Health Tips: 30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਇੰਝ ਰੱਖਣ ਆਪਣੀ ਸਿਹਤ ਦਾ ਧਿਆਨ, ਵਧੇਗੀ ਉਮਰ
Monday, Jul 17, 2023 - 11:34 AM (IST)
ਜਲੰਧਰ (ਬਿਊਰੋ) - 30 ਸਾਲ ਦੀ ਉਮਰ 'ਚ ਪਹੁੰਚਦੇ ਹੀ ਜਨਾਨੀਆਂ ਦੇ ਸਰੀਰ 'ਚ ਕਈ ਤਰ੍ਹਾਂ ਦੇ ਬਦਲਾਅ ਆ ਜਾਂਦੇ ਹਨ। ਅਜਿਹੇ 'ਚ ਚਿਹਰੇ 'ਤੇ ਬਾਰੀਕ ਰੇਖਾਵਾਂ ਹੋਣ ਦੇ ਨਾਲ-ਨਾਲ ਕਮਜ਼ੋਰੀ, ਥਕਾਵਟ ਆਦਿ ਵੀ ਹੋਣ ਲੱਗ ਜਾਂਦੀ ਹੈ। ਇਸ ਉਮਰ 'ਚ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਾਰਨ ਪਿੱਠ, ਕਮਰ ਅਤੇ ਸਰੀਰ 'ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਬਹੁਤ ਸਾਰੀਆਂ ਜਨਾਨੀਆਂ ਨੂੰ ਤਾਂ ਚੱਲਣ-ਫਿਰਨ 'ਚ ਵੀ ਮੁਸ਼ਕਿਲ ਹੋਣ ਲੱਗਦੀ ਹੈ। ਇਸ ਲਈ ਜੀਵਨ ਦੇ ਇਸ ਪੜਾਅ 'ਤੇ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ, ਤਾਂਕਿ ਸਰੀਰ ਕਿਸੇ ਵੀ ਗੰਭੀਰ ਬੀਮਾਰੀ ਦਾ ਸ਼ਿਕਾਰ ਨਾ ਹੋ ਸਕੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ 30 ਤੋਂ ਬਾਅਦ ਵੀ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੇ ਹੋ....
ਪੂਰੀ ਨੀਂਦ ਲਓ
ਰਾਤ ਨੂੰ ਪੂਰੀ ਨੀਂਦ ਨਾ ਲੈਣ ਕਾਰਨ ਦਿਨ ਭਰ ਬੇਚੈਨੀ ਰਹਿਣ ਦੇ ਨਾਲ-ਨਾਲ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਰੋਜ਼ਾਨਾ 7-8 ਘੰਟੇ ਸੌਂਣਾ ਜ਼ਰੂਰੀ ਹੈ। ਸੌਂਣ ਨਾਲ ਸਾਡੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਘੱਟ ਸੌਂਣ ਨਾਲ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਯੋਗ ਜਾਂ ਕਸਰਤ ਕਰੋ
ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਲੋਕਾਂ ਨੂੰ ਚੰਗੀ ਖੁਰਾਕ ਦੇ ਨਾਲ-ਨਾਲ ਯੋਗਾ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਰੋਜ਼ਾਨਾ 30 ਤੋਂ 45 ਮਿੰਟ ਸੈਰ, ਯੋਗਾ, ਕਸਰਤ, ਸਾਈਕਲਿੰਗ ਆਦਿ ਸਰੀਰ ਲਈ ਕਰਨੀ ਜ਼ਰੂਰੀ ਹੈ। ਇਸ ਨਾਲ ਤੁਹਾਡਾ ਸਰੀਰ ਲਚਕੀਲਾ ਹੋ ਜਾਵੇਗਾ। ਮਾਸਪੇਸ਼ੀਆਂ ਅਤੇ ਹੱਡੀਆਂ ਦੇ ਮਜ਼ਬੂਤ ਹੋਣ ਦੇ ਨਾਲ, ਇਮਿਊਨਿਟੀ ਅਤੇ ਖੂਨ ਸੰਚਾਰ ਵਿੱਚ ਸੁਧਾਰ ਹੋਵੇਗਾ। ਨਾਲ ਹੀ ਭਾਰ, ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹੇਗਾ। ਕਸਰਤ ਕਰਨ ਨਾਲ ਸਰੀਰ ਨੂੰ ਗੰਭੀਰ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
ਵੈਸੇ ਤਾਂ ਹਰ ਉਮਰ ਦੇ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਕਈ ਜਨਾਨੀਆਂ ਡਾਈਟਿੰਗ ਕਰਕੇ ਆਪਣਾ ਭਾਰ ਘੱਟ ਕਰਦੀਆਂ ਹਨ। ਫਿਰ ਵੱਖ-ਵੱਖ ਚੀਜ਼ਾਂ ਖਾਣ ਨਾਲ ਆਪਣਾ ਭਾਰ ਮੁੜ ਵਧਾ ਲੈਂਦੀਆਂ ਹਨ। ਅਜਿਹੇ 'ਚ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਨਾਨੀਆਂ ਆਪਣੀ ਖੁਰਾਕ 'ਚ ਤਾਜ਼ੇ ਫਲ, ਸਬਜ਼ੀਆਂ, ਸੁੱਕੇ ਮੇਵੇ, ਘੱਟ ਫੈਟ ਵਾਲਾ ਦੁੱਧ, ਦਾਲਾਂ ਅਤੇ ਹੋਰ ਬੀਜ ਸ਼ਾਮਲ ਕਰਨ। ਪ੍ਰੋਸੈਸਡ ਫੂਡ ਜਿਵੇਂ ਸਨੈਕਸ, ਨਮਕੀਨ, ਸਾਫਟ ਡਰਿੰਕਸ, ਚੀਨੀ, ਚਾਵਲ, ਮੈਦਾ ਆਦਿ ਖਾਣ ਤੋਂ ਪਰਹੇਜ਼ ਕਰਨ। ਭੋਜਨ ਵਿੱਚ ਘਿਓ, ਮੱਖਣ ਅਤੇ ਤੇਲ ਦੀ ਘੱਟ ਵਰਤੋਂ ਕਰੋ। ਬਾਜ਼ਾਰ ਦੀਆਂ ਤਲੀਆਂ, ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਰੋਜ਼ਾਨਾ 7-8 ਗਲਾਸ ਪਾਣੀ ਜ਼ਰੂਰ ਪੀਓ।
ਭਾਰ ਨੂੰ ਕਰੋ ਕੰਟਰੋਲ
30 ਸਾਲ ਦੀ ਉਮਰ ਤੋਂ ਬਾਅਦ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਬੀਮਾਰੀਆਂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। WHO ਦੇ ਮਿਆਰ ਅਨੁਸਾਰ, ਬਾਲਗਾਂ ਲਈ ਔਸਤ BMI 18.5 ਤੋਂ 24.9 ਹੋਣਾ ਜ਼ਰੂਰੀ ਹੈ। ਇਸ ਹਿਸਾਬ ਨਾਲ ਜੇਕਰ ਕਿਸੇ ਦਾ ਭਾਰ ਥੋੜ੍ਹਾ ਵੱਧ-ਘੱਟ ਹੁੰਦਾ ਹੈ ਤਾਂ ਇਸ ਨੂੰ ਸਹੀ ਮੰਨਿਆ ਜਾਵੇਗਾ। ਇਸ ਤੋਂ ਵੱਧ ਭਾਰ ਹੋਣਾ ਸਿਹਤ ਲਈ ਹਾਨੀਕਾਰਕ ਹੈ।
ਡਾਕਟਰ ਨਾਲ ਜ਼ਰੂਰ ਕਰੋ ਸੰਪਰਕ
ਅਕਸਰ ਲੋਕ ਕੋਈ ਸਮੱਸਿਆ ਹੋਣ 'ਤੇ ਡਾਕਟਰ ਕੋਲ ਜਾਂਦੇ ਹਨ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਜਨਾਨੀਆਂ ਨੂੰ ਸਮੇਂ-ਸਮੇਂ 'ਤੇ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰ ਗੰਭੀਰ ਸਮੱਸਿਆ ਹੋਣ ਤੋਂ ਪਹਿਲਾਂ ਸਰੀਰ ਵਿੱਚ ਕੋਈ ਸੰਕੇਤ ਵਿਖਾਈ ਨਹੀਂ ਦਿੰਦਾ, ਜਿਸ ਦਾ ਪਤਾ ਲੱਗਣ ’ਤੇ ਦੇਰ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਸਮੇਂ-ਸਮੇਂ 'ਤੇ ਡਾਕਟਰ ਨਾਲ ਸੰਪਰਕ ਕਰਕੇ ਆਪਣੀ ਰੋਜ਼ਾਨਾ ਰੁਟੀਨ ਵਿੱਚ ਬਦਲਾਅ ਕਰੋ।