ਵਾਲਾਂ ਲਈ ਵਰਦਾਨ ਹਨ ਗੰਢੇ, ਜਾਣੋ ਕਿਵੇਂ ਕਰਨੀ ਹੈ ਸਹੀ ਵਰਤੋਂ, ਹਫ਼ਤਿਆਂ ’ਚ ਦਿਸੇਗਾ ਅਸਰ
Thursday, Jun 22, 2023 - 11:25 AM (IST)

ਜਲੰਧਰ (ਬਿਊਰੋ)– ਘੰਟਿਆਂ ਬੱਧੀ ਇਲੈਕਟ੍ਰਾਨਿਕ ਗੈਜੇਟਸ ਦੇ ਸਾਹਮਣੇ ਸਮਾਂ ਬਿਤਾਉਣ, ਤਣਾਅ ਤੇ ਪ੍ਰਦੂਸ਼ਣ ਵਧਣ ਕਾਰਨ ਸਾਡੀ ਚਮੜੀ ਤੇ ਵਾਲ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਪਹਿਲਾਂ ਦੇ ਮੁਕਾਬਲੇ ਔਰਤਾਂ ਤੇ ਮਰਦਾਂ ਦੋਵਾਂ ਦੇ ਬਹੁਤ ਛੋਟੀ ਉਮਰ ’ਚ ਵਾਲ ਝੜਨੇ ਸ਼ੁਰੂ ਹੋ ਗਏ ਹਨ। ਇਸ ਦਾ ਫ਼ਾਇਦਾ ਚੁੱਕਦਿਆਂ ਕਈ ਹੇਅਰ ਕੇਅਰ ਪ੍ਰੋਡਕਟਸ ਬਾਜ਼ਾਰ ’ਚ ਆਪਣੀ ਜਗ੍ਹਾ ਬਣਾ ਰਹੇ ਹਨ ਪਰ ਅੱਜ ਵੀ ਅਸੀਂ ਕੁਝ ਘਰੇਲੂ ਨੁਸਖ਼ਿਆਂ ’ਤੇ ਪੂਰਾ ਵਿਸ਼ਵਾਸ ਰੱਖਦੇ ਹਾਂ। ਉਦਾਹਰਣ ਲਈ ਵਾਲ ਝੜਨ ਨੂੰ ਰੋਕਣ ਲਈ ਗੰਢੇ ਦੀ ਵਰਤੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਅੱਜ ਅਸੀਂ ਇਥੇ ਇਸ ਗੱਲ ਦੀ ਜਾਂਚ ਕਰਾਂਗੇ ਕਿ ਕੀ ਗੰਢੇ ਤੁਹਾਡੇ ਵਾਲਾਂ ਦੇ ਵਾਧੇ ਲਈ, ਵਾਲਾਂ ਦੇ ਝੜਨ ਨੂੰ ਘੱਟ ਕਰਨ ਲਈ ਅਸਲ ’ਚ ਫ਼ਾਇਦੇਮੰਦ ਹੈ ਜਾਂ ਨਹੀਂ?
ਗੰਢੇ ਵਾਲ ਝੜਨ ਨੂੰ ਕਿਵੇਂ ਰੋਕਦੇ ਹਨ?
ਗੰਢੇ ’ਚ ਸਲਫਰ ਵੱਡੀ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਟੁੱਟਣ ਤੇ ਪਤਲੇ ਹੋਣ ਤੋਂ ਰੋਕਦਾ ਹੈ। ਸਲਫਰ ਸਾਡੀ ਚਮੜੀ ਤੇ ਵਾਲਾਂ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ। ਗੰਢੇ ’ਚ ਇਸ ਦੀ ਮਹੱਤਵਪੂਰਨ ਮਾਤਰਾ ਇਸ ਨੂੰ ਸਾਡੇ ਵਾਲਾਂ ਲਈ ਇਕ ਵਧੀਆ ਵਿਕਲਪ ਬਣਾਉਂਦੀ ਹੈ। ਉਂਝ ਸਲਫਰ ਵਾਲਾਂ ਦੇ ਵਾਧੇ ’ਚ ਵੀ ਮਦਦ ਕਰਦਾ ਹੈ। ਗੰਢੇ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸੇ ਲਈ ਅਕਸਰ ਸਲਾਦ ’ਚ ਗੰਢੇ ਖਾਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਗੁਣ ਸਾਡੀ ਖੋਪੜੀ ਨੂੰ ਇਨਫੈਕਸ਼ਨ ਤੋਂ ਬਚਾਉਣ ’ਚ ਮਦਦ ਕਰਦੇ ਹਨ।
ਖੋਜ ਦੱਸਦੀ ਹੈ ਕਿ ਗੰਢੇ ਦੇ ਗੁੱਦੇ ਤੇ ਰਸ ਦੀ ਨਿਯਮਿਤ ਵਰਤੋਂ ਵਾਲਾਂ ਦੇ ਵਾਧੇ ਨੂੰ ਵਧਾਉਣ ’ਚ ਮਦਦ ਕਰਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਗੰਢੇ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦੇ ਹਨ। ਗੰਢੇ ਨੂੰ ਖੋਪੜੀ ’ਤੇ ਲਗਾਉਣ ਨਾਲ ਉਥੇ ਖ਼ੂਨ ਦਾ ਪ੍ਰਵਾਹ ਵਧਦਾ ਹੈ, ਜਿਸ ਨਾਲ ਵਾਲਾਂ ਦੇ ਵਾਧੇ ’ਚ ਮਦਦ ਮਿਲਦੀ ਹੈ ਤੇ ਵਾਲ ਸਿਹਤਮੰਦ ਰਹਿੰਦੇ ਹਨ। ਇਕ ਅਮਰੀਕੀ ਅਧਿਐਨ ਮੁਤਾਬਕ ਗੰਢੇ ਦੇ ਤੇਲ ਦੀ ਨਿਯਮਿਤ ਵਰਤੋਂ ਨਾਲ ਵੀ ਵਾਲਾਂ ’ਚ ਚਮਕ ਆਉਂਦੀ ਹੈ, ਜੋ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਇਥੋਂ ਤਕ ਕਿ ਤੇਲ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਵੀ।
ਇਸ ਨੂੰ ਕਿਵੇਂ ਵਰਤਣਾ ਹੈ?
- ਬਿਹਤਰ ਹੋਵੇਗਾ ਕਿ ਗੰਢੇ ਦੇ ਗੁੱਦੇ ਜਾਂ ਰਸ ਨੂੰ ਸਿੱਧੇ ਸਿਰ ਦੀ ਚਮੜੀ ’ਤੇ ਲਗਾਉਣ ਦੀ ਬਜਾਏ ਇਸ ਨੂੰ ਥੋੜ੍ਹਾ ਜਿਹਾ ਤੇਲ ਮਿਲਾ ਕੇ ਪਤਲਾ ਕਰ ਲਓ।
- ਗੰਢੇ ਦਾ ਰਸ ਨਾਰੀਅਲ ਤੇਲ ਜਾਂ ਜੈਤੂਨ ਦੇ ਤੇਲ ’ਚ ਮਿਲਾ ਕੇ ਲਗਾਓ।
- ਗੰਢੇ ਨੂੰ ਪੀਸ ਕੇ ਇਸ ਦੇ ਗੁੱਦੇ ਨੂੰ ਛਾਣ ਕੇ ਇਸ ਦਾ ਰਸ ਕੱਢ ਸਕਦੇ ਹੋ।
- ਇਸ ਰਸ ਨੂੰ ਸ਼ਹਿਦ, ਤੇਲ, ਦਹੀਂ ਆਦਿ ’ਚ ਮਿਲਾ ਕੇ ਸਿਰ ਦੀ ਚਮੜੀ ’ਤੇ ਲਗਾਓ ਤੇ ਚੰਗੀ ਤਰ੍ਹਾਂ ਮਾਲਿਸ਼ ਕਰੋ।
- ਕੁਝ ਮਿੰਟਾਂ ਬਾਅਦ ਇਸ ਨੂੰ ਧੋ ਲਓ। ਹਫ਼ਤੇ ’ਚ ਘੱਟੋ-ਘੱਟ ਦੋ ਵਾਰ ਅਜਿਹਾ ਕਰਨ ਨਾਲ ਤੁਹਾਨੂੰ ਇਕ ਮਹੀਨੇ ਦੇ ਅੰਦਰ-ਅੰਦਰ ਸਪੱਸ਼ਟ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ।
- ਜੇਕਰ ਤੁਸੀਂ ਗੰਢੇ ਦੀ ਬਦਬੂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਹੋ ਤਾਂ ਗੰਢੇ ਦੇ ਰਸ ’ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਲਓ। ਇਸ ਨਾਲ ਇਸ ਦੀ ਬਦਬੂ ਥੋੜ੍ਹੀ ਘੱਟ ਹੋ ਜਾਵੇਗੀ।
ਕੀ ਗੰਢੇ ਦਾ ਰਸ ਸਟੋਰ ਕੀਤਾ ਜਾ ਸਕਦਾ ਹੈ?
ਉਂਝ ਇਸ ਦੀ ਵਰਤੋਂ ਗੰਢੇ ’ਚੋਂ ਤੁਰੰਤ ਰਸ ਕੱਢ ਕੇ ਹੀ ਕਰਨੀ ਚਾਹੀਦੀ ਹੈ ਪਰ ਜੇਕਰ ਤੁਸੀਂ ਇਸ ਨੂੰ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਚਾਰ ਤੋਂ ਪੰਜ ਦਿਨਾਂ ਲਈ ਫਰਿੱਜ ’ਚ ਏਅਰਟਾਈਟ ਕੰਟੇਨਰ ’ਚ ਰੱਖ ਸਕਦੇ ਹੋ। ਧਿਆਨ ਰਹੇ ਕਿ ਇਸ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਫਰਿੱਜ ’ਚ ਇਸ ਦੀ ਬਦਬੂ ਫੈਲ ਜਾਵੇਗੀ। ਸਾਡੀ ਸਲਾਹ ਸਿਰਫ਼ ਤਾਜ਼ੇ ਰਸ ਦੀ ਵਰਤੋਂ ਕਰਨ ਦੀ ਹੋਵੇਗੀ।
ਨੋਟ– ਵਾਲਾਂ ਦੇ ਵਾਧੇ ਤੇ ਇਨ੍ਹਾਂ ਨੂੰ ਝੜਨ ਤੋਂ ਰੋਕਣ ਲਈ ਤੁਸੀਂ ਕਿਹੜਾ ਨੁਸਖ਼ਾ ਅਪਣਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।