ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਮੌਤ

Thursday, Nov 11, 2021 - 09:59 AM (IST)

ਵਿਸ਼ਵ ਚੈਂਪੀਅਨ ਨਿਸ਼ਾ ਦਹੀਆ ਨਹੀਂ ਸਗੋਂ ਇਸ ਪਹਿਲਵਾਨ ਦਾ ਹੋਇਆ ਹੈ ਕਤਲ, ਭਰਾ ਦੀ ਵੀ ਮੌਤ

ਸੋਨੀਪਤ/ਗੋਂਡਾ (ਭਾਸ਼ਾ) : ਹਰਿਆਣਾ ਦੇ ਸੋਨੀਪਤ ਵਿਚ ਇਕ ਅਕੈਡਮੀ ਵਿਚ ਅਣਪਛਾਤੇ ਹਮਲਾਵਰਾਂ ਨੇ ਨਿਸ਼ਾ ਦਹੀਆ ਨਾਮ ਦੀ ਪਹਿਲਵਾਨ ਅਤੇ ਉਸ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਮਹਿਲਾ ਪਹਿਲਵਾਨ ਦਾ ਕਤਲ ਕੀਤਾ ਗਿਆ, ਉਸ ਦੀ ਪਛਾਣ ਨੂੰ ਲੈ ਕੇ ਭੁਲੇਖਾ ਪੈਦਾ ਹੋ ਗਿਆ ਅਤੇ ਕਈ ਖ਼ਬਰਾਂ ਵਿਚ ਉਸ ਨੂੰ ਅੰਡਰ-23 ਵਰਗ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਦੱਸ ਦਿੱਤਾ ਗਿਆ। ਵਿਸ਼ਵ ਚੈਂਪੀਅਨ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਦਾ ਨਾਮ ਵੀ ਨਿਸ਼ਾ ਦਾਹੀਆ ਹੀ ਹੈ। ਪੁਲਸ ਨੇ ਦੱਸਿਆ ਕਿ ਜਿਨ੍ਹਾਂ ਭੈਣ-ਭਰਾ ਦਾ ਕਤਲ ਕੀਤਾ ਗਿਆ ਹੈ, ਉਨ੍ਹਾਂ ਦੀ ਮਾਂ ਵੀ ਇਸ ਹਮਲੇ ਵਿਚ ਜ਼ਖ਼ਮੀ ਹੋਈ ਹੈ ਅਤੇ ਉਨ੍ਹਾਂ ਨੂੰ ਰੋਹਤਕ ਵਿਚ ਪੀ.ਜੀ.ਆਈ.ਐੱਮ.ਐੱਸ. ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦਹੀਆ ਦੇ ਭਰਾ ਦੀ ਲਾਸ਼ ਅਕੈਡਮੀ ਤੋਂ ਕੁੱਝ ਦੂਰੀ ’ਤੇ ਨਹਿਰ ਦੇ ਨੇੜਿਓਂ ਮਿਲੀ। ਸੋਨੀਪਤ ਦੇ ਸਹਾਇਕ ਪੁਲਸ ਸੁਪਰਡੈਂਟ ਮਯੰਕ ਗੁਪਤਾ ਨੇ ਦਹੀਆ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸੋਨੀਪਤ ਦੇ ਹਲਾਲਪੁਰ ਵਿਚ ਸੁਸ਼ੀਲ ਕੁਮਾਰ ਰੈਸਲਿੰਗ ਅਕੈਡਮੀ ਵਿਚ ਵਾਪਰੀ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਹਾਲਾਂਕਿ ਕਈ ਖ਼ਬਰਾਂ ਵਿਚ ਦਹੀਆ ਨੂੰ ਵਿਸ਼ਵ ਤਮਗਾ ਜੇਤੂ ਦੱਸਿਆ ਗਿਆ, ਜਿਸ ਨੂੰ ਕੁੱਝ ਦਿਨ ਪਹਿਲਾਂ ਬੇਲਗ੍ਰੇਡ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਲਈ ਬੁੱਧਵਾਰ ਸਵੇਰੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਇਕ ਵੀਡੀਓ ਸਾਂਝੀ ਕਰਕੇ ਸਥਿਤੀ ਸਪਸ਼ਟ ਕੀਤੀ। ਇਸ ਵਿਚ ਪਹਿਲਵਾਨ ਨਿਸ਼ਾ ਦਹੀਆ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਰਾਸ਼ਟਰੀ ਚੈਂਪੀਅਨਸ਼ਿਪ ਲਈ ਇਸ ਸਮੇਂ ਗੋਂਡਾ ਵਿਚ ਹੈ ਅਤੇ ਠੀਕ ਹੈ। ਉਸ ਨਾਲ 2016 ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਬੈਠੀ ਦਿਖਾਈ ਦੇ ਰਹੀ ਹੈ। ਭਾਰਤੀ ਮਹਿਲਾ ਟੀਮ ਨਾਲ ਬੇਲਗ੍ਰੇਡ ਗਏ ਕੋਚ ਰਣਧੀਰ ਮਲਿਕ ਨੇ ਕਿਹਾ, ‘ਜਿਸ ਕੁੜੀ ਦੀ ਮੌਤ ਹੋਈ ਹੈ ਉਹ ਸੋਨੀਪਤ ਦੇ ਹਲਾਲਪੁਰ ਪਿੰਡ ਦੀ ਨਵੀਂ ਪਹਿਲਵਾਨ ਸੀ। ਉਸ ਦਾ ਨਾਮ ਵੀ ਨਿਸ਼ਾ ਦਹੀਆ ਹੈ ਪਰ ਉਹ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਨਿਸ਼ਾ ਨਹੀਂ ਹੈ। ਚੈਂਪੀਅਨਸ਼ਿਪ ਵਿਚ ਜਾਣ ਵਾਲੀ ਨਿਸ਼ਾ ਸੁਰੱਖਿਅਤ ਹੈ। ਇਹ ਫਰਜ਼ੀ ਖ਼ਬਰ ਹੈ ਕਿ ਉਸ ਦੀ ਮੌਤ ਹੋ ਗਈ ਹੈ।’

ਇਹ ਵੀ ਪੜ੍ਹੋ : ਮਲਾਲਾ ਯੂਸਫਜ਼ਈ ਨੇ ਕਰਾਇਆ ਨਿਕਾਹ, ਪਾਕਿ ਕ੍ਰਿਕਟ ਨਾਲ ਖ਼ਾਸ ਰਿਸ਼ਤਾ ਰੱਖਦੇ ਹਨ ਪਤੀ ਅਸਰ ਮਲਿਕ

ਸੋਨੀਪਤ ਵਿਚ ਪੁਲਸ ਨੂੰ ਸ਼ੱਕ ਹੈ ਕਿ ਅਕੈਡਮੀ ਦਾ ਇਕ ਕੋਚ ਪਵਨ ਇਸ ਘਿਨਾਉਣੀ ਘਟਨਾ ਦੇ ਪਿਛੇ ਹੋ ਸਕਦਾ ਹੈ। ਪਵਨ ਦੀ ਪਤਨੀ ਵੀ ਅਕੈਡਮੀ ਵਿਚ ਹੀ ਕੋਚ ਸੀ। ਪੁਲਸ ਮੁਤਾਬਕ ਕੋਚ ਪਵਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਫਰਾਰ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵਾਰਦਾਤ ਦੇ ਪਿਛੇ ਫਿਲਹਾਲ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ 5 ਤੋਂ 6 ਗੋਲੀਆਂ ਚਲਾਈਆਂ ਗਈਆਂ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
 


author

cherry

Content Editor

Related News