ਸਿਕਰੀ ਦਾ ਰਾਮਬਾਣ ਇਲਾਜ ਕਰਦੇ ਨੇ ਇਹ 3 ਘਰੇਲੂ ਨੁਸਖ਼ੇ, ਵਾਲਾਂ ਦਾ ਝੜਨਾ ਵੀ ਹੁੰਦੈ ਘੱਟ

11/29/2023 3:16:32 PM

ਜਲੰਧਰ (ਬਿਊਰੋ)– ਜੇਕਰ ਤੁਹਾਨੂੰ ਕਿਤੇ ਬਾਹਰ ਜਾਣ ਲਈ ਤਿਆਰ ਹੋਣਾ ਪਵੇ ਤੇ ਅਚਾਨਕ ਤੁਹਾਡੇ ਸਿਰ ’ਤੇ ਸਿਕਰੀ ਦਿਖਾਈ ਦੇਣ ਲੱਗੇ ਤਾਂ ਸਾਰਾ ਮਜ਼ਾ ਹੀ ਕਿਰਕਿਰਾ ਹੋ ਜਾਂਦਾ ਹੈ। ਸਿਕਰੀ ਨਾ ਸਿਰਫ਼ ਵਾਲਾਂ ਨੂੰ ਗੰਦਾ ਦਿਖਾਉਂਦੀ ਹੈ, ਸਗੋਂ ਖੁਜਲੀ ਤੇ ਵਾਲਾਂ ਦੇ ਝੜਨ ਵਰਗੀਆਂ ਸਮੱਸਿਆਵਾਂ ਵੀ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਵਾਲਾਂ ਨੂੰ ਛੂਹਦੇ ਹੀ ਸਿਕਰੀ ਡਿੱਗਣੀ ਸ਼ੁਰੂ ਹੋ ਜਾਵੇ ਤਾਂ ਤੁਹਾਨੂੰ ਸ਼ਰਮਿੰਦਗੀ ਦਾ ਸ਼ਿਕਾਰ ਹੋਣਾ ਪਵੇਗਾ। ਇਥੇ ਕੁਝ ਨੁਸਖ਼ੇ ਹਨ, ਜੋ ਸਿਕਰੀ ਨੂੰ ਦੂਰ ਕਰਨ ’ਚ ਬਹੁਤ ਪ੍ਰਭਾਵਸ਼ਾਲੀ ਹਨ ਤਾਂ ਜੋ ਤੁਹਾਨੂੰ ਇਨ੍ਹਾਂ ਸਥਿਤੀਆਂ ’ਚੋਂ ਲੰਘਣਾ ਨਾ ਪਵੇ। ਇਨ੍ਹਾਂ ਆਯੂਰਵੈਦਿਕ ਨੁਸਖ਼ਿਆਂ ਨੂੰ ਅਜ਼ਮਾਉਣਾ ਆਸਾਨ ਹੈ ਤੇ ਨਾ ਤਾਂ ਤੁਹਾਨੂੰ ਕੋਈ ਵਾਧੂ ਪੈਸਾ ਖ਼ਰਚ ਕਰਨਾ ਪਵੇਗਾ ਤੇ ਨਾ ਹੀ ਤੁਹਾਨੂੰ ਕਿਸੇ ਕਿਸਮ ਦੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

ਸਿਕਰੀ ਲਈ ਆਯੂਰਵੈਦਿਕ ਨੁਸਖ਼ੇ
ਸਿਰ ਦੀ ਸਤ੍ਹਾ ’ਤੇ ਜਮ੍ਹਾ ਸਿਕਰੀ ਚਮੜੀ ਦੇ ਮਰੇ ਹੋਏ ਸੈੱਲਾਂ ਦੇ ਰੂਪ ’ਚ ਸਫ਼ੈਦ ਫਲੈਕਸ ਦੇ ਰੂਪ ’ਚ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਉੱਲੀ ਸੀਬਮ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ, ਜਿਸ ਕਾਰਨ ਖੋਪੜੀ ਬਹੁਤ ਜ਼ਿਆਦਾ ਸੁੱਕੀ ਹੋ ਜਾਂਦੀ ਹੈ। ਅਜਿਹੇ ’ਚ ਸਿਕਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਵਾਲਾਂ ’ਤੇ ਜ਼ਿਆਦਾ ਦੇਰ ਤੱਕ ਤੇਲ ਨਹੀਂ ਲਗਾਉਣਾ ਚਾਹੀਦਾ। ਹੁਣ ਜਾਣੋ ਕਿ ਸਿਕਰੀ ਹੋਣ ’ਤੇ ਇਸ ਨੂੰ ਕਿਵੇਂ ਦੂਰ ਕਰਨਾ ਹੈ–

ਇਹ ਖ਼ਬਰ ਵੀ ਪੜ੍ਹੋ : ਕਿਹੜੇ ਲੋਕਾਂ ਨੂੰ ਖਾਣੇ ਚਾਹੀਦੇ ਨੇ ਮਲਟੀਵਿਟਾਮਿਨ? ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ?

ਨਿੰਮ
ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਨਿੰਮ ਸਿਰ ਤੋਂ ਸਿਕਰੀ ਨੂੰ ਦੂਰ ਕਰਦੀ ਹੈ। ਨਿੰਮ ਦੀਆਂ ਪੱਤੀਆਂ ਦੀ ਵਰਤੋਂ ਵਾਲਾਂ ਦੀ ਖੁਜਲੀ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਨਿੰਮ ਦੀਆਂ ਪੱਤੀਆਂ ਨੂੰ ਪਾਣੀ ’ਚ ਉਬਾਲੋ। ਹੁਣ ਸਾਦੇ ਪਾਣੀ ’ਚ ਨਿੰਮ ਦੇ ਪਾਣੀ ਨੂੰ ਮਿਲਾ ਕੇ ਸਿਰ ਧੋ ਲਓ। ਇਸ ਨਾਲ ਸਿਕਰੀ ਦੂਰ ਹੋ ਜਾਵੇਗੀ। ਨਿੰਮ ਦੇ ਰਸ ਨੂੰ ਪਾਣੀ ’ਚ ਮਿਲਾ ਕੇ ਨਾ ਵਰਤੋ ਕਿਉਂਕਿ ਇਸ ਨਾਲ ਚਮੜੀ ’ਚ ਸਾੜ ਪੈ ਸਕਦਾ ਹੈ।

ਲਸਣ
ਤੁਸੀਂ ਲਸਣ ਦੀ ਵਰਤੋਂ ਨਾ ਸਿਰਫ਼ ਖਾਣੇ ’ਚ ਕਰ ਸਕਦੇ ਹੋ, ਸਗੋਂ ਇਸ ਨੂੰ ਵਾਲਾਂ ’ਤੇ ਲਗਾ ਕੇ ਵੀ ਕਰ ਸਕਦੇ ਹੋ। ਇਸ ਦੇ ਐਂਟੀ-ਫੰਗਲ ਗੁਣ ਖ਼ਾਸ ਤੌਰ ’ਤੇ ਸਿਕਰੀ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੁੰਦੇ ਹਨ। ਲਸਣ ਦੀਆਂ 2 ਤੁਰੀਆਂ ਲੈ ਕੇ ਉਨ੍ਹਾਂ ਨੂੰ ਪੀਸ ਕੇ ਪਾਣੀ ’ਚ ਮਿਲਾ ਲਓ। ਇਸ ਪਾਣੀ ਨੂੰ ਸਿਰ ਦੀ ਚਮੜੀ ’ਤੇ ਲਗਾਓ ਤੇ ਕੁਝ ਦੇਰ ਬਾਅਦ ਧੋ ਲਓ। ਵਾਲਾਂ ਨੂੰ ਬਦਬੂ ਤੋਂ ਬਚਾਉਣ ਲਈ ਇਸ ਪਾਣੀ ’ਚ ਸ਼ਹਿਦ ਮਿਲਾ ਸਕਦੇ ਹੋ।

ਮੇਥੀ
ਵਾਲਾਂ ਤੋਂ ਸਿਕਰੀ ਨੂੰ ਦੂਰ ਕਰਨ ਲਈ ਮੇਥੀ ਦੇ ਬੀਜਾਂ ਦੇ ਪੈਕ ਦੀ ਵਰਤੋਂ ਕਰੋ। ਇਸ ਹੇਅਰ ਪੈਕ ਨੂੰ ਬਣਾਉਣ ਲਈ ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓਂ ਦਿਓ। ਬੀਜਾਂ ਦੇ ਗਿੱਲੇ ਹੋਣ ਤੋਂ ਬਾਅਦ ਪਾਣੀ ਨੂੰ ਛਾਣ ਲਓ ਤੇ ਬੀਜਾਂ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਖੋਪੜੀ ’ਤੇ ਚੰਗੀ ਤਰ੍ਹਾਂ ਲਗਾਓ, ਇਕ ਘੰਟੇ ਲਈ ਰੱਖੋ ਤੇ ਫਿਰ ਸਿਰ ਧੋ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਸਮੱਗਰੀ ਸਲਾਹ ਸਮੇਤ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।


Rahul Singh

Content Editor

Related News