ਸ਼ਓਮੀ ਵੱਲੋਂ 67W ਚਾਰਜਰ ਲਾਂਚ, ਮਲਟੀਪਲ ਡਿਵਾਇਸ ਕਰ ਸਕੋਗੇ ਚਾਰਜ
Monday, Jul 12, 2021 - 05:55 PM (IST)
ਨਵੀਂ ਦਿੱਲੀ- ਸ਼ਓਮੀ ਨੇ ਭਾਰਤੀ ਬਾਜ਼ਾਰ ਵਿਚ 67 ਵਾਟ ਸੋਨਿਕਚਾਰਜ 3.0 ਫਾਸਟ ਚਾਰਜ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ 1 ਮੀਟਰ ਲੰਮੀ ਯੂ. ਐੱਸ. ਬੀ. ਟਾਈਪ-ਸੀ ਕੇਬਲ ਵੀ ਦੇ ਰਹੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਸਿੰਗਲ ਚਾਰਜਰ ਮਲਟੀਪਲ ਡਿਵਾਇਸ ਜਿਵੇਂ- ਸਮਾਰਟ ਫੋਨ, ਲੈਪਟਾਪ, ਫਿਟਨੈੱਸ ਟ੍ਰੈਕਰ, ਸਮਾਰਟਵਾਚ, ਟੈਬਲੇਟ ਸਣੇ ਦੂਜੇ ਯੂ. ਐੱਸ. ਬੀ. ਟਾਈਪ-ਸੀ ਪ੍ਰਾਡਕਟਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਚਾਰਜਰ ਦੀ ਕੀਮਤ 1,999 ਰੁਪਏ ਹੈ। ਇਸ ਨੂੰ ਵ੍ਹਾਈਟ ਕਲਰ ਵਿਚ ਲਾਂਚ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਸਿਰਫ਼ ਉਨ੍ਹਾਂ ਡਿਵਾਇਸਾਂ ਨੂੰ ਤੇਜ਼ੀ ਨਾਲ ਚਾਰਜ ਕਰੇਗਾ ਜਿਨ੍ਹਾਂ ਦੀ ਬੈਟਰੀ ਤੇਜ਼ ਚਾਰਜ ਤਕਨਾਲੋਜੀ ਨੂੰ ਸਪੋਰਟ ਕਰਦੀ ਹੈ।
ਇਹ ਚਾਰਜਰ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਵਿਚ ਕੁਆਲਕਮ ਦੀ ਕੁਇਕ ਚਾਰਜ 3.0 ਤਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਚਾਰਜਰ ਦੀ ਬਾਡੀ ਪੌਲੀਕਾਰਬੋਨੇਟ ਸਮੱਗਰੀ ਨਾਲ ਬਣੀ ਹੈ। ਕੰਪਨੀ ਦਾ ਕਹਿਣਾ ਹੈ ਕਿ 67 ਵਾਟ ਦੇ ਚਾਰਜਰ ਨਾਲ 5000mAh ਬੈਟਰੀ ਵਾਲੇ ਸਮਾਰਟ ਫੋਨ ਨੂੰ ਸਿਰਫ਼ 36 ਮਿੰਟ ਵਿਚ ਪੂਰਾ ਚਾਰਜ ਕੀਤਾ ਜਾ ਸਕੇਗਾ। ਹਾਲਾਂਕਿ, 5-10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਨ ਵਾਲੇ ਡਿਵਾਇਸ ਨੂੰ ਇਸ ਨਾਲ ਕੁਨੈਕਟ ਕਰਨਾ ਨੁਕਸਾਨ ਕਰ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਚਾਰਜਿੰਗ ਦੌਰਾਨ ਡਿਵਾਇਸ ਨੂੰ ਲੰਮੇ ਸਮੇਂ ਤੱਕ ਨਾ ਛੱਡੋ। ਘੰਟੇ ਭਰ ਦੀ ਚਾਰਜਿੰਗ ਪਿੱਛੋਂ ਚਾਰਜ ਨੂੰ ਡਿਵਾਇਸ ਤੋਂ ਵੱਖ ਕਰ ਲਓ।