ਇਲਾਜ ਤੋਂ ਬਿਹਤਰ ਹੈ ਪਰਹੇਜ਼, ਸਿਹਤਮੰਦ ਰਹਿਣ ਲਈ ਅਪਣਾਓ ‘ਯੋਗ’

06/21/2024 3:57:11 PM

21 ਜੂਨ 2015 ਤੋਂ ਕੌਮਾਂਤਰੀ ਯੋਗ ਦਿਵਸ ਦੀ ਪਹਿਲ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੀ ਹੈ। ਤਪਦੇ ਰੇਗਿਸਤਾਨ ਤੋਂ ਲੈ ਕੇ ਸਿਆਚਿਨ ਦੀਆਂ ਬਰਫੀਲੀ ਚੋਟੀਆਂ ਸਣੇ ਦਿੱਲੀ ਤੋਂ ਡੈਨਮਾਰਕ, ਪੰਜਾਬ ਤੋਂ ਪੈਰਿਸ, ਆਰਕਟਿਕ ਤੋਂ ਲੈ ਕੇ ਅੰਟਾਰਕਟਿਕਾ ਤਕ ਇਹ ਖਾਸ ਦਿਨ ਯੋਗਮਈ ਹੁੰਦਾ ਹੈ। ਯੋਗ ਕਿਸੇ ਇਕ ਦਿਨ ਵਿਸ਼ੇਸ਼ ਲਈ ਆਯੋਜਨ ਤਕ ਸੀਮਤ ਨਹੀਂ ਹੈ ਸਗੋਂ ਹਰ ਦਿਨ ਇਕ ਨਵੀਂ ਉਮੰਗ ਨਾਲ ਜ਼ਿੰਦਗੀ ਜਿਊਣ ਦੀ ਪ੍ਰਕਿਰਿਆ ਹੈ।
ਇਤਿਹਾਸ
ਜੂਨ ਦੀ ਤਪਦੀ 21 ਤਰੀਕ ਨੂੰ ਉੱਤਰੀ ਗੋਲਾਰਧ ’ਚ ਸਥਿਤ ਸੂਰਜ ਦਾ ਪ੍ਰਕਾਸ਼ ਸਭ ਤੋਂ ਲੰਬੇ ਸਮੇਂ ਤਕ ਰਹਿਣ ਦੀ ਵਜ੍ਹਾ ਨਾਲ ਸਾਲ ਦੇ ਇਸ ਸਭ ਤੋਂ ਵੱਡੇ ਦਿਨ ਨੂੰ ਹੋਰ ਵੱਡਾ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ’ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਹਮਣੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਰੂਪ ’ਚ ਮਨਾਉਣ ਦਾ ਸੁਝਾਅ ਰੱਖਿਆ ਸੀ। ਮਹਾਸਭਾ ਦੇ 193 ਮੈਂਬਰ ਦੇਸ਼ਾਂ ’ਚੋਂ 175 ਦੇਸ਼ਾਂ ਦੀ ਮਨਜ਼ੂਰੀ ਨਾਲ 21 ਜੂਨ 2015 ਨੂੰ ਮਨਾਏ ਗਏ ਪਹਿਲੇ ਕੌਮਾਂਤਰੀ ਯੋਗ ਦਿਵਸ ਤੋਂ ਲੈ ਕੇ ਇਸ ਵਾਰ ਦਸਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਪੂਰੀ ਦੁਨੀਆ ਯੋਗਲੀਨ ਹੈ।
ਸਾਡੇ ਵੇਦਾਂ ’ਚ ਸਪਤ ਰਿਸ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ’ਚ ਇਕ ਰਿਸ਼ੀ ਅਗਸਤਯ ਮੁਨੀ ਨੇ ਯੋਗ ਨੂੰ ਜੀਵਨ ਪੱਧਤੀ ਦਾ ਅਹਿਮ ਹਿੱਸਾ ਬਣਾਉਣ ’ਚ ਵੱਡਾ ਯੋਗਦਾਨ ਦਿੱਤਾ। ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਮਹਾਰਿਸ਼ੀ ਪਤੰਜਲੀ ਨੇ ‘ਪਤਜੰਲੀ ਯੋਗ ਸੂਤਰ’ ਰਾਹੀਂ ਸਹਿਜ ਯੋਗ ਦਾ ਪਰਿਚੈ ਕਰਵਾਇਆ। 
ਬੀਤੇ 9 ਸਾਲਾਂ ਤੋਂ ਕੌਮਾਂਤਰੀ ਯੋਗ ਦਿਵਸ ‘ਸਰਵੇ ਭਵੰਤੂ ਸੁਖਿਨ’ ਦਾ ਭਾਵ ‘ਵਸੂਧੈਵ ਕੁਟੁੰਬਕਮ’ ਭਾਵ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨ ਕੇ ਸਾਕਾਰ ਕਰ ਰਿਹਾ ਹੈ।
ਯੋਗ ਵਰਗੀ ‘ਸਾਫਟ, ਸਮਾਰਟ ਸਕਿਲ’ ਦੇ ਦਮ ’ਤੇ ਜਿਥੇ ਭਾਰਤ ਪੂਰੀ ਦੁਨੀਆ ਨੂੰ ਦਿਸ਼ਾ ਦੇਣ ’ਚ ਸਮਰਥ ਹੈ।
ਕੌਮਾਂਤਰੀ ਯੋਗ ਦਿਵਸ ਦੇ ਮੌਕੇ ’ਤੇ ਆਯੋਜਿਤ ਪ੍ਰੋਗਰਾਮਾਂ ’ਚ ਯੋਗ ਦਾ ਅਭਿਆਸ ਕਰਦੇ ਵੀ. ਵੀ. ਆਈ. ਪੀਜ, ਸੈਲੀਬ੍ਰਿਟੀਜ਼  ਅਤੇ ਆਮ ਲੋਕਾਂ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਤਸਵੀਰਾਂ ਅਤੇ ‘ਰੀਲਸ’  ਫਜ਼ੂਲ ਹਨ,  ਜੇਕਰ ‘ਰੀਅਲ’ ਰੁਟੀਨ ’ਚ ਯੋਗ ਨਹੀਂ। 
ਹਾਂ-ਪੱਖੀ ਸੋਚ ਅਤੇ ਖੁਸ਼ੀ ਦਾ ਬੀਜ ਮੰਤਰ ਯੋਗ ਹੈ, ਪਰ ਚਿੰਤਾ ਦੀ ਗੱਲ ਹੈ ਕਿ 2023 ਦੀ ‘ਵਰਲਡ ਹੈਪੀਨੈੱਸ ਇੰਡੈਕਸ’ ਰਿਪੋਰਟ ਵਿਚ ਸ਼ਾਮਲ 156 ਦੇਸ਼ਾਂ  ਵਿਚ 136ਵੇਂ ਨੰਬਰ ’ਤੇ ਭਾਰਤ ਆਪਣੇ ਗੁਆਂਢੀ ਬੰਗਲਾਦੇਸ਼ (99) ਅਤੇ ਪਾਕਿਸਤਾਨ (103) ਵਰਗੇ ਦੇਸ਼ਾਂ ਤੋਂ ਵੀ ਪਿੱਛੇ ਹੈ। ਯੁੱਧ ਨਾਲ ਜੂਝ ਰਹੇ ਰੂਸ, ਯੂਕ੍ਰੇਨ ਵੀ 74ਵੇਂ ਅਤੇ 108ਵੇਂ ਥਾਂ ’ਤੇ ਰਹੇ।
ਵਰਲਡ ਹੈਪੀਨੈੱਸ ਇੰਡੈਕਸ ਤੈਅ ਕਰਨ ਦੇ 6 ਪੈਮਾਨਿਆਂ ’ਚੋਂ ਇਕ ਸਿਹਤਮੰਦ ਜ਼ਿੰਦਗੀ ਦੀ ਉਮੀਦ ਵੀ ਹੈ, ਜੋ ਯੋਗ ਨਾਲ ਪੂਰੀ ਕੀਤੀ ਜਾ ਸਕਦੀ ਹੈ।
‘ਯੋਗ ਭਜਾਏ ਰੋਗ’ ਦਾ ਸੰਦੇਸ਼ ਦੁਨੀਆ ਨੂੰ ਦੇਣ ਵਾਲੇ ਭਾਰਤ ਦੇ ਹੀ ਜ਼ਿਆਦਾ ਲੋਕ ਰੋਗ ਨਾਲ ਘਿਰੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਅਨੁਸਾਰ, ‘‘ਅਮੇਰਿਕਾ ਅਤੇ ਚੀਨ ਤੋਂ ਬਾਅਦ ਭਾਰਤ ’ਚ ਸਭ ਤੋਂ ਵੱਧ 20 ਕਰੋੜ ਡਿਪ੍ਰੈਸ਼ਨ ਦੇ ਸਿਕਾਰ ਹਨ। 42 ਫੀਸਦੀ ਕਰਮਚਾਰੀ ਡਿਪ੍ਰੈਸ਼ਨ ਅਤੇ ਐੈਂਗਜਾਇਟੀ ਤੋਂ ਪੀੜਤ ਹਨ।’’
ਦੁਨੀਆ ਦੀ ‘ਡਾਈਬਟੀਜ਼ ਕੈਪੀਟਲ’ ਭਾਰਤ ’ਚ ਪੂਰੀ ਦੁਨੀਆ ਦੇ ਕੁਲ ਡਾਈਬਟੀਜ਼ ਮਰੀਜ਼ਾਂ ’ਚੋਂ 20 ਫੀਸਦੀ ਹੈ। ਤਾਜਾ ਅੰਕੜਿਆਂ ਅਨੁਸਾਰ ਭਾਰਤ ’ਚ 10 ਕਰੋੜ ਤੋਂ ਵੱਧ ਲੋਕ ਸ਼ੂਗਰ ਦੀ ਲਪੇਟ ’ਚ ਹਨ। ਇਸ ਬੀਮਾਰੀ ਦਾ ਸਭ ਤੋਂ ਵੱਡਾ ਕਾਰਨ ਖਰਾਬ ਜੀਵਨਸ਼ੈਲੀ ਹੈ, ਜਦਕਿ ਸਰਲ ਇਲਾਜ ਯੋਗ ਹੈ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.) ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਹਰ 16 ’ਚੋਂ ਇਕ ਮਹਿਲਾ ਹੈ ਅਤੇ 25 ’ਚੋਂ ਇਕ ਮਰਦ ਮੋਟਾਪੇ ਦਾ ਸ਼ਿਕਾਰ ਹੈ। ਦੇਸ਼ ਭਰ ’ਚ ਪੰਜਾਬ ਸਭ ਤੋਂ ਵੱਧ ਮੋਟਾਪੇ ਦੀ ਦਰ ਵਾਲਾ ਸੂਬਾ ਹੈ, ਇਥੋਂ ਦੀਆਂ 14.2 ਫੀਸਦੀ ਔਰਤਾਂ ਅਤੇ 8.3 ਫੀਸਦੀ ਮਰਦ ਮੋਟਾਪੇ ਤੋਂ ਗ੍ਰਸਤ ਹਨ।
ਬੀਮਾਰੀਆਂ ਦੇ ਹੜ੍ਹ ਤੋਂ ਬਚਣ ਲਈ ਹਰ ਰੋਜ਼ 24 ਘੰਟਿਆਂ ’ਚੋਂ 24 ਮਿੰਟ ਵੀ ਯੋਗ ਕਰੀਏ ਤਾਂ ਅਸੀਂ ਆਪਣੀ ਮਿਹਨਤ ਦੀ ਜਮ੍ਹਾਂਪੂੰਜੀ ਨੂੰ ਹਸਪਤਾਲਾਂ ’ਚ ਇਲਾਜ ’ਤੇ ਲੁਟਾਉਣ ਤੋਂ ਬਚ ਸਕਦੇ ਹਾਂ। ਪਹਿਲਾਂ ਹੀ ਮਰੀਜ਼ਾਂ ਨਾਲ ਭਰੇ ਹਸਪਤਾਲਾਂ ’ਚ ਇਲਾਜ ’ਤੇ ਲੱਖਾਂ ਰੁਪਏ ਲੁਟਾਉਣ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਕਿ ਤੁਹਾਡੇ ਰਿਸ਼ਤੇਦਾਰ ਪੂਰੀ ਤਰ੍ਹਾਂ ਨਾਲ ਠੀਕ ਹੋ ਕੇ ਘਰ ਵਾਪਸ ਪਰਤਣਗੇ ਜਾਂ ਨਹੀਂ। ਇਲਾਜ ਤੋਂ ਬਿਹਤਰ ਪ੍ਰਹੇਜ ਹੈ।
ਬੀਤੇ 40 ਸਾਲਾਂ ਤੋਂ ਯੋਗ ਅਭਿਆਸ ਦੇ ਅਨੁਭਵ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਰੋਜ਼ ਯੋਗ ਨੂੰ ਅਪਣਾਉਣ, ਤਾਂਕਿ ਬੀਮਾਰੀਆਂ ਤੋਂ ਦੂਰ ਤੁਹਾਡੇ ਘਰ ’ਚ ਇਕ ਨਵੀਂ ਸ਼ਕਤੀ ਦਾ ਸੰਚਾਰ ਹੋਵੇ। ‘ਇਮਿਊਨਿਟੀ’ ਭਾਵ ਸਰੀਰ ’ਚ ਰੋਗਾਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੋਵੇਗੀ ਤਾਂ ਬੀਮਾਰੀਆਂ ਨੇੜੇ ਨਹੀਂ ਆਉਂਦੀਆਂ। ਯੋਗ ਦੇ ਕਈ ਆਸਣ ਜਿਵੇਂ ਪ੍ਰਾਣਾਯਾਮ, ਅਨੁਲੋਮ-ਵਿਲੋਮ, ਕਪਾਲਭਾਤੀ, ਭ੍ਰਾਮਰੀ ਵਰਗੇ ਸਾਡੇ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
‘ਸੂਰਿਆ ਨਮਸਕਾਰ’ ਦਾ ਚਮਤਕਾਰ ਵੀ ਘੱਟ ਨਹੀਂ ਹੈ। ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏ. ਆਈ. ਆਈ. ਏ.) ਵੱਲੋਂ ਜਾਰੀ ਰਿਪੋਰਟ ‘ਸਾਇੰਸ ਬਿਹਾਈਂਡ ਸੂਰਿਆ ਨਮਸਕਾਰ’ ਦੇ ਅਨੁਸਾਰ, ‘‘ਵਿਗਿਆਨ ਨੇ ਸੂਰਜ ਦੀਆਂ ਇਲਾਜ ਸ਼ਕਤੀਆਂ ਅਤੇ ਸੂਰਿਆ ਨਮਸਕਾਰ ਦੇ ਸਿਹਤਮੰਦ ਲਾਭਾਂ ਨੂੰ ਮਾਨਤਾ ਦਿੱਤੀ ਹੈ। ਸੂਰਿਆ ਨਮਸਕਾਰ ਦਾ ਅਭਿਆਸ ਸਰੀਰ ਵਿਚ ਜ਼ਰੂਰੀ ਵਿਟਾਮਿਨ ‘ਡੀ’ ਨੂੰ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਸੂਰਿਆ ਨਮਸਕਾਰ ਦੇ 12 ਆਸਣਾਂ ਦਾ ਅਭਿਆਸ ਜੀਵਨ ’ਚ ਸਹਿਜਤਾ ਅਤੇ ਅਗਵਾਈ ਸਮਰੱਥਾ ਨੂੰ ਵਧਾਉਂਦਾ ਹੈ।’’
ਅਮਰੀਕਾ ਕਾਲਜ ਆਫ ਸਪੋਰਟਸ ਮੈਡੀਸਨ ਵਿਚ  ਇਲਾਜ ਦੀ ਪ੍ਰਕਿਰਿਆ ਵਿਚ ਵੀ ਯੋਗ ਸ਼ਾਮਲ ਹੈ। ਜਿਊਣ ਦੀ ਕਲਾ ਯੋਗ ਨੂੰ ਕੌਮਾਂਤਰੀ ਯੋਗ ਦਿਵਸ ਦੇ ਇਕ ਆਯੋਜਨ ਤੱਕ ਹੀ ਸੀਮਤ ਨਾ ਰੱਖਦੇ ਹੋਏ ਇਕ ਦਿਨ ਦੇ 24 ਮਿੰਟ ਵੀ ਯੋਗ ਕਰੀਏ ਤਾਂ ਕਈ  ਸਰੀਰਿਕ ਅਤੇ ਮਾਨਸਿਕ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ। ਜੀਵਨ ਦੀ ਅਸਲੀ ਕਮਾਈ ਨਿਰੋਗ ਸਰੀਰ ਹੈ ਅਤੇ ਇਸ ਦਾ ਆਧਾਰ ਸਿਰਫ ਯੋਗ ਹੈ।
(ਲੇਖਕ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ’ਚ ਡਾਇਰੈਕਟਰ ਹਨ)

—ਡਾ. ਰਾਜ ਸਿੰਘ—


Aarti dhillon

Content Editor

Related News