ਬਿਊਟੀ ਟਿਪਸ: ਮੇਕਅਪ ਕਰਨ ਤੋਂ ਪਹਿਲਾਂ ਇੰਝ ਕਰੋ ਆਪਣੀ ਚਮੜੀ ਨੂੰ ਤਿਆਰ

Friday, Sep 11, 2020 - 05:04 PM (IST)

ਬਿਊਟੀ ਟਿਪਸ: ਮੇਕਅਪ ਕਰਨ ਤੋਂ ਪਹਿਲਾਂ ਇੰਝ ਕਰੋ ਆਪਣੀ ਚਮੜੀ ਨੂੰ ਤਿਆਰ

ਜਲੰਧਰ (ਬਿਊਰੋ) - ਬਹੁਤ ਸਾਰੀਆਂ ਜਨਾਨੀਆਂ ਅਤੇ ਖ਼ਾਸ ਕਰ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਮੇਕਅਪ ਕਰਨਾ ਬੇਹੱਦ ਪਸੰਦ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮੇਕਅਪ ਕਰਨ ਨਾਲ ਚਿਹਰੇ ਦੀ ਸੁੰਦਰਤਾ ਵੱਧ ਜਾਂਦੀ ਹੈ ਅਤੇ ਚਿਹਰਾ ਚਮਕਣ ਲੱਗ ਜਾਂਦਾ ਹੈ ਪਰ ਜ਼ਿਆਦਾ ਮੇਕਅਪ ਕਰਨ ਨਾਲ ਚਿਹਰੇ ਦੀ ਚਮੜੀ ਨੂੰ ਨੁਕਸਾਨ ਵੀ ਹੁੰਦਾ ਹੈ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਇਸੇ ਲਈ ਸਾਨੂੰ ਸਾਰਿਆਂ ਨੂੰ ਮੇਕਅਪ ਕਰਨ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੇਕਅਪ ਕਰਨ ਤੋਂ ਪਹਿਲਾਂ ਤੁਹਾਨੂੰ ਜਿਨ੍ਹਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹ ਇਹ ਹਨ... 

ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ
ਮੇਕਅਪ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਸਭ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਚਿਹਰੇ ਦੀ ਗੰਦਗੀ ਅਤੇ ਤੇਲ ਬਾਹਰ ਨਿਕਲ ਜਾਂਦਾ ਹੈ ਅਤੇ ਤੁਹਾਡੀ ਚਮੜੀ ਕੁਦਰਤੀ ਤੌਰ ’ਤੇ ਚਮਕਣ ਲੱਗ ਪੈਂਦੀ ਹੈ। ਅਜਿਹੇ ਵਿੱਚ ਤੁਹਾਡੇ ਦੁਆਰਾ ਕੀਤਾ ਹੋਇਆ ਮੇਕਅਪ ਵੀ ਚਮਕ ਉੱਠੇਗਾ। ਜੇ ਤੁਸੀਂ ਖ਼ੁਸ਼ਕ ਚਮੜੀ 'ਤੇ ਮੇਕਅਪ ਕਰੋਗੇ ਤਾਂ ਤੁਹਾਡਾ ਚਿਹਰਾ ਖਰਾਬ ਅਤੇ ਧੁੰਦਲਾ  ਨਜ਼ਰ ਆਏਗਾ।

ਬਰਫ ਦਾ ਇਸਤੇਮਾਲ
ਜੇ ਤੁਸੀਂ ਮੇਕਅਪ ਤੋਂ ਪਹਿਲਾਂ ਕਿਸੇ ਰੁਮਾਲ ਜਾਂ ਪਤਲੇ ਕੱਪੜੇ ਵਿੱਚ ਬਰਫ ਲਪੇਟ ਕੇ ਉਸ ਨੂੰ ਆਪਣੀ ਚਮੜੀ ਤੇ ਘਸਾਓਗੇ ਤਾਂ ਇਸ ਨਾਲ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਇਸ ਨਾਲ ਚਮੜੀ ਦਾ ਖ਼ੂਨ ਦਾ ਦਬਾਅ ਬਿਹਤਰ ਹੁੰਦਾ ਹੈ ਤੇ ਤੁਹਾਡੇ ਚਿਹਰੇ 'ਤੇ ਗਜਬ ਦੀ ਚਮਕ ਆਉਂਦੀ ਹੈ। ਇੰਨਾ ਹੀ ਨਹੀਂ, ਇਹ ਤੁਹਾਡੀਆਂ ਥੱਕੀਆਂ ਹੋਈਆਂ ਅੱਖਾਂ ਨੂੰ ਅਰਾਮਦਾਇਕ ਅਹਿਸਾਸ ਦਿੰਦਾ ਹੈ। ਇਸ ਦੇ ਇਲਾਵਾ ਬਰਫ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਮੇਕਅਪ ਨੂੰ ਲੰਮੇ ਸਮੇਂ ਲਈ ਰਹਿਣਯੋਗ ਵੀ ਬਣਾ ਸਕਦੇ ਹੋ।

ਹਾਈਡ੍ਰੇਟਿੰਗ ਮਾਇਸ਼ਚੁਰਾਈਜ਼ਰ
ਮੂੰਹ ਸਾਫ਼ ਕਰਨ ਤੋਂ ਬਾਅਦ ਤੁਹਾਡੇ ਚਿਹਰੇ ਚੋਂ ਤੇਲ ਨਿਕਲ ਜਾਂਦਾ ਹੈ, ਇਸ ਲਈ ਚਿਹਰੇ ਨੂੰ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਇਸ ਨਾਲ ਤੁਹਾਡਾ ਮੇਕਅਪ ਵੀ ਉੱਖੜਿਆ-ਉੱਖੜਿਆ ਨਜ਼ਰ ਆਉਂਦਾ ਹੈ। ਖ਼ਾਸ ਤੌਰ 'ਤੇ ਜੇ ਤੁਹਾਡਾ ਚਿਹਰਾ ਖੁਸ਼ਕ ਹੈ ਤਾਂ ਤੁਹਾਨੂੰ ਹਾਈਡ੍ਰੇਟਿੰਗ ਮਾਇਸ਼ਚੁਰਾਈਜ਼ਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦੈ।

ਬੁੱਲ੍ਹਾਂ ਦਾ ਰੱਖੋ ਖ਼ਾਸ ਖਿਆਲ
ਮੇਕਅਪ ਲਈ ਚਿਹਰੇ ਨੂੰ ਤਿਆਰ ਕਰਨ ਲਈ ਤੁਹਾਨੂੰ ਆਪਣੇ ਬੁੱਲ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ। ਜੇ ਬੁੱਲ੍ਹ ਰੁੱਖੇ ਹਨ, ਤਾਂ ਤੁਹਾਨੂੰ ਲਿਪਸਟਿਕ ਤੋਂ ਪਹਿਲਾਂ ਆਪਣੇ ਬੁੱਲ੍ਹਾਂ ਨੂੰ ਤਿਆਰ ਕਰਨਾ ਹੋਵੇਗਾ। ਇਸ ਲਈ ਪਹਿਲਾਂ ਤੁਸੀਂ ਆਲਿਵ ਆਇਲ ਤੇ ਖੰਡ ਦੀ ਮਦਦ ਨਾਲ ਸਕ੍ਰਿਬ ਬਣਾ ਕੇ ਆਪਣੇ ਬੁੱਲ੍ਹਾਂ ਨੂੰ ਐਕਸਫੋਲੀਏਟ ਕਰੋ, ਤਾਂ ਕਿ ਤੁਹਾਡੇ ਬੁੱਲ੍ਹਾਂ ਤੋਂ ਖ਼ੁਸ਼ਕ ਵਾਧੂ ਚਮੜੀ ਲੱਥ ਜਾਵੇ ਅਤੇ ਉਹ ਕੋਮਲ ਹੋ ਜਾਣ। ਇਸ ਦੇ ਬਾਅਦ ਤੁਸੀਂ ਬੁੱਲ੍ਹਾਂ ਨੂੰ ਹਾਈਡ੍ਰੇਟ ਕਰਨ ਲਈ ਲਿਪ ਬਾਮ ਨੂੰ ਬੁੱਲ੍ਹਾਂ 'ਤੇ ਲਗਾਓ ਅਤੇ ਪੰਜ ਤੋਂ ਦਸ ਮਿੰਟ ਦੇ ਲਈ ਇੰਝ ਹੀ ਰਹਿਣ ਦਿਓ।


author

rajwinder kaur

Content Editor

Related News