ਬੱਚਿਆਂ ਨੂੰ ਰੋਜ਼ਾਨਾ ਡਾਂਟਣਾ ਪੈ ਸਕਦਾ ਹੈ ਭਾਰੀ, ਦਿਮਾਗ ''ਤੇ ਪੈ ਰਿਹੈ ਬੁਰਾ ਅਸਰ
Tuesday, May 12, 2026 - 09:53 AM (IST)
ਕੈਲੀਫੋਰਨੀਆ - ਅਜੋਕੇ ਸਮੇਂ 'ਚ ਮਾਪੇ ਅਕਸਰ ਬੱਚਿਆਂ ਨੂੰ ਅਨੁਸ਼ਾਸਨ 'ਚ ਰੱਖਣ ਲਈ ਡਾਂਟ-ਫਟਕਾਰ ਦਾ ਸਹਾਰਾ ਲੈਂਦੇ ਹਨ ਪਰ ਇਕ ਤਾਜ਼ਾ ਅਧਿਐਨ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਅਮਰੀਕਾ 'ਚ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਦੀ ਡਾਂਟ-ਫਟਕਾਰ ਬੱਚਿਆਂ ਨੂੰ ਨਾ ਸਿਰਫ਼ ਮਾਨਸਿਕ ਬਲਕਿ ਸਰੀਰਕ ਤੌਰ 'ਤੇ ਵੀ ਬਿਮਾਰ ਬਣਾ ਰਹੀ ਹੈ।
ਦਿਮਾਗ ਦੀ ਬਣਤਰ 'ਤੇ ਪੈ ਰਿਹਾ ਅਸਰ
ਵਿਗਿਆਨੀਆਂ ਨੇ MRI ਸਕੈਨ ਰਾਹੀਂ ਦੇਖਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਬਚਪਨ 'ਚ ਜ਼ਿਆਦਾ ਅਪਮਾਨ ਜਾਂ ਡਾਂਟ ਝੱਲਣੀ ਪਈ, ਉਨ੍ਹਾਂ ਦੇ ਦਿਮਾਗ ਦੇ ਕੁਝ ਖਾਸ ਹਿੱਸੇ ਆਮ ਬੱਚਿਆਂ ਦੇ ਮੁਕਾਬਲੇ ਛੋਟੇ ਰਹਿ ਜਾਂਦੇ ਹਨ। ਇਹ ਹਿੱਸੇ ਯਾਦਦਾਸ਼ਤ, ਸਿੱਖਣ ਦੀ ਸਮਰੱਥਾ ਅਤੇ ਭਾਵਨਾਵਾਂ ਨੂੰ ਕੰਟਰੋਲ ਕਰਦੇ ਹਨ।
ਸਰੀਰਕ ਬਿਮਾਰੀਆਂ ਦਾ ਖਤਰਾ
ਜਦੋਂ ਮਾਪੇ ਬੱਚਿਆਂ 'ਤੇ ਚੀਕਦੇ ਹਨ, ਤਾਂ ਬੱਚੇ ਦਾ ਸਰੀਰ 'ਫਾਈਟ ਜਾਂ ਫਲਾਈਟ' ਮੋਡ 'ਚ ਚਲਾ ਜਾਂਦਾ ਹੈ, ਜਿਸ ਨਾਲ ਕੋਰਟੀਸੋਲ ਵਰਗੇ ਤਣਾਅ ਵਾਲੇ ਹਾਰਮੋਨਾਂ ਦਾ ਪੱਧਰ ਵਧ ਜਾਂਦਾ ਹੈ। ਲੰਬੇ ਸਮੇਂ ਤੱਕ ਅਜਿਹਾ ਹੋਣ ਨਾਲ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਉਹ ਵਾਰ-ਵਾਰ ਬਿਮਾਰ ਪੈਣ ਲੱਗਦੇ ਹਨ ਅਤੇ ਉਨ੍ਹਾਂ ਨੂੰ ਬੁਖਾਰ, ਪਾਚਨ ਦੀਆਂ ਸਮੱਸਿਆਵਾਂ ਅਤੇ ਸਿਰਦਰਦ ਵਰਗੀਆਂ ਸ਼ਿਕਾਇਤਾਂ ਰਹਿਣ ਲੱਗਦੀਆਂ ਹਨ।
ਖੋਜ ਦੇ ਮੁੱਖ ਨੁਕਤੇ :-
ਆਤਮ-ਵਿਸ਼ਵਾਸ ਦੀ ਕਮੀ
- ਜ਼ਿਆਦਾ ਡਾਂਟ ਖਾਣ ਵਾਲੇ ਬੱਚਿਆਂ ਦਾ ਆਤਮ-ਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।
ਵਿਵਹਾਰ 'ਚ ਬਦਲਾਅ
- ਅਜਿਹੇ ਬੱਚੇ ਅਕਸਰ ਚਿੜਚਿੜੇ ਜਾਂ ਸੁਸਤ ਹੋ ਜਾਂਦੇ ਹਨ ਅਤੇ ਭਾਵਨਾਵਾਂ ਨੂੰ ਸਮਝਣ 'ਚ ਪਿੱਛੇ ਰਹਿ ਜਾਂਦੇ ਹਨ।
ਡਰ ਅਤੇ ਤਣਾਅ
- ਬੱਚਾ ਹਰ ਸਮੇਂ ਡਰ ਅਤੇ ਤਣਾਅ ਦੇ ਸਾਏ ਹੇਠ ਜਿਉਣਾ ਸ਼ੁਰੂ ਕਰ ਦਿੰਦਾ ਹੈ।
ਮਾਪਿਆਂ ਲਈ ਮਾਹਰਾਂ ਦੀ ਸਲਾਹ :-
ਮਾਹਰਾਂ ਅਨੁਸਾਰ ਬੱਚਿਆਂ ਨੂੰ ਸੁਧਾਰਨ ਲਈ ਡਾਂਟਣ ਦੀ ਬਜਾਏ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ:
ਆਵਾਜ਼ ਦੀ ਵਰਤੋਂ
- ਆਪਣੀ ਆਵਾਜ਼ ਧੀਮੀ ਰੱਖੋ ਪਰ ਲਹਿਜ਼ਾ ਸਖ਼ਤ ਰੱਖੋ ਤਾਂ ਜੋ ਬੱਚਾ ਗੱਲ ਦੀ ਗੰਭੀਰਤਾ ਸਮਝੇ, ਨਾ ਕਿ ਡਰੇ।
ਸੰਵਾਦ ਰਚਾਓ
- ਬੱਚੇ ਨੂੰ ਡਾਂਟਣ ਦੀ ਬਜਾਏ ਉਸ ਕੋਲੋਂ ਪੁੱਛੋ ਕਿ ਉਸ ਨੇ ਅਜਿਹਾ ਕਿਉਂ ਕੀਤਾ।
ਵਿਵਹਾਰ ਨੂੰ ਨਿਸ਼ਾਨਾ ਬਣਾਓ
- ਬੱਚੇ ਨੂੰ ਇਹ ਨਾ ਕਹੋ ਕਿ 'ਤੂੰ ਬੁਰਾ ਹੈਂ', ਸਗੋਂ ਇਹ ਸਮਝਾਓ ਕਿ ਉਸ ਦਾ 'ਕੰਮ ਬੁਰਾ ਸੀ'।
ਸ਼ਾਂਤ ਹੋ ਕੇ ਸਮਝਾਓ
- ਜੇਕਰ ਗੁੱਸਾ ਆ ਰਿਹਾ ਹੋਵੇ ਤਾਂ ਉਸ ਸਮੇਂ ਚੀਕਣ ਤੋਂ ਪਰਹੇਜ਼ ਕਰੋ ਅਤੇ ਸ਼ਾਂਤ ਹੋਣ ਤੋਂ ਬਾਅਦ ਬੱਚੇ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਓ।
