ਚੰਗੇ ਖਾਣ-ਪੀਣ ਨਾਲ ਵਧਦੀ ਹੈ ਉਮਰ

04/02/2022 1:50:12 PM

ਖਾਣ-ਪੀਣ ਦਾ ਮਨੁੱਖ ਦੇ ਸਰੀਰ ’ਤੇ ਕੀ ਅਸਰ ਪੈਂਦਾ ਹੈ, ਇਸ ਨੂੰ ਲੈ ਕੇ ਹਾਲ ਹੀ ’ਚ ਨਾਰਵੇ ’ਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਪ੍ਰਭਾਵੀ ਅਧਿਐਨ ਕੀਤਾ ਗਿਆ। ਇਸ ਤੋਂ ਪਤਾ ਲੱਗਾ ਹੈ ਕਿ ਜੇਕਰ ਲੋਕ ਆਪਣੇ ਖਾਣ-ਪੀਣ ’ਚ ਤਬਦੀਲੀ ਕਰ ਲੈਣ, ਫਾਸਟਫੂਡ ਖਾਣ ਦੀ ਬਜਾਏ ਪੌਸ਼ਟਿਕ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਖਾਣ ਤਾਂ ਉਹ ਤੰਦਰੁਸਤ ਰਹਿਣ ਦੇ ਨਾਲ-ਨਾਲ ਲੰਬੀ ਉਮਰ ਭੋਗ ਸਕਦੇ ਹਨ। ਇਸ ਅਧਿਐਨ ’ਚ ਦੁਨੀਆ ਦੇ 204 ਦੇਸ਼ਾਂ ’ਚ ਖਾਧੇ ਜਾਣ ਵਾਲੇ ਭੋਜਨ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ। ਇਸ ’ਚ ਕੁਲ 369 ਬੀਮਾਰੀਆਂ ਅਤੇ ਸਿਹਤ ਸਬੰਧੀ ਉਨ੍ਹਾਂ 286 ਕਾਰਨਾਂ ਦਾ ਵੀ ਅਧਿਐਨ ਕੀਤਾ ਗਿਆ, ਜਿਨ੍ਹਾਂ ਕਾਰਨ ਲੋਕਾਂ ਦੀ ਮੌਤ ਹੁੰਦੀ ਹੈ। ਇਹ ਅਧਿਐਨ ‘ਗਲੋਬਲ ਬਰਡਨ ਆਫ ਡਿਜ਼ੀਜ਼’ ਨਾਂ ਦੇ ਕੌਮਾਂਤਰੀ ਪ੍ਰੋਗਰਾਮ ਅਧੀਨ ਹੋਇਆ, ਜਿਸ ’ਚ ਕੁਲ 145 ਦੇਸ਼ਾਂ ਦੇ 3600 ਵਿਗਿਆਨੀਆਂ ਨੇ ਹਿੱਸਾ ਲਿਆ।
ਇਸ ਅਧਿਐਨ ’ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੇ ਭੋਜਨ ’ਚ ਹਰੀਆਂ-ਪੱਤੇਦਾਰ ਸਬਜ਼ੀਆਂ, ਬੀਨਜ਼ ਅਤੇ ਮਟਰ ਵਰਗੀਆਂ ਫਲੀਦਾਰ ਚੀਜ਼ਾਂ, ਅਖਰੋਟ, ਬਾਦਾਮ, ਪਿਸਤਾ ਵਰਗੇ ਡ੍ਰਾਈ ਫਰੂਟਸ ਅਤੇ ਰੋਜ਼ ਇਕ ਤੋਂ ਦੋ ਕੱਪ ਫਲ ਤੇ ਸਾਬੁਤ ਅਨਾਜ ਨਾਲ ਬਣਿਆ ਭੋਜਨ ਕਰੇ ਤਾਂ ਉਹ ਜ਼ਿੰਦਗੀ ਭਰ ਤੰਦਰੁਸਤ ਰਹਿੰਦਾ ਹੈ ਤੇ ਉਸ ਦੀ ਉਮਰ ਵੀ ਵਧ ਜਾਂਦੀ ਹੈ। ਇਸ ਅਧਿਐਨ ’ਚ ਇਹ ਵੀ ਪਾਇਆ ਗਿਆ ਕਿ ਜੇਕਰ ਕੋਈ ਮਰਦ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਚੀਜ਼ਾਂ ਨੂੰ ਆਪਣੇ ਭੋਜਨ ’ਚ ਨਿਯਮਿਤ ਤੌਰ ’ਤੇ ਸ਼ਾਮਲ ਕਰ ਲਵੇ ਤਾਂ ਉਸ ਦੀ ਉਮਰ ਲਗਭਗ 13 ਸਾਲ ਤੱਕ ਅਤੇ ਜੇਕਰ ਕੋਈ ਔਰਤ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਨਿਯਮਿਤ ਤੌਰ ’ਤੇ ਲੈਣਾ ਸ਼ੁਰੂ ਕਰ ਦੇਵੇ ਤਾਂ ਉਸ ਦੀ ਉਮਰ 10 ਸਾਲ ਤੱਕ ਵਧ ਸਕਦੀ ਹੈ। ਇਸ ਦੇ ਇਲਾਵਾ ਇਸ ਅਧਿਐਨ ’ਚ ਦੇਖਿਆ ਗਿਆ ਕਿ ਜੇਕਰ 60 ਸਾਲ ਦੇ ਹੋ ਚੁੱਕੇ ਬਜ਼ੁਰਗ ਵਿਅਕਤੀ ਵੀ ਹਰੀਆਂ ਸਬਜ਼ੀਆਂ, ਫਲਾਂ ਤੇ ਸੰਤੁਲਿਤ ਮਾਤਰਾ ’ਚ ਡ੍ਰਾਈ ਫਰੂਟ ਨੂੰ ਰੈਗੂਲਰ ਤੌਰ ’ਤੇ ਆਪਣੇ ਭੋਜਨ ’ਚ ਸ਼ਾਮਲ ਕਰਨ ਤਾਂ ਉਹ ਵੀ ਆਪਣੀ ਉਮਰ 9 ਸਾਲ ਤੱਕ ਜਦਕਿ ਬਜ਼ੁਰਗ ਔਰਤਾਂ 8 ਸਾਲ ਤੱਕ ਵਧਾ ਸਕਦੀਆਂ ਹਨ।
ਉਂਝ ਭਾਰਤੀ ਸੱਭਿਆਚਾਰ ਤਾਂ ਸਦਾ ਤੋਂ ਸ਼ੁੱਧ, ਵੈਸ਼ਨੂੰ ਭੋਜਨ ਅਪਣਾਉਣ ’ਤੇ ਜ਼ੋਰ ਦਿੰਦਾ ਰਿਹਾ ਹੈ। ਸਾਡੇ ਇੱਥੇ ਪ੍ਰਾਚੀਨ ਕਾਲ ਤੋਂ ਹੀ ਕਿਹਾ ਜਾਂਦਾ ਰਿਹਾ ਹੈ ਕਿ ‘ਜਿਹੋ ਜਿਹਾ ਖਾਓ ਅੰਨ ਉਹੋ ਜਿਹਾ ਬਣੇ ਮਨ’। ਭਾਰਤੀ ਸ਼ਾਸਤਰਾਂ ’ਚ ਦੱਸਿਆ ਗਿਆ ਹੈ ਕਿ ਤੇਜ਼ ਮਸਾਲੇਦਾਰ, ਖੱਟਾ, ਤਲਿਆ-ਭੁੰਨਿਆ ਭੋਜਨ ਵੱਧ ਮਾਤਰਾ ’ਚ ਖਾ ਲੈਣ ਨਾਲ ਤਾਮਸਿਕ ਵਿਚਾਰਾਂ ’ਚ ਵਾਧਾ ਹੁੰਦਾ ਹੈ। ਇਸ ਲਈ ਅਜਿਹੇ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਡੇ ਇੱਥੇ ਵਰਤ ’ਚ ਦੁੱਧ, ਦਹੀਂ ਫਲ ਆਦਿ ਵੈਸ਼ਨੂੰ ਭੋਜਨ ਗ੍ਰਹਿਣ ਕਰਨ ਦੀ ਪਰੰਪਰਾ ਇਸ ਲਈ ਹੈ ਕਿਉਂਕਿ ਇਸ ਨਾਲ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਦਾ ਤਿਆਗ ਹੁੰਦਾ ਹੈ ਜਿਸ ਨੂੰ ਜ਼ਹਿਰੀਲੇਪਨ ਦੀ ਪ੍ਰਕਿਰਿਆ (ਡਿਟਾਕਸੀਫਿਕੇਸ਼ਨ) ਕਿਹਾ ਜਾਂਦਾ ਹੈ।
ਪਰ ਅੱਜ ਦੇ ਯੁੱਗ ’ਚ ਲੋਕ ਸਿਹਤ ਵਧਾਊ ਖਾਣਾ ਖਾਣ ਦੀ ਬਜਾਏ ਸਵਾਦਿਸ਼ਟ ਖਾਣੇ ’ਤੇ ਵੱਧ ਧਿਆਨ ਦਿੰਦੇ ਹਨ। ਇਹੀ ਕਾਰਨ ਹੈ ਕਿ ਆਏ ਦਿਨ ਨਵੀਆਂ-ਨਵੀਆਂ ਬੀਮਾਰੀਆਂ ਦਾ ਜਨਮ ਹੋ ਰਿਹਾ ਹੈ ਅਤੇ ਘੱਟ ਉਮਰ ’ਚ ਹੀ ਲੋਕ ਉਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜਕਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਕ ਫੂਡ, ਫਾਸਟਫੂਡ ਆਦਿ ਬਣਾਉਣ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ ਆਪਣੇ ਫਾਇਦੇ ਲਈ ਲੋਕਾਂ ਦੀਆਂ ਆਦਤਾਂ ਵਿਗਾੜ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। ਉਂਝ ਇਹ ਸੱਚ ਹੈ ਕਿ ਅੱਜ ਦੇ ਜ਼ਮਾਨੇ ’ਚ ਸਿਹਤ ਵਿਗਾੜਣੀ ਸਸਤੀ ਹੈ ਪਰ ਪੌਸ਼ਟਿਕ ਭੋਜਨ ਲੈਣਾ ਥੋੜ੍ਹਾ ਮਹਿੰਗਾ ਪੈਂਦਾ ਹੈ। ਇਕ ਛੋਟਾ ਪਿੱਜ਼ਾ ਜਿਸ ਦੀ ਕੀਮਤ 39 ਰੁਪਏ ਹੁੰਦੀ ਹੈ, ’ਚ ਲਗਭਗ 10 ਗ੍ਰਾਮ ਫੈਟ ਹੁੰਦੀ ਹੈ ਜਦਕਿ 100 ਤੋਂ 150 ਰੁਪਏ ’ਚ ਆਉਣ ਵਾਲੇ ਇਕ ਕਿਲੋ ਸੇਬ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ। ਪੁਰਾਣੇ ਲੋਕ ਸ਼ੁੱਧ ਭੋਜਨ ਕਰਦੇ ਸਨ ਤਾਂ ਹੀ ਉਹ ਆਮ ਤੌਰ ’ਤੇ 80 ਤੋਂ 100 ਸਾਲ ਤੱਕ ਦੀ ਜ਼ਿੰਦਗੀ ਤੰਦਰੁਸਤ ਢੰਗ ਨਾਲ ਜੀਅ ਲੈਂਦੇ ਸਨ।              
ਇਸ ਅਧਿਐਨ ’ਚ ਇਹ ਵੀ ਪਾਇਆ ਗਿਆ ਹੈ ਕਿ ਲੋਕ ਮਾਸ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਡੱਬਾਬੰਦ ਮਾਸ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਈ ਕੋਲੈਸਟ੍ਰਾਲ ਵਰਗੀਆਂ ਬੀਮਾਰੀਆਂ ਛੋਟੀ ਉਮਰ ’ਚ ਹੀ ਹੋ ਜਾਂਦੀਆਂ ਹਨ। ਮਾਸਾਹਾਰੀ ਵਿਅਕਤੀ ਵੀ ਜੇਕਰ ਹਫਤੇ ’ਚ ਇਕ ਿਦਨ ਸ਼ਾਕਾਹਾਰੀ ਭੋਜਨ ਕਰਨ ਦਾ ਨਿਯਮ ਬਣਾ ਲੈਣ ਤਾਂ ਉਹ ਆਪਣੀ ਸਥਿਤੀ ’ਚ ਕਾਫੀ ਸੁਧਾਰ ਕਰ ਸਕਦੇ ਹਨ।
ਤੰਦਰੁਸਤ ਜ਼ਿੰਦਗੀ ਜਿਊਣ ਲਈ ਵਿਅਕਤੀ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ’ਚੋਂ ਫਾਈਬਰ ਬਹੁਤ ਮਹੱਤਵਪੂਰਨ ਹੈ। ਫਲਾਂ-ਸਬਜ਼ੀਆਂ, ਸਾਬੁਤ ਅਨਾਜ ਅਤੇ ਬੀਨਜ਼ ਤੋਂ ਫਾਈਬਰ ਪ੍ਰਾਪਤ ਹੁੰਦਾ ਹੈ, ਜੋ ਸਾਡੀ ਪਾਚਨ ਕਿਰਿਆ ’ਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਨਾਲ ਹੀ ਇਹ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਰੱਖਦਾ ਹੈ। ਫਾੲੀਬਰ ਹਾਰਟ ਲਈ ਵੀ ਚੰਗਾ ਹੈ ਤੇ ਗਲੋਇੰਗ ਸਕਿਨ ਤੇ ਭਾਰ ਘੱਟ ਕਰਨ ਲਈ ਵੀ ਇਹ ਕਾਫੀ ਮਹੱਤਵਪੂਰਨ ਹੈ। ਡਾਈਟ ’ਚ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਕੇ ਅਪਚ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਕੈਂਸਰ ਵਰਗੀਆਂ ਪੁਰਾਣੀਆਂ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਕ ਲੰਬੀ ਤੰਦਰੁਸਤ ਜ਼ਿੰਦਗੀ ਬਿਤਾਈ ਜਾ ਸਕਦੀ ਹੈ। ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਅਨੁਸਾਰ, ਇਕ ਵਿਅਕਤੀ ਨੂੰ ਰੋਜ਼ਾਨਾ 28 ਗ੍ਰਾਮ ਫਾਈਬਰ ਖਾਣਾ ਚਾਹੀਦਾ ਹੈ। ਦਾਲਾਂ ਅਤੇ ਬੀਨਜ਼ ਜਿਵੇਂ ਛੋਲੇ, ਰਾਜਮਾਂ, ਮਟਰ, ਮਸੂਰ ਆਦਿ ’ਚ ਪ੍ਰੋਟੀਨ, ਫਾਲੇਟ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਰਾਜਮਾਂ ਦੇ ਅੱਧੇ ਕੱਪ ’ਚ 8 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ। ਸਾਬੁਤ ਅਨਾਜ ਜਿਵੇਂ ਕਿ ਕਣਕ, ਜੌਂ, ਮੱਕਾ, ਬ੍ਰਾਊਨ ਰਾਈਸ, ਬਲੈਕ ਰਾਈਸ, ਬਾਜਰਾ ਆਦਿ ’ਚ ਫਾਈਬਰ ਦੇ ਇਲਾਵਾ ਪ੍ਰੋਟੀਨ, ਵਿਟਾਮਿਨ ਬੀ, ਐਂਟੀਆਕਸੀਡੈਂਟ ਤੇ ਮਿਨਰਲਜ਼ ਵਰਗੇ ਆਇਰਨ, ਜ਼ਿੰਕ, ਕਾਪਰ ਤੇ ਮੈਗਨੀਸ਼ੀਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਬ੍ਰੋਕਲੀ ’ਚ ਫਾਈਬਰ ਦੇ ਨਾਲ-ਨਾਲ ਕੈਲਸ਼ੀਅਮ ਤੇ ਵਿਟਾਮਿਨ ਸੀ ਦੀ ਮਾਤਰਾ ਵੀ ਪਾਈ ਜਾਂਦੀ ਹੈ। ਨਾਸ਼ਪਤੀ, ਸਟ੍ਰਾਬੇਰੀ, ਰਾਸਪਬੇਰੀ ਆਦਿ ਫਲਾਂ ’ਚ ਫਾਈਬਰ ਵੱਧ ਮਾਤਰਾ ’ਚ ਮੌਜੂਦ ਰਹਿੰਦਾ ਹੈ। ਇਸ ਦੇ ਇਲਾਵਾ ਫਲੈਕਸ ਸੀਡਸ ਭਾਵ ਅਲਸੀ ’ਚ ਫਾਈਬਰ ਦੇ ਨਾਲ-ਨਾਲ ਮਿਨਰਲਜ਼, ਵਿਟਾਮਿਨ, ਮੈਗੀਸ਼ੀਅਮ, ਕਾਪਰ, ਓਮੇਗਾ-3 ਫੈਟੀ ਐਸਿਡ, ਫਾਸਫੋਰਸ ਚੰਗੀ ਮਾਤਰਾ ’ਚ ਪਾਏ ਜਾਂਦੇ ਹਨ। ਅਲਸੀ ਦੇ 100 ਗ੍ਰਾਮ ਬੀਜਾਂ ’ਚ 27 ਗ੍ਰਾਮ ਫਾਈਬਰ ਮੌਜੂਦ ਹੁੰਦਾ ਹੈ।
ਫਾਈਬਰ ਨਾਲ ਭਰਪੂਰ ਖੁਰਾਕੀ ਪਦਾਰਥ ਬਲਿਊ ਜ਼ੋਨਸ ਦੇ ਆਹਾਰ ’ਚ ਪ੍ਰਮੁੱਖਤਾ ਨਾਲ ਸ਼ਾਮਲ ਹੁੰਦੇ ਹਨ। ਬਲਿਊ ਜ਼ੋਨਸ ਦੁਨੀਆ ਦੀਆਂ 5 ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਲੰਬੀ ਸਿਹਤ ਜ਼ਿੰਦਗੀ ਬਿਤਾਉਂਦੇ ਹਨ।
ਇਨ੍ਹਾਂ ਪੰਜਾਂ ਜ਼ੋਨਸ ’ਚ ਰਹਿਣ ਵਾਲੇ ਲੋਕਾਂ ਦੀ ਲੰਬੀ ਉਮਰ ਦਾ ਰਾਜ਼ ਇਹ ਹੈ ਕਿ ਉਹ ਕਦੀ ਵੀ ਭੁੱਖ ਤੋਂ ਵੱਧ ਨਹੀਂ ਖਾਂਦੇ। ਉਹ ਖਾਸ ਤੌਰ ’ਤੇ ਸ਼ਕਰਕੰਦੀ ਤੇ ਤਰਬੂਜ਼ ਖਾਣਾ ਪਸੰਦ ਕਰਦੇ ਹਨ। ਇਸ ’ਚ ਕਈ ਤਰ੍ਹਾਂ ਦੇ ਵਿਟਾਮਿਨਜ਼ ਤੇ ਮਿਨਰਲਜ਼ ਹੁੰਦੇ ਹਨ। ਜਿਵੇਂ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਅਤੇ ਫਾਈਬਰ ਪੇਟ ਨੂੰ ਸਾਫ ਰੱਖਦਾ ਹੈ। ਇਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਇਹ ਵੀ ਹੈ ਕਿ ਉਹ ਜਿਮ ਜਾਣ ਦੀ ਬਜਾਏ ਕੁਦਰਤੀ ਥਾਵਾਂ ’ਤੇ ਕਸਰਤ ਕਰਨੀ ਪਸੰਦ ਕਰਦੇ ਹਨ। ਕਸਰਤ ਇਨ੍ਹਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੁੰਦੀ ਹੈ। ਸਰੀਰਕ ਤੌਰ ’ਤੇ ਸਰਗਰਮ ਰਹਿਣ ਨਾਲ ਇਹ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ। ਸਰੀਰ ਦੀ ਸਿਹਤ ਦੇ ਨਾਲ-ਨਾਲ ਇਹ ਲੋਕ ਮਨ ਦੀ ਸਿਹਤ ’ਤੇ ਵੀ ਪੂਰਾ ਧਿਆਨ ਦਿੰਦੇ ਹਨ। ਮਨ ਨੂੰ ਸ਼ਾਂਤ ਅਤੇ ਖੁਸ਼ ਰੱਖਣ ਲਈ ਇਹ ਲੋਕ ਬਾਗਬਾਨੀ ਕਰਦੇ ਹਨ, 7 ਘੰਟਿਆਂ ਦੀ ਨੀਂਦ ਜ਼ਰੂਰ ਲੈਂਦੇ ਹਨ। ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਤੋਂ ਤੰਦਰੁਸਤ ਰਹਿਣ ਕਾਰਨ ਇਸ ਦਾ ਹਾਂ-ਪੱਖੀ ਪ੍ਰਭਾਵ ਇਨ੍ਹਾਂ ਦੀ ਉਮਰ ’ਤੇ ਪੈਂਦਾ ਹੈ।


Aarti dhillon

Content Editor

Related News