ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦਾ ਹੈ ਕਰੇਲਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ
Thursday, Jun 03, 2021 - 11:11 AM (IST)
ਨਵੀਂ ਦਿੱਲੀ- ਕਰੇਲਾ ਸੁਆਦ ’ਚ ਕੌੜਾ ਜ਼ਰੂਰ ਹੁੰਦਾ ਹੈ ਪਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਕਸਰ ਲੋਕ ਉਸ ਦੇ ਤਿੱਖੇ ਸੁਆਦ ਦੇ ਚੱਲਦਿਆਂ ਉਸ ਦਾ ਆਨੰਦ ਨਹੀਂ ਲੈ ਪਾਉਂਦੇ ਪਰ ਜਿਵੇਂ ਕਿ ਕਿਹਾ ਗਿਆ ਹੈ ਕਿ ਇਸ ਦੇ ਸਿਹਤ ਲਈ ਬਹੁਤ ਫ਼ਾਇਦੇ ਹਨ। ਕਰੇਲਾ ਆਇਰਨ, ਮੈਗਨੀਸ਼ੀਅਮ, ਵਿਟਾਮਿਨ ਸੀ, ਡਾਇਟਰੀ ਫ਼ਾਈਬਰ ਦਾ ਚੰਗਾ ਸਰੋਤ ਹੈ ਜੋ ਸਾਡੀ ਮੁਕੰਮਲ ਸਿਹਤ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
ਸ਼ੂਗਰ ਦੇ ਇਲਾਜ ਵਿੱਚ ਫ਼ਾਇਦਾ
ਕਰੇਲੇ ’ਚ ਪੌਲੀਪੈਪਟਾਈਡ ਨਾਂ ਦਾ ਇੱਕ ਯੋਗਿਕ ਹੁੰਦਾ ਹੈ ਜੋ ਇੰਸੁਲਿਨ ਵਾਂਗ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਕਰੇਲਾ ਖਾਣ ਨਾਲ ਕੁਦਰਤੀ ਤਰੀਕੇ ਸ਼ੂਗਰ ਕਾਬੂ 'ਚ ਰਹਿੰਦੀ ਹੈ। ਜਦੋਂ ਨਿਯਮਿਤ ਤੌਰ ਉੱਤੇ ਕਰੇਲਾ ਖਾਧਾ ਜਾਂਦਾ ਹੈ ਤਾਂ ਟਾਈਪ 1 ਤੇ ਟਾਈਪ 2 ਸ਼ੂਗਰ ਤੋਂ ਪੀੜਤ ਮਰੀਜ਼ਾਂ ਵਿੱਚ ਬਲੱਡ ਗਲੂਕੋਜ਼ ਲੈਵਲ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਵਜ਼ਨ ਘੱਟ ਕਰਦਾ ਹੈ
ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਖ਼ੁਰਾਕ ਵਿੱਚ ਕਰੇਲਾ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿੱਚ ਕੈਲੋਰੀ ਤੇ ਚਿਕਨਾਈ ਦੀ ਮਾਤਰਾ ਘੱਟ ਹੁੰਦੀ ਹੈ। ਖੋਜ ਮੁਤਾਬਕ ਕਰੇਲਾ ਚਿਕਨਾਈ ਦੀਆਂ ਨਵੀਂਆਂ ਕੋਸ਼ਿਕਾਵਾਂ ਦੇ ਵਿਕਾਸ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਇਮਿਊਨ ਸਿਸਟਮ ਵਧਾਉਂਦਾ ਹੈ
ਇਨ੍ਹੀਂ ਦਿਨੀਂ ਮਹਾਮਾਰੀ ਦੌਰਾਨ ਸਭ ਨੂੰ ਆਪਣੀ ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) ਵਧਾਉਣੀ ਜ਼ਰੂਰੀ ਹੋ ਗਈ ਹੈ। ਸਾਨੂੰ ਕਿਸੇ ਵਾਇਰਸ ਜਾਂ ਬੈਕਟੀਰੀਆ ਨੂੰ ਆਪਣੇ ਸਰੀਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕਾਫ਼ੀ ਮਜ਼ਬੂਤ ਹੋਣਾ ਚਾਹੁੰਦੇ ਹਾਂ। ਕਰੇਲੇ ’ਚ ਮੌਜੂਦ ਐਂਟੀ-ਆਕਸੀਡੈਂਟਸ ਸਰੀਰ ਦੇ ਰੈਡੀਕਲ ਨੁਕਸਾਨ ਨਾਲ ਲੜਨ ਵਿੱਚ ਮਦਦ ਕਰਦੇ ਹਨ ਤੇ ਬੀਮਾਰੀ ਰੋਕਦੇ ਹਨ। ਕਰੇਲੇ ਵਿੱਚ ਐਂਟੀ-ਟਿਊਮਰ ਤੇ ਐਂਟੀ-ਕੈਂਸਰ ਵਾਲਾ ਗੁਣ ਵੀ ਪਾਇਆ ਜਾਂਦਾ ਹੈ। ਛਾਤੀ, ਸਰਵਾਈਕਲ, ਪ੍ਰੋਸਟੇਟ ਕੈਂਸਰ ਦੇ ਖ਼ਤਰੇ ਨੂੰ ਰੋਕਣ ਵਿੱਚ ਕਰੇਲਾ ਬਹੁਤ ਮਦਦ ਕਰਦਾ ਹੈ।
ਅੱਖਾਂ ਦੀ ਰੌਸ਼ਨੀ ਵਧਦੀ ਹੈ
ਜ਼ਿਆਦਾਤਰ ਲੋਕ ਸਮਾਂ ਬੀਤ ਜਾਣ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਕਮਜ਼ੋਰ ਨਜ਼ਰ, ਮੋਤੀਆਬਿੰਦ ਜਿਹੀਆਂ ਕੁਝ ਆਮ ਸਮੱਸਿਆਵਾਂ ਹਨ। ਆਪਣੀ ਖ਼ੁਰਾਕ ਵਿੱਚ ਕਰੇਲਾ ਸ਼ਾਮਲ ਕਰ ਕੇ ਨਜ਼ਰ ਨਾਲ ਸਬੰਧਤ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਉਸ ਵਿੱਚ ਬੀਟਾ ਕੈਰੋਟੀਨ ਜਿਹੇ ਯੋਗਿਕ ਤੇ ਵਿਟਾਮਿਨ ਏ ਪਾਏ ਜਾਂਦੇ ਹਨ। ਇਹ ਅੱਖਾਂ ਤੇ ਸਾਡੀ ਨਜ਼ਰ ਨੂੰ ਮਜ਼ਬੂਤ ਕਰਨ ਲਈ ਬਹੁਤ ਲਾਹੇਵੰਦ ਰਹਿੰਦਾ ਹੈ।
ਖ਼ੂਨ ਸਾਫ਼ ਕਰਦਾ ਹੈ
ਕਰੇਲੇ ਨੂੰ ਖ਼ੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ ਕਿਉਂਕਿ ਇਹ ਖ਼ੂਨ ਨੂੰ ਸਾਫ਼ ਕਰਦਾ ਹੈ। ਇਸ ਵਿੱਚ ਐਂਟੀ-ਆਕਸੀਡੈਂਟਸ ਦੀ ਬੇਹੱਦ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਬਲੱਡ ਕਾਰਣ ਹੋਣ ਵਾਲੀਆਂ ਕਈ ਸਿਹਤ ਸਮੱਸਿਆਵਾਂ ਦੇ ਇਲਾਜ ਵਿੱਚ ਮਦਦ ਕਰ ਸਕਦੀਆਂ ਹਨ। ਇਹ ਚਮੜੀ ਅਤੇ ਵਾਲ਼ਾਂ ਦੀ ਸਿਹਤ ਲਈ ਵੀ ਲਾਹੇਵੰਦ ਹੈ।