ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਕਿਸਾਨਾਂ 'ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਚ ਕੀਤੀ ਨਿਖੇਧੀ
Monday, Aug 30, 2021 - 01:55 PM (IST)
ਮੈਰੀਲੈਂਡ (ਰਾਜ ਗੋਗਨਾ): ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ (ਅਮਰੀਕਾ) ਨੇ ਇਕ ਕਾਹਲੀ ਨਾਲ ਟੈਲੀਕਾਨਫਰੰਸ ਕਰਕੇ ਕਰਨਾਲ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ 'ਤੇ ਜ਼ਾਲਿਮਾਨਾ ਢੰਗ ਨਾਲ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਲਾਠੀਚਾਰਜ ਦੀ ਨਿੰਦਾ ਕਰਨ ਵਾਲਿਆਂ ਵਿਚ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਆਗੂ ਬਲਜਿੰਦਰ ਸਿੰਘ ਸੰਮੀ ਤੋਂ ਇਲਾਵਾ ਸ: ਪ੍ਰੀਤਪਾਲ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਗੁਜਰਾਲ, ਗੁਰਵਿੰਦਰ ਸੇਠੀ, ਮਹਿੰਦਰ ਸੇਠੀ, ਬਲਜੀਤ ਗਿੱਲ, ਸਰਬਜੀਤ ਢਿੱਲੋਂ, ਰਣਜੀਤ ਸਿੰਘ, ਸੁਰਿੰਦਰ ਸਿੰਘ ਬਾਬੂ ,ਧਰਮਪਾਲ ਸਿੰਘ ,ਗੁਰਤੇਜ ਸਿੰਘ ਤੇਜੀ, ਦਲਵੀਰ ਸਿੰਘ, ਜੌਨੀ ਸਿੰਘ, ਭੁਪਿੰਦਰ ਸਿੰਘ, ਗੁਰਭਿੰਦਰ ਸਿੰਘ, ਕਰਮਜੀਤ ਸਿੰਘ, ਮਲਕੀਤ ਸਿੰਘ ਬਾਘਾ, ਸ਼ਿਵਰਾਜ ਸਿੰਘ ਗੋਰਾਇਆ, ਮਨਿੰਦਰਪਾਲ ਮਣੀ ਦੇ ਨਾਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ।
ਸ: ਬਲਜਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਕਰਨਾਲ ਦੇ ਐਸਡੀਐਮ ਅਯੂਸ਼ ਸਿਨਹਾ ਨੇ ਪੁਲਸ ਨੂੰ ਕਿਸਾਨਾਂ 'ਤੇ ਅੰਨ੍ਹੇਵਾਹ ਤਸ਼ੱਦਦ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਇਹ ਦੁਖਾਂਤ ਵਾਪਰਿਆ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਗ਼ੈਰ ਜ਼ਿੰਮੇਵਾਰ ਅਫ਼ਸਰਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਿੱਖਸ ਆਫ ਅਮੇਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਸਿੰਘ ਜੱਸੀ ਵੱਲੋਂ ਵੀ ਹਰਿਆਣਾ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਰੌਸ ਦਰਜ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸਰੂਪਾਂ' ਦੀ ਵਿਦੇਸ਼ਾਂ 'ਚ ਛਪਾਈ ਦੀ ਇਜਾਜ਼ਤ 'ਤੇ ਕੈਨੇਡਾ ਦੀਆਂ ਜਥੇਬੰਦੀਆਂ ਨੇ ਜਤਾਈ ਨਰਾਜ਼ਗੀ
ਸੰਮੀ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨਾਲ ਦੁਰਵਿਹਾਰ ਕਰ ਕੇ ਆਪਣੀ ਬੇੜੀਆਂ ਵਿੱਚ ਵੱਟੇ ਪਾ ਰਹੀ ਹੈ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਉਸ ਨਾਲ ਆਹਢਾ ਲੈਣ ਦੀ ਬਜਾਏ ਉਸ ਦੀ ਗੱਲ ਸੁਣ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ। ਸ: ਸ਼ੰਮੀ ਨੇ ਕਿਹਾ ਕਿ ਇਸ ਮਸਲੇ ਸਬੰਧੀ ਸੰਯੁਕਤ ਕਿਸਾਨ ਮੋਰਚਾ ਵਲੋਂ ਇਕ ਰੋਸ ਪੱਤਰ ਵਾਸ਼ਿੰਗਟਨ ਵਿਚ ਸਥਿਤ ਭਾਰਤੀ ਐਬੰਸੀ ਨੂੰ ਦਿੱਤਾ ਜਾਵੇਗਾ।