ਅੰਮ੍ਰਿਤਧਾਰੀ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਕਰ ਕੇ ਜ਼ਬਰਦਸਤੀ ਮੂੰਹ ’ਚ ਪਾਈ ਸ਼ਰਾਬ

07/15/2021 3:16:55 PM

ਧਾਰੀਵਾਲ (ਖੋਸਲਾ, ਬਲਬੀਰ) : ਇੱਥੇ ਇਕ ਅੰਮ੍ਰਿਤਧਾਰੀ ਵਿਅਕਤੀ ਦੀ 4 ਅਣਪਛਾਤੇ ਵਿਅਕਤੀਆਂ ਵੱਲੋਂ ਕੇਸਾਂ ਦੀ ਬੇਅਦਬੀ ਕਰਨ, ਮੂੰਹ ’ਚ ਸ਼ਰਾਬ ਪਾਉਣ ਦੀ ਵਾਪਰੀ ਘਟਨਾ ਨਾਲ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਪੀੜਤ ਬਲਵੰਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਬੱਲ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਜਦ ਉਹ ਆਪਣੇ ਵਾਹਨ ’ਤੇ ਪਿੰਡ ਬੱਲ ਤੋਂ ਕੋਟ ਸੰਤੋਖ ਰਾਏ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਇਕ ਵਿਅਕਤੀ ਨੇ ਉਸਨੂੰ ਰੋਕਿਆ ਅਤੇ ਨਾਲ ਪਿੰਡ ਵੱਲ ਲਿਜਾਣ ਲਈ ਕਿਹਾ। ਜਦ ਉਹ ਕੁਝ ਦੂਰੀ ’ਤੇ ਹੀ ਗਿਆ ਤਾਂ ਉਕਤ ਵਿਅਕਤੀ ਤੇਜ਼ਧਾਰ ਹਥਿਆਰ ਦਾ ਡਰ ਦੇ ਕੇ ਉਸਨੂੰ ਜ਼ਬਰਨ ਪਿੰਡ ਭਿਖਾਰੀਵਾਲ ਵੱਲ ਲੈ ਗਿਆ, ਜਿੱਥੇ ਇਕ ਸੁੰਨਸਾਨ ਜਗ੍ਹਾ ’ਤੇ ਉਸਦੇ 3 ਸਾਥੀ ਖੜ੍ਹੇ ਸਨ। ਉਕਤ ਜਗ੍ਹਾ ’ਤੇ ਉਕਤ ਚਾਰੋਂ ਵਿਅਕਤੀਆਂ ਨੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਮੂੰਹ ’ਚ ਸ਼ਰਾਬ ਪਾਈ ਪਰ ਉਸ ਵੱਲੋਂ ਵਿਰੋਧ ਕਰਨ ’ਤੇ ਉਕਤ ਵਿਅਕਤੀ ਉਸਨੂੰ ਕਿਰਚਾਂ ਨਾਲ ਜ਼ਖ਼ਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਮੁਸ਼ਕਿਲ ਨਾਲ ਪਿੰਡ ਆਲੋਵਾਲ ’ਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਕੋਲ ਗਿਆ, ਜਿਸ ਤੋਂ ਬਾਅਦ ਉਸਨੂੰ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ।


Harnek Seechewal

Content Editor

Related News