Health Tips: ਖੰਘ ਅਤੇ ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ ''ਕਾਲੀ ਮਿਰਚ'', ਵਰਤੋਂ ਕਰਨ ਨਾਲ ਹੋਣਗੇ ਹੋਰ ਵੀ ਫਾਇਦੇ
Sunday, Oct 10, 2021 - 06:03 PM (IST)
ਨਵੀਂ ਦਿੱਲੀ— ਆਮ ਤੌਰ 'ਤੇ ਮਸਾਲਿਆਂ ਦੇ ਰੂਪ 'ਚ ਇਸਤੇਮਾਲ ਹੋਣ ਵਾਲੀ ਕਾਲੀ ਮਿਰਚ ਖਾਣ ਦੇ ਕਈ ਫਾਇਦੇ ਹਨ ਪਰ ਕਾਲੀ ਮਿਰਚ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਕਾਲੀ ਮਿਰਚ ਦਾ ਸੇਵਨ ਸਹੀ ਮਾਤਰਾ 'ਚ ਕਰੋ। 2 ਤੋਂ 3 ਕਾਲੀ ਮਿਰਚ ਦੇ ਦਾਣੇ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇੰਨਾ ਹੀ ਨਹੀਂ ਤੁਸੀਂ ਕਾਲੀ ਮਿਰਚ ਦੀ ਵਰਤੋਂ ਨਾਲ ਕਈ ਬੀਮਾਰੀਆਂ ਦਾ ਇਲਾਜ ਘਰ ਬੈਠੇ ਹੀ ਕਰ ਸਕਦੇ ਹੋ। ਆਯੁਰਵੈਦ 'ਚ ਕਾਲੀ ਮਿਰਚ ਨੂੰ ਔਸ਼ਧੀ ਦੱਸਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
1. ਕੈਂਸਰ ਤੋਂ ਬਚਾਅ
ਔਰਤਾਂ ਲਈ ਕਾਲੀ ਮਿਰਚ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਾਲੀ ਮਿਰਚ 'ਚ ਵਿਟਾਮਿਨ ਸੀ, ਵਿਟਾਮਿਨ ਏ, ਕਾਰੋਟੇਨਸ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ,ਜਿਸ ਨਾਲ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
2. ਤਣਾਅ ਨੂੰ ਦੂਰ ਕਰੇ
ਕਾਲੀ ਮਿਰਚ 'ਚ ਪਿਪਰਾਈਨ ਮੌਜੂਦ ਹੁੰਦੀ ਹੈ ਜਿਸ ਕਾਰਨ ਇਹ ਲੋਕਾਂ ਦੀ ਟੈਨਸ਼ਨ ਅਤੇ ਤਣਾਅ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਪੁਰਾਣੇ ਲੋਕ ਕਾਲੀ ਮਿਰਚ ਦੇ ਸੇਵਨ ਨੂੰ ਕਾਫੀ ਅਹਿਮੀਅਤ ਦਿੰਦੇ ਹਨ।
3. ਦੰਦਾਂ ਲਈ ਫਾਇਦੇਮੰਦ
ਕਾਲੀ ਮਿਰਚ ਦਾ ਸੇਵਨ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਕਾਲੀ ਮਿਰਚ ਨਾਲ ਮਸੂੜਿਆਂ ਦੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਾਲੀ ਮਿਰਚ, ਲੂਣ ਅਤੇ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਦੰਦਾਂ ਅਤੇ ਮਸੂੜਿਆਂ 'ਤੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਰਾਹਤ ਮਿਲੇਗੀ।
4. ਹਿੱਚਕੀ ਦੂਰ ਕਰੇ
ਹਰੇ ਪੁਦੀਨੇ ਦੀਆਂ 30 ਪੱਤੀਆਂ, 2 ਚਮਚੇ ਸੌਂਫ, ਮਿਸ਼ਰੀ ਅਤੇ ਕਾਲੀ ਮਿਰਚ ਨੂੰ ਪੀਸ ਕੇ ਇਕ ਗਲਾਸ ਪਾਣੀ 'ਚ ਉਬਾਲ ਲਓ। ਇਸ ਮਿਸ਼ਰਣ ਨੂੰ ਪੀਣ ਨਾਲ ਹਿੱਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 5 ਕਾਲੀਆਂ ਮਿਰਚਾਂ ਨੂੰ ਸਾੜ ਕੇ ਪੀਸ ਕੇ ਵਾਰ-ਵਾਰ ਸੁੰਘਣ ਨਾਲ ਵੀ ਹਿੱਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਗੈਸ ਅਤੇ ਐਸਿਡਿਟੀ 'ਚ ਫਾਇਦੇਮੰਦ
ਆਧੁਨਿਕ ਜੀਵਨਸ਼ੈਲੀ ਦੇ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਆਮ ਹੈ। ਜੇਕਰ ਤੁਹਾਨੂੰ ਵੀ ਇਹ ਪ੍ਰੇਸ਼ਾਨੀ ਹੈ ਤਾਂ ਨਿੰਬੂ ਦੇ ਰਸ 'ਚ ਕਾਲਾ ਲੂਣ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਇਕ ਚੁਟਕੀ ਰੋਜ਼ ਖਾਣ ਨਾਲ ਗੈਸ ਨਾਲ ਹੋਣ ਵਾਲੇ ਦਰਦ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ।
6. ਢਿੱਡ ਦੇ ਕੀੜਿਆਂ ਦੀ ਸਮੱਸਿਆ
ਕਾਲੀ ਮਿਰਚ ਦੇ ਪਾਊਡਰ ਨੂੰ ਖਾਣੇ 'ਚ ਇਸਤੇਮਾਲ ਕਰਨ ਨਾਲ ਢਿੱਡ ਦੇ ਕੀੜਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਦੇ ਨਾਲ ਸੌਗੀ ਖਾਣ ਨਾਲ ਵੀ ਢਿੱਡ ਦੇ ਕੀੜੇ ਮਰ ਜਾਂਦੇ ਹਨ।
7. ਖੰਘ ਅਤੇ ਜ਼ੁਕਾਮ ਤੋਂ ਰਾਹਤ
ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰਦੀ ਦੇ ਮੌਸਮ 'ਚ ਹੋਣ ਵਾਲੀ ਖੰਘ ਅਤੇ ਜ਼ੁਕਾਮ ਤੋਂ ਤੁਹਾਨੂੰ ਰਾਹਤ ਮਿਲਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਤੁਹਾਡਾ ਗਲ੍ਹਾ ਵੀ ਸਾਫ ਰਹਿੰਦਾ ਹੈ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ।