ਖੜ੍ਹੇ ਟਰੱਕਾਂ ਵਿਚ ਜਾ ਵੱਜਾ ਟਰੱਕ, ਨੌਜਵਾਨ ਦੀ ਦਰਦਨਾਕ ਮੌਤ

Monday, May 20, 2024 - 02:35 PM (IST)

ਖੜ੍ਹੇ ਟਰੱਕਾਂ ਵਿਚ ਜਾ ਵੱਜਾ ਟਰੱਕ, ਨੌਜਵਾਨ ਦੀ ਦਰਦਨਾਕ ਮੌਤ

ਬਟਾਲਾ (ਸਾਹਿਲ) : ਬਟਾਲਾ-ਕਾਦੀਆਂ ਰੋਡ ’ਤੇ ਖੜ੍ਹੇ ਦੋ ਟਰੱਕਾਂ ਵਿਚ ਟਰੱਕ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।  ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਰਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਰਦੋਝੰਡੇ ਜੋ ਕਾਦੀਆਂ ਵਲੋਂ ਆਪਣੇ ਟਰੱਕ ’ਤੇ ਕਣਕ ਲੱਦ ਕੇ ਬਟਾਲਾ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਇਹ ਅੱਧੀ ਰਾਤ ਤੋਂ ਬਾਅਦ ਕਰੀਬ ਦੋ ਵਜੇ ਬਟਾਲਾ-ਕਾਦੀਆਂ ਰੋਡ ’ਤੇ ਸਥਿਤ ਪਿੰਡ ਸ਼ਾਹਬਾਦ ਨੇੜੇ ਪਹੁੰਚਿਆ ਤਾਂ ਇਥੇ ਪਹਿਲਾਂ ਤੋਂ ਖੜ੍ਹੇ ਦੋ ਟਰੱਕਾਂ ਦਰਮਿਆਨ ਅਚਾਨਕ ਇਸ ਦਾ ਟਰੱਕ ਜਾ ਵੱਜਾ, ਜਿਸਦੇ ਸਿੱਟੇ ਵਜੋਂ ਇਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਦਕਿ ਟਰੱਕ ਕਾਫੀ ਨੁਕਸਾਨਿਆ ਗਿਆ।

ਹਾਦਸੇ ਦੀ ਸੂਚਨਾ ਮਿਲਦਿਆਂ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਕਤ ਟਰੱਕ ਚਾਲਕ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਬਲਦੇਵ ਰਾਜ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਮਾਤਾ ਰਾਜ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਸੀ. ਆਰ.ਪੀ.ਸੀ ਤਹਿਤ ਬਣਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News