ਚਿਹਰੇ 'ਤੇ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦੈ ਮਹਿੰਗਾ ! ਜਾਣੋ ਇਸ ਦੇ ਮੁੱਖ ਕਾਰਨ ਅਤੇ ਘਰੇਲੂ ਉ
Friday, May 22, 2026 - 10:55 AM (IST)
ਹੈਲਥ ਡੈਸਕ - ਬਦਲਦੇ ਮੌਸਮ, ਪ੍ਰਦੂਸ਼ਣ ਅਤੇ ਖ਼ਰਾਬ ਖਾਣ-ਪੀਣ ਦੇ ਕਾਰਨ ਅੱਜ-ਕੱਲ੍ਹ ਚਿਹਰੇ ਦੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ 'ਚੋਂ ਇਕ ਮੁੱਖ ਸਮੱਸਿਆ ਹੈ ਚਿਹਰੇ 'ਤੇ ਅਚਾਨਕ ਤੱਫੜ (ਜਿਸ ਨੂੰ ਆਮ ਭਾਸ਼ਾ 'ਚ ਛਪਾਕੀ ਅਤੇ ਡਾਕਟਰੀ ਭਾਸ਼ਾ 'ਚ ਹਾਈਵਜ਼ ਜਾਂ ਅਰਟੀਕੇਰੀਆ ਕਿਹਾ ਜਾਂਦੈ) ਪੈ ਜਾਣਾ। ਇਸ 'ਚ ਚਿਹਰੇ ਦੀ ਸਕਿਨ ਲਾਲ ਹੋ ਜਾਂਦੀ ਹੈ, ਉੱਭਰ ਆਉਂਦੀ ਹੈ ਅਤੇ ਤੇਜ਼ ਖਾਰਸ਼ ਤੇ ਜਲਨ ਹੁੰਦੀ ਹੈ। ਸਿਹਤ ਮਾਹਰਾਂ ਅਨੁਸਾਰ, ਇਹ ਸਾਡੇ ਸਰੀਰ ਦੇ ਇਮਿਊਨ ਸਿਸਟਮ (ਪ੍ਰਤੀਰੋਧਕ ਪ੍ਰਣਾਲੀ) ਵੱਲੋਂ ਕਿਸੇ ਗੜਬੜੀ ਕਾਰਨ ਦਿੱਤੀ ਗਈ ਤੁਰੰਤ ਪ੍ਰਤੀਕਿਰਿਆ ਹੁੰਦੀ ਹੈ।
ਚਿਹਰੇ 'ਤੇ ਤੱਫੜ ਪੈਣ ਦੇ ਮੁੱਖ ਕਾਰਨ :-
ਖਾਣ-ਪੀਣ ਅਤੇ ਚੀਜ਼ਾਂ ਤੋਂ ਐਲਰਜੀ
- ਕੁਝ ਖ਼ਾਸ ਚੀਜ਼ਾਂ ਜਿਵੇਂ ਮੂੰਗਫਲੀ, ਆਂਡਾ, ਦੁੱਧ, ਧੂੜ-ਮਿੱਟੀ ਜਾਂ ਪਾਲਤੂ ਜਾਨਵਰਾਂ ਦੇ ਵਾਲਾਂ ਤੋਂ ਐਲਰਜੀ ਕਾਰਨ ਚਿਹਰੇ 'ਤੇ ਤੱਫੜ ਉੱਭਰ ਆਉਂਦੇ ਹਨ।
ਗ਼ਲਤ ਬਿਊਟੀ ਪ੍ਰੋਡਕਟਸ ਦੀ ਵਰਤੋਂ
- ਚਿਹਰੇ 'ਤੇ ਵਰਤਿਆ ਜਾਣ ਵਾਲਾ ਕੋਈ ਨਵਾਂ ਕ੍ਰੀਮ, ਫੇਸਵਾਸ਼, ਸਾਬਣ ਜਾਂ ਮੇਕਅੱਪ ਦਾ ਸਾਮਾਨ ਜੇਕਰ ਸਕਿਨ ਨੂੰ ਸੂਟ ਨਾ ਕਰੇ, ਤਾਂ ਕੈਮੀਕਲ ਰਿਐਕਸ਼ਨ ਹੋ ਸਕਦਾ ਹੈ।
ਦਵਾਈਆਂ ਦਾ ਸਾਈਡ ਇਫੈਕਟ
- ਡਾਕਟਰ ਦੀ ਸਲਾਹ ਤੋਂ ਬਿਨਾਂ ਖਾਧੀਆਂ ਗਈਆਂ ਕੁਝ ਐਂਟੀਬਾਇਓਟਿਕਸ ਜਾਂ ਤੇਜ਼ ਦਰਦ ਨਿਵਾਰਕ ਦਵਾਈਆਂ ਕਾਰਨ ਵੀ ਇਹ ਸਮੱਸਿਆ ਹੋ ਜਾਂਦੀ ਹੈ।
ਮੌਸਮ ਅਤੇ ਪਸੀਨਾ
- ਬਹੁਤ ਜ਼ਿਆਦਾ ਤੇਜ਼ ਧੁੱਪ, ਗਰਮੀ, ਜ਼ਿਆਦਾ ਸਰਦੀ ਜਾਂ ਬਹੁਤ ਪਸੀਨਾ ਆਉਣ ਕਰਕੇ ਵੀ ਸਕਿਨ 'ਤੇ ਛਪਾਕੀ ਦੇ ਨਿਸ਼ਾਨ ਬਣ ਜਾਂਦੇ ਹਨ।
ਮਾਨਸਿਕ ਤਣਾਅ
- ਬਹੁਤ ਜ਼ਿਆਦਾ ਸਟ੍ਰੈੱਸ ਲੈਣ ਨਾਲ ਸਰੀਰ 'ਚ ਅਜਿਹੇ ਹਾਰਮੋਨਸ ਰਿਲੀਜ਼ ਹੁੰਦੇ ਹਨ, ਜੋ ਚਿਹਰੇ 'ਤੇ ਤੱਫੜਾਂ ਦਾ ਕਾਰਨ ਬਣਦੇ ਹਨ।
ਰਾਹਤ ਪਾਉਣ ਦੇ ਆਸਾਨ ਘਰੇਲੂ ਉਪਾਅ :-
ਬਰਫ਼ ਦੀ ਸੇਕ
- ਤੱਫੜਾਂ ਵਾਲੀ ਜਗ੍ਹਾ 'ਤੇ ਸੂਤੀ ਕੱਪੜੇ 'ਚ ਬਰਫ਼ ਲਪੇਟ ਕੇ ਹਲਕੀ ਸੇਕ ਦਿਓ। ਇਸ ਨਾਲ ਖਾਰਸ਼ ਅਤੇ ਸੋਜ ਤੋਂ ਤੁਰੰਤ ਰਾਹਤ ਮਿਲੇਗੀ।
ਐਲੋਵੇਰਾ ਜੈੱਲ
- ਚਿਹਰੇ 'ਤੇ ਤਾਜ਼ਾ ਐਲੋਵੇਰਾ ਜੈੱਲ ਲਗਾਓ। ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਕਿਨ ਦੀ ਜਲਨ ਨੂੰ ਸ਼ਾਂਤ ਕਰਦੇ ਹਨ।
ਨਾਰੀਅਲ ਤੇਲ
- ਜੇਕਰ ਤੱਫੜਾਂ 'ਚ ਬਹੁਤ ਜ਼ਿਆਦਾ ਖਾਰਸ਼ ਹੋ ਰਹੀ ਹੈ, ਤਾਂ ਹਲਕਾ ਜਿਹਾ ਸ਼ੁੱਧ ਨਾਰੀਅਲ ਤੇਲ ਲਗਾਉਣ ਨਾਲ ਫਾਇਦਾ ਹੁੰਦਾ ਹੈ।
ਖਾਰਸ਼ ਕਰਨ ਤੋਂ ਬਚੋ
- ਤੱਫੜਾਂ ਨੂੰ ਨਹੁੰਆਂ ਨਾਲ ਬਿਲਕੁਲ ਨਾ ਖੁਰਕੋ, ਨਹੀਂ ਤਾਂ ਇਨਫੈਕਸ਼ਨ ਵਧ ਸਕਦੀ ਹੈ ਅਤੇ ਚਿਹਰੇ 'ਤੇ ਪੱਕੇ ਨਿਸ਼ਾਨ ਪੈ ਸਕਦੇ ਹਨ।
ਮਾਹਰਾਂ ਦੀ ਵਿਸ਼ੇਸ਼ ਚੇਤਾਵਨੀ
- ਜੇਕਰ ਚਿਹਰੇ ਦੇ ਤੱਫੜਾਂ ਦੇ ਨਾਲ-ਨਾਲ ਬੁੱਲ੍ਹ, ਅੱਖਾਂ ਜਾਂ ਗਲੇ 'ਚ ਸੋਜ ਆ ਰਹੀ ਹੋਵੇ ਅਤੇ ਸਾਹ ਲੈਣ 'ਚ ਤਕਲੀਫ਼ ਹੋਵੇ, ਤਾਂ ਇਸ ਨੂੰ ਬਿਲਕੁਲ ਵੀ ਹਲਕੇ 'ਚ ਨਾ ਲਓ। ਇਹ ਇਕ ਗੰਭੀਰ ਐਲਰਜਿਕ ਰਿਐਕਸ਼ਨ ਹੋ ਸਕਦਾ ਹੈ, ਅਜਿਹੀ ਸਥਿਤੀ 'ਚ ਬਿਨਾਂ ਦੇਰੀ ਕੀਤੇ ਤੁਰੰਤ ਡਾਕਟਰ ਕੋਲ ਜਾਓ।
