ਪੇਟ ਦੇ ਹੇਠਲੇ ਹਿੱਸੇ ''ਚ ਦਰਦ ਅਤੇ ਭਾਰੀਪਨ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ

Thursday, Feb 05, 2026 - 03:15 PM (IST)

ਪੇਟ ਦੇ ਹੇਠਲੇ ਹਿੱਸੇ ''ਚ ਦਰਦ ਅਤੇ ਭਾਰੀਪਨ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ

ਹੈਲਥ ਡੈਸਕ - ਔਰਤਾਂ 'ਚ ਪੇਟ ਦੇ ਹੇਠਲੇ ਹਿੱਸੇ 'ਚ ਭਾਰੀਪਨ ਅਤੇ ਦਰਦ ਰਹਿਣਾ ਇਕ ਆਮ ਸਮੱਸਿਆ ਹੈ, ਪਰ ਅਕਸਰ ਔਰਤਾਂ ਇਸ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਮਾਹਰਾਂ ਅਨੁਸਾਰ, ਇਸ ਦੇ ਪਿੱਛੇ ਕਈ ਵੱਖ-ਵੱਖ ਅਤੇ ਗੰਭੀਰ ਕਾਰਨ ਹੋ ਸਕਦੇ ਹਨ ਜਿਨ੍ਹਾਂ ਲਈ ਸਮੇਂ ਸਿਰ ਡਾਕਟਰੀ ਜਾਂਚ ਬਹੁਤ ਜ਼ਰੂਰੀ ਹੈ। ਜੇਕਰ ਇਹ ਸਮੱਸਿਆ ਮਾਹਾਵਾਰੀ ਦੌਰਾਨ ਹੁੰਦੀ ਹੈ, ਤਾਂ ਗਰਭਾਸ਼ਯ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ, ਜ਼ਿਆਦਾ ਬਲੀਡਿੰਗ ਜਾਂ ਕਲੌਟਸ ਬਣਨਾ ਇਸ ਦਾ ਕਾਰਨ ਹੋ ਸਕਦਾ ਹੈ।

 ਭਾਰੀਪਨ ਅਤੇ ਦਰਦ ਦੇ ਮੁੱਖ ਕਾਰਨ :-

ਹਾਰਮੋਨਲ ਅਸੰਤੁਲਨ
- ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਹਾਰਮੋਨਸ 'ਚ ਗੜਬੜੀ ਜਾਂ ਪੀ.ਸੀ.ਓ.ਐੱਸ. (PCOS) ਕਾਰਨ ਪੇਟ ਦੇ ਹੇਠਲੇ ਹਿੱਸੇ 'ਚ ਸੋਜ ਅਤੇ ਭਾਰੀਪਨ ਬਣਿਆ ਰਹਿ ਸਕਦਾ ਹੈ।

ਗਰਭਾਸ਼ਯ 'ਚ ਰਸੌਲੀ 
- ਗਰਭਾਸ਼ਯ 'ਚ ਮਾਸ ਦੀਆਂ ਗੰਢਾਂ ਬਣਨ ਨਾਲ ਲਗਾਤਾਰ ਭਾਰੀਪਨ, ਦਬਾਅ ਅਤੇ ਬਾਰ-ਬਾਰ ਪੇਸ਼ਾਬ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਓਵਰੀ 'ਚ ਸਿਸਟ 
- ਇਸ ਕਾਰਨ ਪੇਟ ਦੇ ਇਕ ਪਾਸੇ ਤੇਜ਼ ਦਰਦ, ਸੋਜ ਜਾਂ ਖਿਚਾਅ ਮਹਿਸੂਸ ਹੁੰਦਾ ਹੈ।

ਇਨਫੈਕਸ਼ਨ 
- ਗਰਭਾਸ਼ਯ ਜਾਂ ਫੈਲੋਪੀਅਨ ਟਿਊਬ 'ਚ ਇਨਫੈਕਸ਼ਨ ਕਾਰਨ ਬਦਬੂਦਾਰ ਡਿਸਚਾਰਜ ਅਤੇ ਬੁਖਾਰ ਦੇ ਨਾਲ ਦਰਦ ਹੋ ਸਕਦਾ ਹੈ, ਜਿਸ ਦਾ ਇਲਾਜ ਨਾ ਕਰਵਾਉਣਾ ਗੰਭੀਰ ਹੋ ਸਕਦਾ ਹੈ।

ਯੂਰਿਨ ਇਨਫੈਕਸ਼ਨ 
- ਪੇਸ਼ਾਬ 'ਚ ਜਲਨ, ਵਾਰ-ਵਾਰ ਪੇਸ਼ਾਬ ਆਉਣਾ ਅਤੇ ਹੇਠਲੇ ਪੇਟ 'ਚ ਭਾਰੀਪਨ ਹੋਣਾ ਇਸ ਦੇ ਮੁੱਖ ਲੱਛਣ ਹਨ।

ਸਰੋਤਾਂ ਅਨੁਸਾਰ, ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ'ਚ ਗਰਭਾਸ਼ਯ ਦਾ ਫੈਲਣਾ ਜਾਂ ਐਕਟੋਪਿਕ ਪ੍ਰੈਗਨੈਂਸੀ ਵਰਗੀਆਂ ਖਤਰਨਾਕ ਸਥਿਤੀਆਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ। ਕਈ ਵਾਰ ਕਬਜ਼ ਅਤੇ ਗੈਸ ਕਾਰਨ ਹੋਣ ਵਾਲੇ ਭਾਰੀਪਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜੋ ਲੰਬੇ ਸਮੇਂ ਤੱਕ ਪਰੇਸ਼ਾਨ ਕਰ ਸਕਦਾ ਹੈ।

ਕਦੋਂ ਕਰੀਏ ਤੁਰੰਤ ਡਾਕਟਰ ਨਾਲ ਸੰਪਰਕ?

ਮਾਹਿਰਾਂ ਅਨੁਸਾਰ, ਜੇਕਰ ਦਰਦ ਬਹੁਤ ਤੇਜ਼ ਹੋਵੇ, ਬਲੀਡਿੰਗ ਅਸਧਾਰਨ ਹੋਵੇ, ਬੁਖਾਰ ਜਾਂ ਉਲਟੀ ਆਵੇ, ਅਚਾਨਕ ਵਜ਼ਨ ਘਟਣ ਲੱਗੇ ਜਾਂ ਇਹ ਸਮੱਸਿਆ ਲਗਾਤਾਰ 2-3 ਹਫਤਿਆਂ ਤੋਂ ਬਣੀ ਹੋਈ ਹੋਵੇ, ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਜਾਂਚ ਲਈ ਅਲਟਰਾਸਾਊਂਡ, ਬਲੱਡ ਟੈਸਟ ਅਤੇ ਯੂਰਿਨ ਟੈਸਟ ਵਰਗੇ ਟੈਸਟ ਕੀਤੇ ਜਾਂਦੇ ਹਨ।

ਰਾਹਤ ਲਈ ਕੁਝ ਘਰੇਲੂ ਨੁਸਖੇ :-

ਰਾਹਤ ਲਈ ਕੋਸੇ ਪਾਣੀ ਦੀ ਸਿਕਾਈ, ਹਲਕਾ ਯੋਗ ਅਤੇ ਸਟ੍ਰੈਚਿੰਗ ਕਰਨਾ ਫਾਇਦੇਮੰਦ ਹੁੰਦਾ ਹੈ। ਆਪਣੀ ਖੁਰਾਕ ਵਿਚ ਫਾਈਬਰ ਯੁਕਤ ਭੋਜਨ ਸ਼ਾਮਲ ਕਰੋ ਅਤੇ ਭਰਪੂਰ ਮਾਤਰਾ ਵਿਚ ਪਾਣੀ ਦਾ ਸੇਵਨ ਕਰੋ। ਨੋਟ ਕਰੋ ਕਿ ਬਿਨਾਂ ਡਾਕਟਰੀ ਸਲਾਹ ਦੇ ਕੋਈ ਵੀ ਦਵਾਈ ਨਾ ਲਓ।

 


author

Sunaina

Content Editor

Related News