ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਬਟਾਲਾ ''ਚ ਮਾਹੌਲ ਤਨਾਅਪੂਰਨ, ਦੁਕਾਨ ਮਾਲਿਕ ਦੇ ਹੱਕ ’ਚ ਆਈਆਂ ਨਿਹੰਗ ਜਥੇਬੰਦੀਆਂ

Friday, Oct 21, 2022 - 06:10 PM (IST)

ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਬਟਾਲਾ ''ਚ ਮਾਹੌਲ ਤਨਾਅਪੂਰਨ, ਦੁਕਾਨ ਮਾਲਿਕ ਦੇ ਹੱਕ ’ਚ ਆਈਆਂ ਨਿਹੰਗ ਜਥੇਬੰਦੀਆਂ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ’ਚ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਮਾਹੌਲ ਤਨਾਅਪੂਰਨ ਹੋ ਗਿਆ ਹੈ। ਸ਼ਹਿਰ ਦੇ ਵਿਚਕਾਰ ਇਕ ਮਾਰਕੀਟ ਦੇ ਮਾਲਿਕ ਵਲੋਂ ਨਿਹੰਗ ਸਿੰਘਾਂ ਨਾਲ ਮਿਲ ਕੇ ਦੁਕਾਨਾਂ ਦੇ ਬਾਹਰ ਟੈਂਟ ਲਗਾ ਦਿੱਤੇ ਗਏ ਅਤੇ ਰਾਹ ਵੀ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਦੁਕਾਨਦਾਰਾਂ ਦਾ ਦੋਸ਼ ਹੈ ਕਿ ਉਹ ਕਈ ਸਾਲਾਂ ਤੋਂ ਕਿਰਾਏ ’ਤੇ ਹਨ ਅਤੇ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਪੁੱਜੀ ਬਟਾਲਾ ਪੁਲਸ ਨੇ ਵਿਚਕਾਰ ਪੈ ਕੇ ਮਾਹੌਲ ਨੂੰ ਸ਼ਾਂਤ ਕੀਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਕਿ ਦੁਕਾਨਦਾਰ ਜੋ ਸ਼ਿਕਾਇਤ ਦੇਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਫ਼ੀ ਲੰਬੇ ਸਮੇਂ ਦੀ ਜਦੋ-ਜਹਿਦ ਮਗਰੋਂ ਪੁਲਸ ਨੇ ਦੋਵਾਂ ਧਿਰਾਂ ਨੂੰ ਮਨਾਇਆ ਤੇ ਰਸਤਾ ਖੁੱਲ੍ਹਵਾਇਆ। ਪੁਲਸ ਨਿਹੰਗ ਜਥੇਬੰਦੀਆਂ ਅਤੇ ਦੁਕਨਾਦਾਰਾਂ ਨੂੰ ਬੈਠ ਕੇ ਮਸਲਾ ਹੱਲ ਕਰਵਾਉਣ ਲਈ ਥਾਣੇ ਲੈ ਕੇ ਗਈ।

PunjabKesari

ਇਸ ਮੌਕੇ ਦੁਕਨਾਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ ਦੁਕਾਨਾਂ ਸਾਹਮਣੇ ਨਿਹੰਗ ਸਿੰਘਾਂ ਨੂੰ ਬਿਠਾ ਕੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁਰਾਣੇ ਦੁਕਾਨ ਮਾਲਿਕਾਂ ਨੂੰ ਕਿਰਾਇਆ ਦੇਣ ਲਈ ਤਿਆਰ ਹਾਂ ਪਰ ਮੌਜੂਦਾ ਮਾਲਿਕ ਨੇ ਸਾਡੇ ਕੋਲੋਂ ਕਿਰਾਇਆ ਲੈਣਾ ਹੈ ਤਾਂ ਕਾਨੂੰਨ ਦੇ ਮੁਤਾਬਿਕ ਕਿਰਾਇਆ ਲਵੇ। ਦੁਕਨਾਦਾਰਾਂ ਨੇ ਮੌਜ਼ੂਦਾ ਮਾਲਿਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਜਬਰੀ ਦੁਕਾਨਾਂ ਦੇ ਤਾਲੇ ਤੋੜ ਕੇ ਨਵੇਂ ਤਾਲੇ ਮਾਰ ਦਿੱਤੇ ਗਏ ਹਨ ਜੋ ਸਰਾਸਰ ਗਲਤ ਹੈ। ਦੁਕਾਨਦਾਰਾਂ ਨੇ ਗੁੱਸੇ ’ਚ ਆਕੇ ਦੁਕਾਨਾਂ ਅੱਗੇ ਲੱਗੇ ਟੈਂਟ ਵੀ ਪੁਲਸ ਦੀ ਹਾਜ਼ਰੀ ’ਚ ਪਾੜ ਦਿੱਤੇ। ਉਧਰ ਇਸ ਮਾਮਲੇ ਸਬੰਧੀ ਨਿਹੰਗ ਸਿੰਘਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ।

ਬਟਾਲਾ ਦੇ ਐੱਸ.ਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਕਨਾਦਾਰਾਂ ਅਤੇ ਮੌਜ਼ੂਦਾ ਦੁਕਾਨ ਮਾਲਿਕ ਵਿਚਕਾਰ ਦੁਕਾਨਾਂ ਨੂੰ ਲੈ ਕੇ ਵਿਵਾਦ ਸੀ ਜਿਸ ਨੂੰ ਲੈਕੇ ਦੁਕਾਨ ਮਾਲਿਕ ਨੇ ਦੁਕਾਨਾਂ ਦੇ ਅਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾ ਦਿੱਤਾ ਜਿਸ ਤੋਂ ਨਾਰਾਜ਼ ਦੁਕਨਾਦਾਰਾਂ ਨੇ ਵੀ ਚੌਕ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੁਕਾਨਾਂ ਅਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾਉਣਾ ਸਰਾਸਰ ਗਲਤ ਹੈ ਅਤੇ ਦੁਕਨਾਦਾਰਾਂ ਦੀ ਸ਼ਿਕਾਇਤ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News