ਸਾਹ ਤੋਂ ਬੀਮਾਰੀ ਦਾ ਪਤਾ ਲਗਾਵੇਗਾ ਦੁਨੀਆ ਦਾ ਸਭ ਤੋਂ ਛੋਟਾ ਸੈਂਸਰ
Tuesday, Aug 01, 2017 - 11:51 AM (IST)
ਜਲੰਧਰ- ਇਨਸਾਨ ਦੇ ਬੀਮਾਰ ਹੋਣ 'ਤੇ ਡਾਕਟਰ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਵਾਉਣ ਨੂੰ ਕਹਿੰਦੇ ਹਨ, ਜਿਨ੍ਹਾਂ ਵਿਚ ਮਰੀਜ਼ ਦਾ ਕਾਫੀ ਕੀਮਤੀ ਸਮਾਂ ਅਤੇ ਪੈਸੇ ਖਰਾਬ ਹੋ ਜਾਂਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਬੀਮਾਰੀ ਦਾ ਛੇਤੀ ਪਤਾ ਲਗਾਉਣ ਲਈ ਸਿਡਨੀ ਦੀ ਯੂਨੀਵਰਸਿਟੀ ਆਫ ਟੈਕਨਾਲੋਜੀ ਦੀ ਇਕ ਮਟੀਰੀਅਲ ਇੰਜੀਨੀਅਰ ਨੌਸ਼ਿਨ ਨਸੀਰੀ ਨੇ ਦੁਨੀਆ ਦਾ ਸਭ ਤੋਂ ਛੋਟਾ ਸੈਂਸਰ ਵਿਕਸਿਤ ਕੀਤਾ ਹੈ, ਜੋ ਰੋਗੀ ਦੇ ਸਾਹ ਤੋਂ ਹੀ ਬੀਮਾਰੀ ਦਾ ਪਤਾ ਲਗਾ ਲਵੇਗਾ। ਇਹ ਬ੍ਰੈਥੇਲਾਈਜ਼ਰ ਨਾਂ ਦਾ ਸੈਂਸਰ ਸਮਾਰਟਫੋਨ ਐਪ 'ਤੇ ਬੀਮਾਰੀ ਦੀ ਸਟੀਕ ਜਾਣਕਾਰੀ ਦੇਵੇਗਾ, ਜਿਸ ਨਾਲ ਸਮਾਂ ਰਹਿੰਦੇ ਇਲਾਜ ਕਰਵਾਇਆ ਜਾ ਸਕੇ।
4 ਤੋਂ 8 ਬੀਮਾਰੀਆਂ ਦਾ ਪਤਾ ਲਗਾ ਸਕਦਾ ਹੈ ਇਹ ਸੈਂਸਰ
ਇਸ ਸੈਂਸਰ ਨੂੰ ਟੈਸਟ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਸ ਨਾਲ 4 ਤੋਂ 8 ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਵਿਚ ਡਾਇਬਿਟੀਜ਼, ਬ੍ਰੈਸਟ ਕੈਂਸਰ, ਪਾਰਕਿਨਸਨ ਡਿਜ਼ੀਜ਼, ਅਸਥਮਾ ਅਤੇ ਕਿਡਨੀ ਤੇ ਲਿਵਰ ਫੇਲੀਅਰ ਵਰਗੀਆਂ ਬੀਮਾਰੀਆਂ ਸ਼ਾਮਲ ਹਨ। ਡਾਕਟਰ ਨਸੀਰੀ ਨੇ ਦੱਸਿਆ ਕਿ ਇਸ ਤਕਨੀਕ ਨਾਲ ਬੀਮਾਰੀ ਵਧਣ ਤੇ ਖੂਨ ਵਿਚ ਘੁਲਣ ਤੋਂ ਪਹਿਲਾਂ ਪਤਾ ਲਗਾ ਕੇ ਤੁਰੰਤ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਲੰਗ ਕੈਂਸਰ ਹੋਣ ਦੀ ਚੌਥੀ ਸਟੇਜ 'ਤੇ ਇਨਸਾਨ ਦੇ ਬਚਣ ਦੇ ਚਾਂਸ ਸਿਰਫ 10 ਫੀਸਦੀ ਹੀ ਹੁੰਦੇ ਹਨ ਪਰ ਜੇ ਇਸ ਬੀਮਾਰੀ ਨੂੰ ਇਸ ਸੈਂਸਰ ਦੀ ਮਦਦ ਨਾਲ ਪਹਿਲਾਂ ਫੜ ਲਿਆ ਜਾਵੇ ਤਾਂ ਇਨਸਾਨ ਦੇ ਬਚਣ ਦੇ ਚਾਂਸ 80 ਫੀਸਦੀ ਹੋ ਜਾਂਦੇ ਹਨ।
ਸਭ ਤੋਂ ਤੇਜ਼ ਰਿਜ਼ਲਟ ਦੇਵੇਗੀ ਇਹ ਨੈਨੋ ਟੈਕਨਾਲੋਜੀ
ਆਮ ਤੌਰ 'ਤੇ ਬੀਮਾਰੀ ਦਾ ਪਤਾ ਲਗਾਉਣ ਲਈ ਬਲੱਡ ਟੈਸਟ ਕੀਤਾ ਜਾਂਦਾ ਹੈ, ਜਿਸ ਲਈ ਰੋਗੀ ਦਾ ਸੂਈ ਨਾਲ ਬਲੱਡ ਕੱਢਣਾ ਪੈਂਦਾ ਹੈ, ਉਥੇ ਹੀ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੀਮਾਰੀ ਹੋਣ ਦੇ ਬਾਵਜੂਦ ਬੱਚੇ ਬਲੱਡ ਟੈਸਟ ਕਰਵਾਉਣ ਨੂੰ ਤਿਆਰ ਨਹੀਂ ਹੁੰਦੇ ਪਰ ਹੁਣ ਇਸ ਨੈਨੋ ਤਕਨੀਕ ਨਾਲ ਬਿਨਾਂ ਕਿਸੇ ਸੂਈ ਦੇ ਬੀਮਾਰੀ ਦਾ ਪਤਾ ਲਗ ਜਾਵੇਗਾ, ਉਹ ਵੀ ਕਿਸੇ ਤਰ੍ਹਾਂ ਦੇ ਦਰਦ ਤੋਂ ਬਿਨਾਂ।

ਇਸ ਤਰ੍ਹਾਂ ਕੰਮ ਕਰਦਾ ਹੈ ਇਹ ਸੈਂਸਰ
ਇਸ ਸੈਂਸਰ ਨੂੰ ਬਣਾਉਣ ਵਿਚ ਐਸੀਟੋਨ ਅਤੇ ਟਿਨ ਆਕਸਾਈਡ ਦੀ ਵਰਤੋਂ ਕੀਤੀ ਗਈ ਹੈ। ਡਾਕਟਰ ਨਸੀਰੀ ਨੇ ਦੱਸਿਆ ਕਿ ਇਹ ਸੈਂਸਰ ਛੋਟੇ ਤੋਂ ਛੋਟੇ ਨੈਨੋ ਪਾਰਟੀਕਲਸ ਨੂੰ ਵੀ ਮਨੁੱਖੀ ਸਾਹ ਤੋਂ ਡਿਟੈਕਟ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਚੈੱਕ ਕਰਕੇ ਰਿਜ਼ਲਟ ਦਿੰਦਾ ਹੈ। ਡਾਇਬਿਟੀਜ਼ ਨੂੰ ਚੈੱਕ ਕਰਨ ਲਈ ਇਹ ਮਿਲੀਅਨ ਪਾਰਟੀਕਲਸ 'ਚੋਂ ਹਰ ਇਕ ਪਾਰਟੀਕਲ ਨੂੰ ਡਿਟੈਕਟ ਕਰਕੇ ਰਿਜ਼ਲਟ ਬਣਾਉਂਦਾ ਹੈ।
ਅਗਲੇ ਤਿੰਨ ਸਾਲਾਂ ਤਕ ਮਿਲੇਗੀ ਇਹ ਤਕਨੀਕ
ਡਾ. ਨਸੀਰ ਨੇ ਦੱਸਿਆ ਕਿ ਇਸ ਨਵੀਂ ਤਕਨੀਕ ਨੂੰ ਅਗਲੇ ਤਿੰਨ ਸਾਲਾਂ ਤਕ ਬਾਜ਼ਾਰ 'ਚ ਮੁਹੱਈਆ ਕੀਤਾ ਜਾ ਸਕੇਗਾ। ਉਨ੍ਹਾਂ ਦਾ ਟੀਚਾ ਹੈ ਕਿ ਇਸ ਡਿਵਾਈਸ ਨਾਲ ਇਕ ਸਾਹ ਵਿਚ ਹੀ 10 ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕੇ, ਜਿਸ ਨਾਲ ਰੋਗੀ ਦਾ ਛੇਤੀ ਇਲਾਜ ਹੋਵੇ ਅਤੇ ਉਹ ਸਿਹਤਮੰਦ ਹੋ ਜਾਵੇ।
