੀ ਪਰ ਅੱਖਾਂ ਦਾ ਦਰਦ ਕੁਝ ਹੀ ਸਮੇਂ ’ਚ ਖ਼ਤਮ ਹੋ ਜਾਵੇਗਾ।

ਨੋਟ– ਜੇਕਰ ਤੁਹਾਨੂੰ ਅੱਖਾਂ ’ਚ ਦਰਦ ਜਾਂ ਜਲਨ ਦੀ ਸਮੱਸਿਆ ਹੈ ਤਾਂ ਇਨ੍ਹਾਂ ਨੁਸਖ਼ਿਆਂ ਦੀ ਵਰਤੋ ਬਹੁਤ ਫ਼ਾਇਦੇਮੰਦ ਹੋਵੇਗੀ ਪਰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


sunita

Content Editor

Related News