550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਦਾ ਇੱਕ ਹੋਰ ਉਪਰਾਲਾ
Thursday, Nov 07, 2019 - 10:32 AM (IST)
ਪਟਿਆਲਾ/ਬਟਾਲਾ (ਰਾਜੇਸ਼, ਜੋਸਨ, ਮਠਾਰੂ)— ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ, ਆਪਣੀ ਵਿਲੱਖਣ ਸੇਵਾ ਕਾਰਜ-ਸ਼ੈਲੀ ਅਤੇ ਖੁੱਲ੍ਹਦਿਲੀ ਕਾਰਨ ਪੂਰੀ ਦੁਨੀਆ ਅੰਦਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ 'ਤੇ ਆਉਣ ਵਾਲੇ ਅੰਗਹੀਣ ਅਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 12 ਵੀਲ੍ਹ ਚੇਅਰਜ਼ ਦਾ ਪ੍ਰਬੰਧ ਕੀਤਾ ਗਿਆ ਹੈ।
ਡਾ. ਉਬਰਾਏ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੂਆਂ ਦੇ ਵਾਹਨ ਖੜ੍ਹੇ ਕਰਨ ਲਈ ਡੇਰਾ ਬਾਬਾ ਨਾਨਕ ਵਿਖੇ ਸਰਕਾਰ ਵੱਲੋਂ ਵਾਹਨਾਂ ਅਨੁਸਾਰ ਵੱਖ-ਵੱਖ ਬਣਾਈਆਂ ਜਾ ਰਹੀਆਂ 6 ਪਾਰਕਿੰਗਜ਼ ਅੰਦਰ ਅੰਗਹੀਣ ਅਤੇ ਬਜ਼ੁਰਗ ਯਾਤਰੀਆਂ ਦੀ ਸਹੂਲਤ ਲਈ 2-2 ਵੀਲ੍ਹ ਚੇਅਰਜ਼ ਰੱਖੀਆਂ ਜਾਣਗੀਆਂ। ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਵੀ ਦੂਰ-ਦੁਰਾਡੇ ਤੋਂ ਆਉਣ ਵਾਲੇ ਅੰਗਹੀਣ ਅਤੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਤੇ ਜਲੰਧਰ ਦੇ ਰੇਲਵੇ ਸਟੇਸ਼ਨਾਂ 'ਤੇ 5-5 ਵੀਲ੍ਹ ਚੇਅਰਜ਼ ਜਦ ਕਿ ਅਚਾਨਕ ਲੋੜ ਪੈਣ 'ਤੇ ਵਰਤੋਂ 'ਚ ਲਿਆਉਣ ਲਈ 1-1 ਟਾਇਰਾਂ ਵਾਲੇ ਸਟਰੈਚਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।
ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਜਲਦ ਹੀ ਰਸਤੇ ਤੋਂ ਇਲਾਵਾ ਇੱਥੇ ਬਣਨ ਵਾਲੀਆਂ ਯਾਤਰੂ ਸਰਾਵਾਂ ਅੰਦਰ ਅਤੇ ਇਮੀਗ੍ਰੇਸ਼ਨ ਦਫ਼ਤਰਾਂ ਵਿਚ ਪੀਣ ਵਾਲੇ ਸਾਫ਼ (ਆਰ. ਓ. ਫਿਲਟਰਡ) ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤਹਿਤ ਟਰੱਸਟ ਵੱਲੋਂ ਸਰਹੱਦ ਉੱਪਰ ਸਥਾਪਤ ਗੁਰਦੁਆਰਾ ਸਾਹਿਬ ਵਿਖੇ ਵੱਡਾ ਆਰ. ਓ. ਸਿਸਟਮ ਲਾ ਕੇ ਪਹਿਲਾਂ ਤੋਂ ਹੀ ਸੰਗਤਾਂ ਨੂੰ ਸਾਫ਼ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਅਰ, ਮੀਤ-ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਸੁਖਦੀਪ ਸਿੱਧੂ, ਸਹਾਇਕ ਸਕੱਤਰ ਨਵਜੀਤ ਸਿੰਘ ਘਈ ਅਤੇ ਸ਼ਿਸ਼ਪਾਲ ਸਿੰਘ ਲਾਡੀ ਆਦਿ ਮੈਂਬਰ ਵੀ ਮੌਜੂਦ ਸਨ।