ਕੇਲੇ ਖਾਣ ਦੇ ਕਮਾਲ ਦੇ ਫ਼ਾਇਦੇ : ਦਿਲ-ਕਿਡਨੀ ਨੂੰ ਸਿਹਤਮੰਦ ਰੱਖਣ ਦੇ ਨਾਲ ਸਰੀਰ ਦੀਆਂ ਕਈ ਲੋੜਾਂ ਨੂੰ ਕਰਦੈ ਪੂਰਾ
Tuesday, Apr 25, 2023 - 12:21 PM (IST)

ਜਲੰਧਰ (ਬਿਊਰੋ)– ਕੇਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਕੇਲੇ ਨੂੰ ਊਰਜਾ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ। ਇਹ ਐਨਰਜੀ ਬੂਸਟਰ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਸੀਂ ਤੁਰੰਤ ਊਰਜਾ ਪ੍ਰਾਪਤ ਕਰ ਸਕਦੇ ਹੋ। ਕੇਲੇ ’ਚ ਖੁਰਾਕੀ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਬੀ 6 ਤੇ ਮੈਗਨੀਜ਼ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।
ਫਾਈਬਰ ਨਾਲ ਭਰਪੂਰ
ਕੇਲੇ ’ਚ ਫਾਈਬਰ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਪਾਚਨ ਕਿਰਿਆ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਫਲ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।
ਪੋਟਾਸ਼ੀਅਮ ਦਾ ਭੰਡਾਰ
ਕੇਲੇ ’ਚ ਪੋਟਾਸ਼ੀਅਮ ਵੀ ਚੰਗੀ ਮਾਤਰਾ ’ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ ’ਚ ਤਰਲ ਦੇ ਸਹੀ ਪੱਧਰ ਨੂੰ ਬਣਾਈ ਰੱਖਣ ’ਚ ਮਦਦਗਾਰ ਹੁੰਦਾ ਹੈ। ਇਹ ਦਿਲ ਦੀ ਧੜਕਨ ਨੂੰ ਵੀ ਕੰਟਰੋਲ ਕਰਦਾ ਹੈ। ਬਲੱਡ ਪ੍ਰੈਸ਼ਰ ’ਤੇ ਸੋਡੀਅਮ ਦੇ ਪ੍ਰਭਾਵ ਨੂੰ ਵੀ ਘਟਾਉਂਦਾ ਹੈ ਤੇ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੋਟਾਸ਼ੀਅਮ ਕਿਡਨੀ ਲਈ ਫ਼ਾਇਦੇਮੰਦ ਹੁੰਦਾ ਹੈ। ਕੇਲੇ ਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਦਾ ਖ਼ਤਰਾ ਘੱਟ ਹੋ ਸਕਦਾ ਹੈ।
ਐਨਰਜੀ ਵਧਾਉਣ ’ਚ ਮਦਦਗਾਰ
ਉਂਝ ਤਾਂ ਹਰ ਉਮਰ ਦਾ ਵਿਅਕਤੀ ਆਰਾਮ ਨਾਲ ਕੇਲੇ ਦਾ ਸੇਵਨ ਕਰ ਸਕਦਾ ਹੈ। ਹਾਲਾਂਕਿ ਬੱਚਿਆਂ ਤੇ ਖਿਡਾਰੀਆਂ ਨੂੰ ਇਸ ਨੂੰ ਨਾਸ਼ਤੇ ’ਚ ਜ਼ਰੂਰ ਖਾਣਾ ਚਾਹੀਦਾ ਹੈ ਕਿਉਂਕਿ ਕੇਲਾ ਐਨਰਜੀ ਦਾ ਪੱਧਰ ਵਧਾਉਣ ’ਚ ਮਦਦਗਾਰ ਹੁੰਦਾ ਹੈ। ਕੇਲੇ ’ਚ 3 ਕਿਸਮ ਦੀ ਕੁਦਰਤੀ ਸ਼ੂਗਰ ਪਾਈ ਜਾਂਦੀ ਹੈ, ਪਹਿਲੀ ਹੈ ਸੁਕ੍ਰੋਜ਼, ਦੂਜੀ ਫਰੁਕਟੋਜ਼ ਤੇ ਤੀਜੀ ਗਲੂਕੋਜ਼।
ਇਮਿਊਨਿਟੀ ਰੱਖੇ ਮਜ਼ਬੂਤ
ਕੇਲਾ ਇਮਿਊਨਿਟੀ ਵਧਾਉਣ ’ਚ ਵੀ ਤੁਹਾਡੀ ਮਦਦ ਕਰ ਸਕਦਾ ਹੈ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਜ਼ਰੂਰੀ ਹੁੰਦਾ ਹੈ, ਜੋ ਕੇਲੇ ’ਚ ਪਾਇਆ ਜਾਂਦਾ ਹੈ। ਇਕ ਮੱਧਮ ਆਕਾਰ ਦਾ ਕੇਲਾ ਖਾਣ ਨਾਲ ਸਰੀਰ ਦੀ ਵਿਟਾਮਿਨ ਸੀ ਦੀ ਕੁਲ ਲੋੜ ਦਾ 10 ਫ਼ੀਸਦੀ ਹਿੱਸਾ ਪੂਰਾ ਹੋ ਸਕਦਾ ਹੈ।
ਨੋਟ– ਤੁਸੀਂ ਕੇਲੇ ਦਾ ਸੇਵਨ ਕਰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।