Health Tips: ਚੱਕਰ ਆਉਣ ਦੌਰਾਨ ਦਿਖਾਈ ਦਿੰਦੇ ਹਨ ਇਹ ਲੱਛਣ, ਤਾਂ ਨਾ ਕਰੋ ਨਜ਼ਰਅੰਦਾਜ਼
Sunday, Jan 23, 2022 - 05:36 PM (IST)

ਨਵੀਂ ਦਿੱਲੀ- ਅਕਸਰ ਲੋਕ ਚੱਕਰ ਆਉਣ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਲੋਕ ਚੱਕਰ ਆਉਣਾ ਜਾਂ ਸਿਰ ਚਕਰਾਉਣ ਨੂੰ ਆਮ ਮੰਨਦੇ ਹਨ, ਪਰ ਅਜਿਹੀ ਸੋਚ ਰੱਖਣਾ ਗਲਤ ਹੈ। ਵਾਰ-ਵਾਰ ਸਿਰ ਚਕਰਾਉਣਾ, ਅੱਖਾਂ ਅੱਗੇ ਹਨ੍ਹੇਰਾ ਛਾ ਜਾਣਾ ਅਤੇ ਬੇਚੈਨੀ ਵਰਗੇ ਲੱਛਣ ਆਮ ਨਹੀਂ ਸਗੋਂ ਇਸ ਗੱਲ ਵੱਲ ਸੰਕੇਤ ਦਿੰਦੇ ਹਨ ਕਿ ਸਾਡੇ ਸਰੀਰ ਦੀਆਂ ਕਿਰਿਆਵਾਂ ’ਚ ਕਿਤੇ ਨਾ ਕਿਤੇ ਗੜਬੜੀ ਹੈ।
ਕੀ ਹੈ ਚੱਕਰ ਆਉਣਾ?
ਜਦੋਂ ਵੀ ਕਿਸੇ ਨੂੰ ਚੱਕਰ ਆਉਂਦਾ ਹੈ ਤਾਂ ਉਸ ਦਾ ਸਿਰ ਘੁੰਮਣ ਲੱਗਦਾ ਹੈ। ਕਦੇ-ਕਦੇ ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਂਦਾ ਹੈ ਤਾਂ ਕਦੇ ਬੇਚੈਨੀ ਤੋਂ ਬਾਅਦ ਚੱਕਰ ਜਿਹਾ ਮਹਿਸੂਸ ਹੁੰਦਾ ਹੈ। ਇਸ ਦੌਰਾਨ ਮਨੁੱਖ ਨੂੰ ਇਕ ਅਵਸਥਾ ’ਚ ਖੜ੍ਹੇ ਜਾਂ ਬੈਠੇ ਰਹਿਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਸਾਧਾਰਨ ਤੌਰ ’ਤੇ ਲੋਕ ਚੱਕਰ ਆਉਣ ਨੂੰ ਬਹੁਤਾ ਸੀਰੀਅਸ ਨਹੀਂ ਲੈਂਦੇ। ਉਨ੍ਹਾਂ ਨੂੰ ਲੱਗਦਾ ਹੈ ਸਿਰ ਦਰਦ ਜਾਂ ਕਮਜ਼ੋਰੀ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ।
ਕਾਰਨ
ਚੱਕਰ ਆਉਣ ਦੇ ਕਦੇ ਨਾਰਮਲ ਤਾਂ ਕਦੇ ਗੰਭੀਰ ਕਾਰਨ ਹੋ ਸਕਦੇ ਹਨ। ਨਾਰਮਲ ਕਾਰਨਾਂ ’ਚ ਸਿਰ ਦਰਦ, ਗਲਾ, ਕੰਨ, ਅੱਖ, ਨਰਵਸ ਸਿਸਟਮ, ਬਲੱਡ ਪ੍ਰੈਸ਼ਰ, ਸਰੀਰ ’ਚ ਪਾਣੀ ਜਾਂ ਖੂਨ ਦੀ ਕਮੀ, ਮਾਇਗ੍ਰੇਨ ਅਤੇ ਥਕਾਵਟ ਦੀ ਵਜ੍ਹਾ ਨਾਲ ਚੱਕਰ ਆਉਦੇ ਹਨ ਜੋ ਜ਼ਿਆਦਾ ਗੰਭੀਰ ਨਹੀਂ ਹੁੰਦੇ। ਪਰ ਕਈ ਵਾਰ ਸਿਰ ’ਚ ਗੰਭੀਰ ਸੱਟ ਲੱਗਣਾ, ਕੰਨ ’ਚ ਵਾਇਰਲ ਇਨਫੈਕਸ਼ਨ ਹੋਣਾ, ਐਨੀਮੀਆ, ਦਵਾਈਆਂ ਦਾ ਉਲਟ ਪ੍ਰਭਾਵ ਜਾਂ ਕਿਸੇ ਅੰਦਰੂਨੀ ਬੀਮਾਰੀ ਦੇ ਕਾਰਨ ਅਜਿਹਾ ਹੋ ਸਕਦਾ ਹੈ।
ਬਚਾਅ
ਡਾਕਟਰਾਂ ਦੇ ਮੁਤਾਬਕ ਜੇਕਰ ਤੁਹਾਨੂੰ ਚੱਕਰ ਮਹਿਸੂਸ ਹੋ ਰਿਹਾ ਹੈ ਤਾਂ ਇਕ ਜਗ੍ਹਾ ਖੜ੍ਹੇ ਨਾ ਰਹੋ। ਕਿਤੇ ਬੈਠੋ ਜਾਂ ਲੇਟ ਜਾਓ। ਕਿਸੇ ਵੀ ਕੰਮ ਨੂੰ ਹੌਲੀ-ਹੌਲੀ ਕਰੋ। ਸਿਰ ਨੂੰ ਤੇਜ਼ੀ ਨਾਲ ਘੁਮਾਉਣ ਤੋਂ ਬਚੋ, ਘਬਰਾਓ ਨਾ, ਤਣਾਅ ਘੱਟ ਲਓ, ਤੰਬਾਕੂ, ਸ਼ਰਾਬ ਜਾਂ ਕੈਫੀਨ ਦਾ ਇਸਤੇਮਾਲ ਨਾ ਕਰੋ, ਕਿਸੇ ਉੱਚੀ ਥਾਂ ’ਤੇ ਜਾਣ ਤੋਂ ਬਚੋ, ਯਾਤਰਾ ਕਰਨ ਤੋਂ ਬਚੋ, ਬਲੱਡ ਪ੍ਰੈਸ਼ਰ ਚੈੱਕ ਕਰਵਾਓ, ਅੱਖ ਅਤੇ ਕੰਨ ਦੀ ਜਾਂਚ ਕਰਾਓ ਅਤੇ ਵੱਧ ਤੋਂ ਵੱਧ ਆਰਾਮ ਕਰੋ।
ਲੱਛਣ
* ਹਲਕਾ ਸਿਰ ਦਰਦ ਅਤੇ ਬੇਹੋਸ਼ੀ
* ਬੈਠਣ ਅਤੇ ਖੜ੍ਹੇ ਹੋਣ ’ਚ ਪ੍ਰੇਸ਼ਾਨੀ
* ਸਰੀਰ ਤੋਂ ਕੰਟਰੋਲ ਗੁਆਉਣਾ
* ਅੱਗੇ ਅਤੇ ਪਿੱਛੇ ਵੱਲ ਡਿੱਗਣ ਵਰਗਾ ਮਹਿਸੂਸ ਹੋਣਾ
* ਤੇਜ਼ ਬੁਖਾਰ ਅਤੇ ਛਾਤੀ ’ਚ ਦਰਦ
* ਸੁਣਨ ਅਤੇ ਬੋਲਣ ’ਚ ਤਕਲੀਫ