ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਕੰਪਿਊਟਰ ਬੰਦ ਤੇ ਕਲਮ ਛੋੜ ਹੜਤਾਲ ਜਾਰੀ, ਠੱਪ ਰਿਹਾ ਦਫ਼ਤਰੀ ਕੰਮ-ਕਾਜ

10/12/2022 5:44:38 PM

ਗੁਰਦਾਸਪੁਰ (ਜੀਤ ਮਠਾਰੂ) : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸ਼ੁਰੂ ਕੀਤੀ 6 ਰੋਜ਼ਾ ਕਲਮਛੋੜ ਅਤੇ ਕੰਪਿਊਟਰ ਬੰਦ ਹੜਤਾਲ ਜਾਰੀ ਹੈ। ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ, ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ 'ਚ ਵੱਖ-ਵੱਖ ਵਿਭਾਗਾਂ ਦੇ ਕਲੈਰੀਕਲ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਰੋਸ ਵਜੋਂ ਗੇਟ ਰੈਲੀ ਕਰਕੇ ਨਾਅਰੇਬਾਜ਼ੀ ਕੀਤੀ ਗਈ।

ਜ਼ਿਲ੍ਹਾ ਪ੍ਰਧਾਨ ਸਾਵਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਰਾਜਦੀਪ ਸਿੰਘ ਰੰਧਾਵਾ, ਵਿੱਤ ਸਕੱਤਰ ਮੈਂਨੂੰਐਲ ਨਾਹਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਪ੍ਰਤੀ ਬੜਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ, ਜਿਸ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਕੰਮ ਠੱਪ ਕੀਤਾ ਗਿਆ ਹੈ।

ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਕਾਰਨ ਮੁਲਾਜ਼ਮਾਂ ਅੰਦਰ ਰੋਸ ਵੱਧਦਾ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਅਜੇ ਵੀ ਸੂਬਾ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਬੁਲਾ ਕੇ ਮੰਗਾਂ ਦਾ ਹੱਲ ਨਹੀਂ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰਿਲੀਜ਼ ਕਰਨ, ਰਹਿੰਦਾ ਬਕਾਇਆ ਜਾਰੀ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਸੋਧ ਕੇ ਲਾਗੂ ਕਰਨਾ ਆਦਿ ਮੁੱਖ ਮੰਗਾਂ ਜਲਦ ਪੂਰੀਆਂ ਕਰਨ ਦੀ ਗੱਲ ਆਖੀ ਗਈ।


Mandeep Singh

Content Editor

Related News