ਨਰੋਟ ਜੈਮਲ ਸਿੰਘ ਨੇੜੇ ਪੁਲਸ ਨੇ ਪਸ਼ੂ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ, ਦੋ ਪਸ਼ੂਆਂ ਦੀ ਮੌਤ
Thursday, Jun 18, 2026 - 09:03 PM (IST)
ਬਮਿਆਲ, (ਹਰਜਿੰਦਰ ਸਿੰਘ ਗੋਰਾਇਆ): ਪੰਜਾਬ ਪੁਲਸ ਵੱਲੋਂ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਨੇੜੇ ਇੱਕ ਵੱਡੀ ਕਾਰਵਾਈ ਕਰਦਿਆਂ ਪਸ਼ੂ ਤਸਕਰੀ 'ਚ ਵਰਤੇ ਜਾ ਰਹੇ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਨੰਬਰ ਵਾਲੇ ਇਸ ਟਰੱਕ 'ਚ ਸੱਤ ਗੌਵੰਸ਼ੀ ਪਸ਼ੂਆਂ ਨੂੰ ਬੇਹੱਦ ਬੇਰਹਿਮੀ ਨਾਲ ਲੋਡ ਕੀਤਾ ਗਿਆ ਸੀ।
ਪੁਲਸ ਵੱਲੋਂ ਟਰੱਕ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਪਸ਼ੂਆਂ ਨੂੰ ਲੁਕਾਉਣ ਲਈ ਉਨ੍ਹਾਂ ਦੇ ਉੱਪਰ ਪਾਣੀ ਦੀਆਂ ਪੇਟੀਆਂ ਲੋਡ ਕੀਤੀਆਂ ਗਈਆਂ ਸਨ। ਜਦੋਂ ਟਰੱਕ ਖੋਲ੍ਹ ਕੇ ਦੇਖਿਆ ਗਿਆ ਤਾਂ ਦੋ ਗਊਵੰਸ਼ੀ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ, ਜਦਕਿ ਬਾਕੀ ਪਸ਼ੂਆਂ ਦੀ ਹਾਲਤ ਬਹੁਤ ਨਾਜ਼ੁਕ ਸੀ। ਇਨ੍ਹਾਂ ਵਿੱਚੋਂ ਚਾਰ ਪਸ਼ੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਪਸ਼ੂ ਡਾਕਟਰਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਜ਼ਖ਼ਮੀ ਪਸ਼ੂਆਂ ਦਾ ਇਲਾਜ ਸ਼ੁਰੂ ਕਰਵਾਇਆ। ਇਸ ਦੌਰਾਨ ਇਲਾਕੇ ਦੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੇ ਅਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵਿੱਚ ਸਹਿਯੋਗ ਦਿੱਤਾ।
