ਸਰਦੀਆਂ ’ਚ ਖੰਡ ਦੀ ਬਜਾਏ ਪੀਓ ਗੁੜ੍ਹ ਦੀ ਚਾਹ, ਸਰੀਰ ਨੂੰ ਮਿਲਣਗੇ ਅਣਗਿਣਤ ਫ਼ਾਇਦੇ

Tuesday, Dec 05, 2023 - 05:21 PM (IST)

ਸਰਦੀਆਂ ’ਚ ਖੰਡ ਦੀ ਬਜਾਏ ਪੀਓ ਗੁੜ੍ਹ ਦੀ ਚਾਹ, ਸਰੀਰ ਨੂੰ ਮਿਲਣਗੇ ਅਣਗਿਣਤ ਫ਼ਾਇਦੇ

ਜਲੰਧਰ (ਬਿਊਰੋ)– ਸਰਦੀਆਂ ਦੇ ਮੌਸਮ ਤੇ ਚਾਹ ਦਾ ਸੁਮੇਲ ਸਦੀਆਂ ਤੋਂ ਹਰ ਕਿਸੇ ਦੀ ਪਸੰਦ ਰਿਹਾ ਹੈ। ਸਰਦੀਆਂ ਦੇ ਮੌਸਮ ’ਚ ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਤੁਸੀਂ ਕੀ ਪੀਓਗੇ ਤਾਂ ਸਭ ਤੋਂ ਪਹਿਲਾ ਜਵਾਬ ਹੁੰਦਾ ਹੈ ਚਾਹ। ਹਾਲਾਂਕਿ ਸਾਨੂੰ ਸਾਰਿਆਂ ਨੂੰ ਸਰਦੀਆਂ ਦੇ ਮੌਸਮ ’ਚ ਹੋਣ ਵਾਲੀਆਂ ਬੀਮਾਰੀਆਂ ਤੇ ਇੰਫੈਕਸ਼ਨਾਂ ਨਾਲ ਲੜਨ ਲਈ ਆਪਣੇ ਸਰੀਰ ਨੂੰ ਤਿਆਰ ਕਰਨ ਦੀ ਲੋੜ ਹੈ। ਜਿਸ ’ਚ ਸਰਦੀਆਂ ਦੇ ਸੁਪਰਫੂਡਸ ਸਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਸਰਦੀਆਂ ਦੇ ਸੁਪਰਫੂਡਸ ’ਚੋਂ ਇਕ ‘ਗੁੜ੍ਹ’ ਹੈ। ਇਸ ਗੁੜ੍ਹ ਨੂੰ ਚਾਹ ’ਚ ਮਿਲਾ ਕੇ ਤੁਸੀਂ ਆਪਣੀ ਰੈਗੂਲਰ ਚਾਹ ਨੂੰ ਹੋਰ ਵੀ ਸਿਹਤਮੰਦ ਬਣਾ ਸਕਦੇ ਹੋ। ਜਾਣਨਾ ਚਾਹੁੰਦੇ ਹੋ ਕਿ ਕਿਵੇਂ? ਤਾਂ ਅਖੀਰ ਤਕ ਪੜ੍ਹੋ ਇਹ ਆਰਟੀਕਲ–

ਸਰਦੀਆਂ ’ਚ ਗੁੜ੍ਹ ਦੀ ਚਾਹ ਦੇ ਫ਼ਾਇਦੇ

ਸਰੀਰ ਨੂੰ ਰੱਖੇ ਗਰਮ ਤੇ ਵਧਾਏ ਇਮਿਊਨਿਟੀ
ਗੁੜ੍ਹ ਕਈ ਮਹੱਤਵਪੂਰਨ ਖਣਿਜਾਂ ਤੇ ਵਿਟਾਮਿਨਾਂ ਜਿਵੇਂ ਆਇਰਨ, ਜ਼ਿੰਕ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਆਦਿ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ। ਮਜ਼ਬੂਤ ਇਮਿਊਨਿਟੀ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਂਦੀ ਹੈ ਤੇ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ। ਸਰਦੀਆਂ ’ਚ ਇਨ੍ਹਾਂ ਦਾ ਸੇਵਨ ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਠੰਡ ਤੇ ਫਲੂ ਤੋਂ ਬਚਾਏ
ਗੁੜ੍ਹ ਸਰੀਰ ’ਚ ਗਰਮੀ ਪੈਦਾ ਕਰਦਾ ਹੈ ਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ। ਮਜ਼ਬੂਤ ਇਮਿਊਨਿਟੀ ਕੀਟਾਣੂਆਂ ਦੇ ਪ੍ਰਭਾਵ ਨੂੰ ਘਟਾਉਂਦੀ ਹੈ, ਜੋ ਜ਼ੁਕਾਮ ਤੇ ਖੰਘ ਦਾ ਕਾਰਨ ਬਣਦੇ ਹਨ। ਇਹ ਆਮ ਠੰਡ ਤੇ ਫਲੂ ਨਾਲ ਲੜਨ ’ਚ ਮਦਦ ਕਰਦਾ ਹੈ।

ਖ਼ੂਨ ਨੂੰ ਕਰੇ ਸਾਫ਼ ਤੇ ਜਿਗਰ ਦੇ ਜ਼ਹਿਰੀਲੇ ਤੱਤਾਂ ਨੂੰ ਕੱਢੇ ਬਾਹਰ
ਗੁੜ੍ਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਐਂਟੀ-ਆਕਸੀਡੈਂਟ ਖ਼ੂਨ ਨੂੰ ਸਾਫ਼ ਕਰਨ ਤੇ ਜਿਗਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ’ਚ ਮਦਦ ਕਰਦੇ ਹਨ। ਇਸ ਦੇ ਨਿਯਮਿਤ ਸੇਵਨ ਨਾਲ ਹੀਮੋਗਲੋਬਿਨ ਦਾ ਪੱਧਰ ਵਧਦਾ ਹੈ। ਜਦੋਂ ਸਰੀਰ ’ਚੋਂ ਜ਼ਹਿਰੀਲੇ ਤੱਤ ਪੂਰੀ ਤਰ੍ਹਾਂ ਬਾਹਰ ਨਿਕਲ ਜਾਂਦੇ ਹਨ ਤਾਂ ਇਹ ਸਰੀਰ ਨੂੰ ਤੰਦਰੁਸਤ ਰਹਿਣ ’ਚ ਮਦਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਜੇਕਰ ਤੁਸੀਂ ਵੀ ਦੇਰ ਰਾਤ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਪੜ੍ਹੋ ਇਹ ਖ਼ਬਰ, ਸਰੀਰ ਨੂੰ ਹੁੰਦੇ ਨੇ ਕਈ ਨੁਕਸਾਨ

ਭਾਰ ਘਟਾਉਣ ’ਚ ਮਦਦਗਾਰ
ਗੁੜ੍ਹ ’ਚ ਮੌਜੂਦ ਪੋਸ਼ਕ ਤੱਤ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ’ਚ ਮਦਦ ਕਰਦੇ ਹਨ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਚਾਹ ’ਚ ਮਿਠਾਸ ਪਾਉਣ ਲਈ ਖੰਡ ਦੀ ਬਜਾਏ ਗੁੜ੍ਹ ਦਾ ਸੇਵਨ ਕਰਨਾ ਕਈ ਤਰੀਕਿਆਂ ਨਾਲ ਵਧੇਰੇ ਕਾਰਗਰ ਸਾਬਿਤ ਹੋ ਸਕਦਾ ਹੈ ਤੇ ਇਹ ਸਿਹਤ ਨੂੰ ਵੀ ਬਣਾਈ ਰੱਖਦਾ ਹੈ।

ਊਰਜਾ ਸ਼ਕਤੀ ਬਣੀ ਰਹਿੰਦੀ ਹੈ
ਖੰਡ ਦੇ ਉਲਟ, ਗੁੜ੍ਹ ਇਕ ਮਜ਼ਬੂਤ ਕਾਰਬੋਹਾਈਡ੍ਰੇਟ ਹੈ। ਇਸ ਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਟੁੱਟ ਜਾਂਦਾ ਹੈ ਤੇ ਤੁਰੰਤ ਖ਼ੂਨ ਦੇ ਪ੍ਰਵਾਹ ’ਚ ਲੀਨ ਨਹੀਂ ਹੁੰਦਾ। ਅਜਿਹੀ ਸਥਿਤੀ ’ਚ ਇਹ ਸਰੀਰ ’ਚ ਹੌਲੀ-ਹੌਲੀ ਊਰਜਾ ਛੱਡਦਾ ਹੈ ਤੇ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾਵਾਨ ਬਣਾਈ ਰੱਖਣ ’ਚ ਮਦਦ ਕਰਦਾ ਹੈ।

ਕੀ ਗੁੜ੍ਹ ਦੀ ਚਾਹ ਅਕਸਰ ਫੱਟ ਜਾਂਦੀ ਹੈ?
ਕਦੇ-ਕਦੇ ਗੁੜ੍ਹ ਦੀ ਚਾਹ ਬਣਾਉਂਦੇ ਸਮੇਂ ਦੁੱਧ ਫੱਟ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗੁੜ੍ਹ ਨੂੰ ਪ੍ਰੋਸੈੱਸ ਕਰਨ ਲਈ ਅਕਸਰ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਜਦੋਂ ਤੁਸੀਂ ਦੁੱਧ ਦੇ ਨਾਲ ਗੁੜ੍ਹ ਨੂੰ ਉਬਾਲਦੇ ਹੋ ਤਾਂ ਗੁੜ੍ਹ ’ਚ ਮੌਜੂਦ ਰਸਾਇਣ ਦੁੱਧ ਨਾਲ ਰਿਐਕਟ ਕਰਦੇ ਹਨ ਤੇ ਚਾਹ ਫੱਟ ਜਾਂਦੀ ਹੈ।

ਇਸ ਤੋਂ ਬਚਣ ਲਈ ਆਰਗੈਨਿਕ ਜਾਂ ਚੰਗੀ ਕੁਆਲਿਟੀ ਦੇ ਗੁੜ੍ਹ ਦੀ ਵਰਤੋਂ ਕਰੋ। ਤੁਸੀਂ ਗੁੜ੍ਹ ਦੇ ਨਾਲ ਮਸਾਲਾ ਤੇ ਚਾਹ ਪੱਤੀ ਵੀ ਮਿਲਾ ਸਕਦੇ ਹੋ। ਇਸ ਨੂੰ ਕੁਝ ਮਿੰਟਾਂ ਲਈ ਉਬਾਲੋ ਤੇ ਫਿਰ ਦੁੱਧ ਪਾਓ। ਇਸ ਤਰ੍ਹਾਂ ਦੁੱਧ ਨਹੀਂ ਫੱਟਦਾ।

ਗੁੜ੍ਹ ਦੀ ਚਾਹ ਬਣਾਉਣ ਦਾ ਸਹੀ ਤਰੀਕਾ
ਇਸ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ ਦੁੱਧ, ਪਾਣੀ, ਚਾਹ ਪੱਤੀ, ਕਾਲੀ ਮਿਰਚ, ਛੋਟੀ ਇਲਾਇਚੀ, ਸੌਂਫ ਤੇ ਪੀਸਿਆ ਹੋਇਆ ਗੁੜ੍ਹ।

ਇਸ ਤਰ੍ਹਾਂ ਤਿਆਰ ਕਰੋ ਗੁੜ੍ਹ ਦੀ ਚਾਹ

  • ਸਭ ਤੋਂ ਪਹਿਲਾਂ ਕਾਲੀ ਮਿਰਚ, ਹਰੀ ਇਲਾਇਚੀ ਤੇ ਸੌਂਫ ਨੂੰ ਚੰਗੀ ਤਰ੍ਹਾਂ ਪੀਸ ਲਓ।
  • ਹੁਣ ਪੈਨ ’ਚ ਪਾਣੀ ਪਾ ਕੇ ਗੈਸ ’ਤੇ ਰੱਖ ਦਿਓ। ਜਦੋਂ ਇਹ ਉਬਲ ਜਾਵੇ ਤਾਂ ਇਸ ’ਚ ਚਾਹ ਪੱਤੀ ਤੇ ਸਾਰੇ ਮਸਾਲੇ ਪਾਓ।
  • ਘੱਟ ਅੱਗ ’ਤੇ ਪਾਣੀ ਨੂੰ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਉਬਲਣ ਦਿਓ।
  • ਜਦੋਂ ਪਾਣੀ ਉਬਲ ਜਾਵੇ ਤਾਂ ਲੋੜ ਅਨੁਸਾਰ ਦੁੱਧ ਪਾ ਕੇ ਦੋ ਤੋਂ ਤਿੰਨ ਮਿੰਟਾਂ ਤੱਕ ਚੰਗੀ ਤਰ੍ਹਾਂ ਉਬਾਲੋ।
  • ਅਖੀਰ ’ਚ ਚਾਹ ’ਚ ਪੀਸਿਆ ਹੋਇਆ ਗੁੜ੍ਹ ਪਾਓ ਤੇ ਇਸ ਨੂੰ ਚਾਹ ’ਚ ਚੰਗੀ ਤਰ੍ਹਾਂ ਮਿਲਾ ਲਓ। ਜਦੋਂ ਇਹ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
  • ਚਾਹ ਤਿਆਰ ਹੈ, ਇਸ ਨੂੰ ਛਾਣੋ ਤੇ ਗਰਮਾ ਗਰਮ ਆਨੰਦ ਮਾਣੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਰੋਜ਼ਾਨਾ ਇਕ ਕੱਪ ਗੁੜ੍ਹ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਸ਼ੁਰੂਆਤ ’ਚ ਹੋ ਸਕਦਾ ਹੈ ਕਿ ਤੁਹਾਡੀ ਚਾਹ ਫੱਟ ਜਾਵੇ ਪਰ ਕੁਝ ਹੀ ਦਿਨਾਂ ’ਚ ਤੁਸੀਂ ਇਸ ਨੂੰ ਬਣਾਉਣ ’ਚ ਐਕਸਪਰਟ ਹੋ ਜਾਓਗੇ।


author

Rahul Singh

Content Editor

Related News