ਸਰੀਰ ਲਈ ਲਾਹੇਵੰਦ ਹੁੰਦੀ ਹੈ ''ਉੱਬਲੀ ਹੋਈ ਚਾਹ ਪੱਤੀ'', ਵਰਤੋਂ ਨਾਲ ਕਈ ਬੀਮਾਰੀਆਂ ਹੋਣਗੀਆਂ ਦੂਰ

Tuesday, Jul 02, 2024 - 06:50 PM (IST)

ਜਲੰਧਰ - ਰਸੋਈ 'ਚ ਖਾਣ-ਪੀਣ ਦੀਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਰੋਜ਼ਾਨਾਂ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ’ਚੋਂ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਵੀ ਹਨ, ਜੋ ਫਰੈੱਸ਼ਨੈੱਸ ਦਿੰਦੀਆਂ ਹਨ ਅਤੇ ਉਨ੍ਹਾਂ 'ਚੋਂ ਇਕ ਹੈ ‘ਚਾਹ ਪੱਤੀ’। ਚਾਹ ਬਣਾਉਣ ਲਈ ਵਰਤੀ ਜਾਣ ਵਾਲੀ ਪੱਤੀ ਨੂੰ ਅਕਸਰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਤੁਹਾਨੂੰ ਪਤਾ ਹੋਵੇਗਾ ਕਿ ਬੇਕਾਰ ਲੱਗਣ ਵਾਲੀ ਇਹ ਉਬਲੀ ਹੋਈ ਪੱਤੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਕਿਨ ਅਤੇ ਵਾਲਾਂ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਚਾਹ-ਪੱਤੀ 'ਚ ਐਂਟੀ-ਆਕਸੀਡੈਂਟ, ਐਂਟੀ-ਏਜਿੰਗ ਤੇ ਐਂਟੀ-ਇੰਫਲੇਮੇਟਰੀ ਗੁਣਕਾਰੀ ਤੱਤ ਪਾਏ ਜਾਂਦੇ ਹਨ, ਜੋ ਉਬਲਣ ਤੋਂ ਬਾਅਦ ਵੀ ਬਰਕਰਾਰ ਰਹਿੰਦੇ ਹਨ। ਇਸੇ ਲਈ ਇਸ ਨੂੰ ਸੁੱਟਣ ਦੀ ਥਾਂ ਇਸ ਦੀ ਵੱਖ-ਵੱਖ ਕੰਮਾਂ 'ਚ ਵਰਤੋਂ ਕਰਨੀ ਚਾਹੀਦੀ ਹੈ।

ਉਬਲੀ ਚਾਹ-ਪੱਤੀ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਫ਼ਾਇਦੇ...

1. ਡਾਰਕ ਸਰਕਲ 
ਤਣਾਅ ਅਤੇ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਦੇ ਆਲੇ-ਦੁਆਲੇ ਡਾਰਕ ਸਰਕਲ ਬਣ ਜਾਂਦੇ ਹਨ, ਜੋ ਦੇਖਣ 'ਚ ਬਹੁਤ ਬੁਰੇ ਲੱਗਦੇ ਹਨ। ਇਨ੍ਹਾਂ ਡਾਰਕ ਸਰਕਲ ਨੂੰ ਦੂਰ ਕਰਨ ਲਈ ਟੀ-ਬੈਗਸ ਨੂੰ ਠੰਡੇ ਪਾਣੀ 'ਚ ਡੁਬੋ ਕੇ ਚੰਗੀ ਤਰ੍ਹਾਂ ਨਿਚੋੜ ਲਓ। ਫਿਰ ਇਸ ਨੂੰ 10 ਮਿੰਟ ਤੱਕ ਆਪਣੀਆਂ ਅੱਖਾਂ 'ਤੇ ਰੱਖੋ। ਇਸ ਨਾਲ ਅੱਖਾਂ ਨੂੰ ਠੰਡਕ ਮਿਲੇਗੀ ਅਤੇ ਡਾਰਕ ਸਰਕਲ ਦੂਰ ਹੋ ਜਾਣਗੇ।

2.  ਵਾਲਾਂ 'ਚ ਚਮਕ
ਚਾਹ-ਪੱਤੀ ਵਾਲਾਂ ਲਈ ਕੰਡੀਸ਼ਨਰ ਦਾ ਕੰਮ ਵੀ ਕਰਦੀ ਹੈ। ਇਸ ਨੂੰ ਪਾਣੀ 'ਚ ਉਬਾਲੋ, ਫਿਰ ਛਾਣ ਕੇ ਠੰਡਾ ਕਰ ਲਓ। ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰੋ, ਇਸ ਨਾਲ ਵਾਲਾਂ 'ਚ ਚਮਕ ਆ ਜਾਵੇਗੀ।

3.  ਸਨ-ਟੈਨਿੰਗ 
ਧੁੱਪ 'ਚ ਸਨ-ਟੈਨਿੰਗ ਹੋਣਾ ਆਮ ਗੱਲ ਹੈ। ਇਸ ਦੇ ਲਈ ਤੁਸੀਂ ਟੀ-ਬੈਗਸ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਨੂੰ ਠੰਡੇ ਪਾਣੀ 'ਚ ਡੁਬੋ ਕੇ ਨਿਚੋੜ ਕੇ 10 ਮਿੰਟ ਤੱਕ ਟੈਨਿੰਗ ਵਾਲੀ ਥਾਂ 'ਤੇ ਰੱਖੋ।

4.  ਸ਼ੀਸ਼ੇ ਦੀ ਸਫ਼ਾਈ
ਸਾਫ-ਸਫਾਈ 'ਚ ਵੀ ਟੀ-ਬੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰ ਛਾਣ ਲਓ। ਫਿਰ ਇਸ ਪਾਣੀ ਨੂੰ ਸਪ੍ਰੇਅ ਦੀ ਬੋਤਲ 'ਚ ਪਾ ਕੇ ਸ਼ੀਸ਼ੇ ਦੀ ਸਫਾਈ ਕਰੋ। ਇਸ ਨਾਲ ਸ਼ੀਸ਼ੇ 'ਚ ਚਮਕ ਆਵੇਗੀ।

5. ਪੈਰਾਂ ਦੀ ਬਦਬੂ 
ਗਰਮੀਆਂ 'ਚ ਪਸੀਨੇ ਕਾਰਨ ਪੈਰਾਂ 'ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਚਾਹ-ਪੱਤੀ ਨੂੰ ਪਾਣੀ 'ਚ ਉਬਾਲ ਕੇ ਕੋਸਾ ਕਰ ਲਓ। ਫਿਰ ਇਸ 'ਚ 10 ਮਿੰਟ ਲਈ ਪੈਰਾਂ ਨੂੰ ਡੁਬੋ ਕੇ ਰੱਖੋ। ਅਜਿਹਾ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।

6.  ਬਰਤਨਾਂ ਨੂੰ ਕਰੋ ਸਾਫ
ਬਰਤਨਾਂ ਨੂੰ ਸਾਫ ਕਰਨ ਲਈ ਬਚੀ ਹੋਈ ਚਾਹ-ਪੱਤੀ ਦੀ ਵਰਤੋਂ ਕਰੋ। ਇਸ ਨਾਲ ਬਰਤਨਾਂ 'ਚ ਚਮਕ ਆਵੇਗੀ।

7.  ਬੂਟਿਆਂ ਦੀ ਖਾਦ
ਬੂਟਿਆਂ ਨੂੰ ਸਮੇਂ-ਸਮੇਂ 'ਤੇ ਖਾਦ ਦੀ ਲੋੜ ਹੁੰਦੀ ਹੈ। ਅਜਿਹੇ 'ਚ ਬਚੀ ਹੋਈ ਚਾਹ-ਪੱਤੀ ਨੂੰ ਗਮਲੇ 'ਚ ਪਾ ਦਿਓ। ਇਸ ਨਾਲ ਬੂਟੇ ਤੰਦਰੁਸਤ ਰਹਿਣਗੇ ਅਤੇ ਛੇਤੀ ਵਧਣਗੇ।

8.  ਦੰਦਾਂ ਦਾ ਦਰਦ
ਜੇ ਦੰਦਾਂ 'ਚ ਦਰਦ ਹੋਵੇ ਤਾਂ ਟੀ-ਬੈਗਸ ਨੂੰ ਪਾਣੀ 'ਚ ਡੁਬੋ ਕੇ ਨਿਚੋੜ ਲਓ ਅਤੇ ਦੰਦਾਂ 'ਤੇ ਪੰਜ ਮਿੰਟ ਲਈ ਰੱਖੋ।

9. ਸੱਟ 'ਤੇ ਅਸਰਦਾਰ
ਮਾਮੂਲੀ ਸੱਟ ਲੱਗਣ 'ਤੇ ਚਾਹ-ਪੱਤੀ ਮੱਲ੍ਹਮ ਦਾ ਕੰਮ ਕਰਦੀ ਹੈ। ਇਸਦੇ ਐਂਟੀ-ਆਕਸੀਡੈਂਟ ਤੱਤ ਸੱਟ ਨੂੰ ਛੇਤੀ ਭਰ ਦਿੰਦੇ ਹਨ। ਸੱਟ ਲੱਗਣ 'ਤੇ ਉਬਲੀ ਚਾਹ-ਪੱਤੀ ਜਾਂ ਫਿਰ ਇਸਦੇ ਪਾਣੀ ਨੂੰ ਸੱਟ 'ਤੇ ਲਗਾਓ। ਇਸ ਨਾਲ ਆਰਾਮ ਮਿਲੇਗਾ।


rajwinder kaur

Content Editor

Related News