ਜ਼ਿਆਦਾ ਪਾਣੀ ਪੀਣਾ ਸਿਹਤ ਲਈ ਹੈ ਖ਼ਤਰਨਾਕ, ਜਾਣੋ ਕਿੰਨੇ ਲਿਟਰ ਰਹੇਗਾ ਫ਼ਾਇਦੇਮੰਦ
Tuesday, Aug 29, 2023 - 10:52 AM (IST)

ਜਲੰਧਰ (ਬਿਊਰੋ)– ਕੁਝ ਦਿਨ ਪਹਿਲਾਂ ਇਕ 35 ਸਾਲਾ ਅਮਰੀਕੀ ਔਰਤ, ਜਿਸ ਦੀ ਪਛਾਣ ਐਸ਼ਲੇ ਸਮਰਸ ਵਜੋਂ ਹੋਈ ਸੀ, ਦੀ ਕਥਿਤ ਤੌਰ ’ਤੇ ‘ਵਾਟਰ ਟਾਕਸੀਸਿਟੀ’ ਕਾਰਨ ਮੌਤ ਹੋ ਗਈ ਸੀ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਦੋਂ ਉਹ 4 ਜੁਲਾਈ ਨੂੰ ਆਪਣੇ ਪਰਿਵਾਰ ਨਾਲ ਬਾਹਰ ਸੀ ਤਾਂ ਉਸ ਨੂੰ ‘ਬਹੁਤ ਜ਼ਿਆਦਾ ਡੀਹਾਈਡ੍ਰੇਸ਼ਨ’ ਮਹਿਸੂਸ ਹੋਈ। ਇਸ ਤੋਂ ਬਾਅਦ ਉਸ ਨੇ 20 ਮਿੰਟਾਂ ’ਚ 4 ਬੋਤਲਾਂ ਪਾਣੀ ਪੀ ਲਿਆ।
ਪਾਣੀ ਜ਼ਰੂਰੀ ਹੈ ਕਿਉਂਕਿ ਮਨੁੱਖੀ ਸਰੀਰ ’ਚ 70 ਫ਼ੀਸਦੀ ਪਾਣੀ ਹੈ। ਗਰਮ ਮੌਸਮ ’ਚ ਡੀਹਾਈਡ੍ਰੇਸ਼ਨ ਬਹੁਤ ਜਲਦੀ ਹੋ ਸਕਦੀ ਹੈ ਪਰ ਜਦੋਂ ਡੀਹਾਈਡ੍ਰੇਸ਼ਨ ਸਪੈਕਟ੍ਰਮ ਦੇ ਇਕ ਸਿਰੇ ’ਤੇ ਹੈ, ਓਵਰ ਹਾਈਡ੍ਰੇਸ਼ਨ ਦੂਜੇ ਸਿਰੇ ’ਤੇ ਹੈ।
ਵਾਟਰ ਟਾਕਸੀਸਿਟੀ ਕੀ ਹੈ? ਪਾਣੀ ਦੀ ਕਿੰਨੀ ਮਾਤਰਾ ਪੀਣ ਲਈ ਸੁਰੱਖਿਅਤ ਹੈ? ਜਦੋਂ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਕੀ ਹੁੰਦਾ ਹੈ? ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਐਮਰਜੈਂਸੀ ਦੀ ਸਥਿਤੀ ’ਚ ਕੀ ਕਰਨਾ ਚਾਹੀਦਾ ਹੈ? ਕੀ ਓਵਰ ਹਾਈਡ੍ਰੇਸ਼ਨ ਤੇ ਵਾਟਰ ਇਨਟਾਕਸੀਕੇਸ਼ਨ ਦੋਵੇਂ ਇਕ ਹਨ? ਆਓ ਜਾਣਦੇ ਹਾਂ–
ਵਾਟਰ ਟਾਕਸੀਸਿਟੀ ਕਿਸ ਨੂੰ ਕਹਿੰਦੇ ਹਨ?
ਵਾਟਰ ਟਾਕਸੀਸਿਟੀ ਇਕ ਅਜਿਹੀ ਸਥਿਤੀ ਹੈ, ਜੋ ਉਦੋਂ ਵਾਪਰਦੀ ਹੈ, ਜਦੋਂ ਤੁਸੀਂ ਜਾਂ ਤਾਂ ਥੋੜ੍ਹੇ ਸਮੇਂ ’ਚ ਵੱਡੀ ਮਾਤਰਾ ’ਚ ਪਾਣੀ ਪੀਂਦੇ ਹੋ ਜਾਂ ਜੇ ਤੁਹਾਡੇ ਗੁਰਦੇ ਪਾਣੀ ਨੂੰ ਉਨੀ ਤੇਜ਼ੀ ਨਾਲ ਪ੍ਰੋਸੈੱਸ ਨਹੀਂ ਕਰ ਸਕਦੇ, ਜਿੰਨਾ ਤੁਸੀਂ ਇਸ ਨੂੰ ਪੀ ਰਹੇ ਹੋ। ਵਾਟਰ ਟਾਕਸੀਸਿਟੀ ਕਾਰਨ ਸਰੀਰ ’ਚ ਇਲੈਕਟ੍ਰੋਲਾਈਟਸ ਦੇ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ, ਖ਼ਾਸ ਤੌਰ ’ਤੇ ਹਾਈਪੋਨੇਟ੍ਰੇਮੀਆ (ਸੀਰਮ ਸੋਡੀਅਮ ਦੇ ਪੱਧਰ ’ਚ ਅਚਾਨਕ ਗਿਰਾਵਟ), ਜੋ ਸਮੇਂ ਸਿਰ ਇਲਾਜ ਨਾ ਕੀਤੇ ਜਾਣ ’ਤੇ ਘਾਤਕ ਹੋ ਸਕਦਾ ਹੈ। ਹਾਈਪੋਨੇਟ੍ਰੇਮੀਆ ਨੂੰ ਰੋਕਣ ਲਈ ਜਲਦੀ ਪਤਾ ਲਗਾਉਣਾ ਤੇ ਸਮੇਂ ਸਿਰ ਡਾਕਟਰੀ ਇਲਾਜ ਜ਼ਰੂਰੀ ਹੈ ਕਿਉਂਕਿ ਅਜਿਹਾ ਨਾ ਕਰਨ ਨਾਲ ਦੌਰੇ, ਬੇਹੋਸ਼ੀ ਤੇ ਹੋਰ ਗੰਭੀਰ ਮਾਮਲਿਆਂ ’ਚ ਮੌਤ ਵੀ ਹੋ ਸਕਦੀ ਹੈ।
ਪਾਣੀ ਦੀ ਕਿੰਨੀ ਮਾਤਰਾ ਪੀਣ ਲਈ ਸੁਰੱਖਿਅਤ ਹੈ?
ਅੱਜ-ਕੱਲ ਸਿਹਤ ਪ੍ਰਤੀ ਜਾਗਰੂਕ ਵਰਗ ਪਾਣੀ ਨੂੰ ਭਾਰ ਘਟਾਉਣ ਜਾਂ ਸਹੀ ਵਜ਼ਨ ਬਰਕਰਾਰ ਰੱਖਣ ਲਈ ਇਕ ਸਾਧਨ ਵਜੋਂ ਵਰਤਦਾ ਹੈ। ਇਹ ਸੱਚ ਹੈ ਕਿ ਪਾਣੀ ਸਭ ਤੋਂ ਵਧੀਆ ਡੀਟਾਕਸਫਾਇੰਗ ਪਦਾਰਥ ਹੈ ਪਰ ਜ਼ਿਆਦਾ ਪਾਣੀ ਪੀਣ ਨਾਲ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਪਾਣੀ ਦਾ ਕਿੰਨਾ ਸੇਵਨ ਕੀਤਾ ਜਾਣਾ ਚਾਹੀਦਾ ਹੈ, ਇਹ ਉਮਰ, ਵਿਅਕਤੀ ਦੀ ਸਰੀਰਕ ਗਤੀਵਿਧੀ ਦੀ ਕਿਸਮ ਤੇ ਮਾਤਰਾ ’ਤੇ ਨਿਰਭਰ ਕਰਦਾ ਹੈ। ਮੌਸਮ, ਡਾਕਟਰੀ ਸਥਿਤੀਆਂ ਜਿਵੇਂ ਕਿ ਦਿਲ ਤੇ ਗੁਰਦੇ ਦੀਆਂ ਬੀਮਾਰੀਆਂ, ਪਾਣੀ ਤੇ ਹੋਰ ਪੀਣ ਵਾਲੇ ਪਦਾਰਥਾਂ ਦੇ ਸੇਵਨ ਨਾਲ ਸਬੰਧਤ ਸੀਮਾਵਾਂ ਤੈਅ ਕੀਤੀਆਂ ਜਾਂਦੀਆਂ ਹਨ।
- ਪੁਰਸ਼ਾਂ ਲਈ ਰੋਜ਼ਾਨਾ 3.7 ਲਿਟਰ (ਲਗਭਗ 13 ਕੱਪ) ਪਾਣੀ ਦਾ ਸੇਵਨ (ਜਿਸ ’ਚ ਸਾਰੇ ਪੀਣ ਵਾਲੇ ਪਦਾਰਥ ਤੇ ਪਾਣੀ ਨਾਲ ਭਰਪੂਰ ਭੋਜਨ ਸ਼ਾਮਲ ਹਨ) ਸੁਰੱਖਿਅਤ ਮੰਨਿਆ ਜਾਂਦਾ ਹੈ।
- ਔਰਤਾਂ ਲਈ ਪ੍ਰਤੀ ਦਿਨ 2.7 ਲਿਟਰ (ਲਗਭਗ 9 ਕੱਪ) ਪਾਣੀ ਦਾ ਸੇਵਨ (ਜਿਸ ’ਚ ਸਾਰੇ ਪੀਣ ਵਾਲੇ ਪਦਾਰਥ ਤੇ ਪਾਣੀ ਨਾਲ ਭਰਪੂਰ ਭੋਜਨ ਸ਼ਾਮਲ ਹਨ) ਸੁਰੱਖਿਅਤ ਮੰਨਿਆ ਜਾਂਦਾ ਹੈ।
ਜਦੋਂ ਤੁਸੀਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਕੀ ਹੁੰਦਾ ਹੈ?
ਜਦੋਂ ਤੁਸੀਂ ਥੋੜ੍ਹੇ ਸਮੇਂ ’ਚ ਜ਼ਿਆਦਾ ਪਾਣੀ ਦਾ ਸੇਵਨ ਕਰਦੇ ਹੋ ਤਾਂ ਸਰੀਰ ’ਚ ਪਾਣੀ ਜ਼ਿਆਦਾ ਹੋਣ ਕਾਰਨ ਵਾਟਰ ਟਾਕਸੀਸਿਟੀ ਪੈਦਾ ਹੋ ਸਕਦੀ ਹੈ। ਜਦੋਂ ਸਰੀਰ ’ਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਤਾਂ ਸਰੀਰ ਇਸ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ’ਚ ਅਸਮਰੱਥ ਹੋ ਸਕਦਾ ਹੈ, ਜਿਸ ਕਾਰਨ ਇਲੈਕਟ੍ਰੋਲਾਈਟ ਦਾ ਪੱਧਰ ਅਸੰਤੁਲਿਤ ਹੋ ਜਾਂਦਾ ਹੈ ਤੇ ਖ਼ੂਨ ’ਚ ਸੋਡੀਅਮ ਦੀ ਮਾਤਰਾ ਖ਼ਾਸ ਤੌਰ ’ਤੇ ਵੱਧ ਜਾਂਦੀ ਹੈ। ਸੋਡੀਅਮ ਦਾ ਕੰਸਨਟ੍ਰੇਸ਼ਨ ਘਟਣ ਕਾਰਨ ਹਾਈਪੋਨੇਟ੍ਰੇਮੀਆ ਦਾ ਕਾਰਨ ਬਣ ਸਕਦੀ ਹੈ। ਹਾਈਪੋਨੇਟ੍ਰੇਮੀਆ ਦੇ ਕਾਰਨ ਦਿਮਾਗ ਦੀ ਸੈੱਲਸ ਸਮੇਤ ਸਾਡੇ ਸਰੀਰ ਦੇ ਹੋਰ ਸੈੱਲਸ ’ਚ ਸੋਜ ਆ ਸਕਦੀ ਹੈ, ਜਿਸ ਕਾਰਨ ਕਈ ਵਾਰ ਹਲਕੇ ਜਾਂ ਗੰਭੀਰ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਕਿ–
- ਟੱਟੀਆਂ/ਉਲਟੀਆਂ
- ਸਿਰ ਦਰਦ
- ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਕੜਵੱਲ
- ਥਕਾਵਟ
- ਦੌਰੇ ਪੈਣਾ
- ਬੇਹੋਸ਼ੀ
- ਮੌਤ (ਗੰਭੀਰ ਮਾਮਲਿਆਂ ’ਚ)
ਇਹ ਖ਼ਬਰ ਵੀ ਪੜ੍ਹੋ : ਤੇਜ਼ੀ ਨਾਲ ਭਾਰ ਘੱਟ ਕਰਨ ’ਚ ਕਾਰਗਰ ਹੈ ਕਾਜੂ, ਸਰੀਰ ਨੂੰ ਮਿਲਦੇ ਨੇ ਭਰਪੂਰ ਲਾਭ
ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਐਮਰਜੈਂਸੀ ਦੀ ਸਥਿਤੀ ’ਚ ਕੀ ਕਰਨਾ ਚਾਹੀਦਾ ਹੈ?
ਜੇਕਰ ਜ਼ਿਆਦਾ ਪਾਣੀ ਪੀਣ ਨਾਲ ਵਾਟਰ ਟਾਕਸੀਸਿਟੀ ਹੋਣ ਦਾ ਸ਼ੱਕ ਹੋਵੇ ਤਾਂ ਤੁਰੰਤ ਜ਼ਰੂਰੀ ਕਦਮ ਚੁੱਕੇ ਜਾਣ। ਇਥੇ ਤੁਹਾਨੂੰ ਕੁਝ ਮਹੱਤਵਪੂਰਨ ਟਿੱਪਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ–
ਮਦਦ ਲਈ ਕਾਲ ਕਰੋ
ਤੁਰੰਤ ਪੇਸ਼ੇਵਰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰੋ ਜਾਂ ਆਪਣੇ ਸਥਾਨਕ ਐਮਰਜੈਂਸੀ ਨੰਬਰ ’ਤੇ ਕਾਲ ਕਰੋ।
ਪ੍ਰਭਾਵਿਤ ਵਿਅਕਤੀ ਦੀ ਨਿਗਰਾਨੀ ਕਰੋ
ਪ੍ਰਭਾਵਿਤ ਵਿਅਕਤੀ ਦੇ ਨਾਲ ਰਹੋ ਤੇ ਉਸ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੋ। ਇਹ ਦੇਖਦੇ ਰਹੋ ਕਿ ਕੀ ਲੱਛਣ ਗੰਭੀਰ ਹੋ ਰਹੇ ਹਨ, ਜਿਵੇਂ ਕਿ ਭਰਮ, ਭਟਕਣਾ, ਦੌਰੇ ਜਾਂ ਬੇਹੋਸ਼ੀ।
ਜ਼ਿਆਦਾ ਪਾਣੀ ਪੀਣ ਤੋਂ ਰੋਕੋ
ਪ੍ਰਭਾਵਿਤ ਵਿਅਕਤੀ ਨੂੰ ਜ਼ਿਆਦਾ ਪਾਣੀ ਪੀਣ ਜਾਂ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰਨ ਤੋਂ ਰੋਕੋ।
ਡਾਕਟਰੀ ਸਲਾਹ ਲਓ
ਜਦੋਂ ਤੱਕ ਡਾਕਟਰੀ ਸਹਾਇਤਾ ਨਹੀਂ ਆਉਂਦੀ, ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਸਲਾਹ ਕਰੋ ਕਿ ਕੀ ਕਰਨਾ ਹੈ।
ਉਲਟੀਆਂ ਕਰਨ ਦੀ ਕੋਸ਼ਿਸ਼ ਨਾ ਕਰੋ
ਪ੍ਰਭਾਵਿਤ ਵਿਅਕਤੀ ਨੂੰ ਉਲਟੀ ਕਰਨ ਲਈ ਉਤਸ਼ਾਹਿਤ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਸਥਿਤੀ ਵਿਗੜ ਸਕਦੀ ਹੈ।
ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ
ਪ੍ਰਭਾਵਿਤ ਵਿਅਕਤੀ ਨੂੰ ਜਿੰਨਾ ਸੰਭਵ ਹੋ ਸਕੇ ਸ਼ਾਂਤ ਤੇ ਆਰਾਮਦਾਇਕ ਰੱਖੋ।
ਦਵਾਈਆਂ ਦੇਣ ਤੋਂ ਪ੍ਰਹੇਜ਼ ਕਰੋ
ਤੁਹਾਨੂੰ ਕਿਸੇ ਕਿਸਮ ਦੀ ਦਵਾਈ ਨਹੀਂ ਦੇਣੀ ਚਾਹੀਦੀ, ਦਵਾਈਆਂ ਸਿਰਫ਼ ਆਪਣੇ ਸਿਹਤ ਸੰਭਾਲ ਪੇਸ਼ੇਵਰ ਦੀ ਸਲਾਹ ’ਤੇ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਲੋੜ ਪੈਣ ’ਤੇ ਮੁੱਢਲੀ ਸਹਾਇਤਾ ਦਿਓ
ਜੇਕਰ ਵਿਅਕਤੀ ਨੂੰ ਦੌਰਾ ਪੈ ਰਿਹਾ ਹੈ ਜਾਂ ਉਹ ਬੇਹੋਸ਼ ਮਹਿਸੂਸ ਕਰ ਰਿਹਾ ਹੈ ਤਾਂ ਇਹ ਯਕੀਨੀ ਬਣਾਓ ਕਿ ਉਸ ਦੇ ਆਲੇ-ਦੁਆਲੇ ਦੀ ਜਗ੍ਹਾ ਪੂਰੀ ਤਰ੍ਹਾਂ ਖਾਲੀ ਹੈ ਤੇ ਅਜਿਹੀ ਕੋਈ ਚੀਜ਼ ਨਹੀਂ ਹੈ, ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਜੇ ਤੁਸੀਂ ਜਾਣਦੇ ਹੋ ਕਿ ਮੁੱਢਲੀ ਸਹਾਇਤਾ ਕਿਵੇਂ ਦੇਣੀ ਹੈ ਤਾਂ ਤੁਸੀਂ ਡਾਕਟਰੀ ਸਹਾਇਤਾ ਆਉਣ ਤੱਕ ਅਜਿਹਾ ਕਰ ਸਕਦੇ ਹੋ।
ਕੀ ਓਵਰ ਹਾਈਡ੍ਰੇਸ਼ਨ ਤੇ ਵਾਟਰ ਇਨਟਾਕਸੀਕੇਸ਼ਨ ਦੋਵੇਂ ਇਕ ਹਨ?
ਓਵਰ ਹਾਈਡ੍ਰੇਸ਼ਨ ਦਾ ਮਤਲਬ ਹੈ ਤੁਹਾਡੇ ਸਰੀਰ ਦਾ ਲੋੜ ਤੋਂ ਵੱਧ ਪਾਣੀ ਦਾ ਸੇਵਨ ਕਰਨਾ, ਜਿਸ ਨਾਲ ਇਲੈਕਟ੍ਰੋਲਾਈਟ ਅਸੰਤੁਲਨ ਹੋ ਸਕਦਾ ਹੈ ਤੇ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਦੂਜੇ ਪਾਸੇ ਵਾਟਰ ਇਨਟਾਕਸੀਕੇਸ਼ਨ ਇਕ ਹੋਰ ਗੰਭੀਰ ਸਥਿਤੀ ਹੈ, ਜੋ ਥੋੜ੍ਹੇ ਸਮੇਂ ’ਚ ਬਹੁਤ ਜ਼ਿਆਦਾ ਪਾਣੀ ਪੀਣ ਨਾਲ ਪੈਦਾ ਹੁੰਦੀ ਹੈ। ਇਸ ਨਾਲ ਸਰੀਰ ’ਚ ਇਲੈਕਟ੍ਰੋਲਾਈਟ ਅਸੰਤੁਲਨ ਪੈਦਾ ਹੁੰਦਾ ਹੈ, ਜਿਸ ’ਚ ਸੋਡੀਅਮ ਦਾ ਪੱਧਰ ਘੱਟ ਜਾਂਦਾ ਹੈ ਤੇ ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸੰਤੁਲਿਤ ਮਾਤਰਾ ’ਚ ਪਾਣੀ ਦਾ ਸੇਵਨ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਉਮੀਦ ਹੈ ਕਿ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।