WhatsApp ਦੀ ਵੱਡੀ ਕਾਰਵਾਈ, 1 ਕਰੋੜ ਭਾਰਤੀਆਂ ਦੇ ਅਕਾਊਂਟਸ ਕਰ''ਤੇ ਬੈਨ, ਜਾਣੋ ਵਜ੍ਹਾ
Monday, Mar 24, 2025 - 05:30 PM (IST)

ਗੈਜੇਟ ਡੈਸਕ- ਵਟਸਐਪ ਨੇ ਆਪਣੀ ਤਾਜ਼ਾ ਮੰਥਲੀ ਰਿਪੋਰਟ 'ਚ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਜਨਵਰੀ 2025 'ਚ ਉਸਨੇ 99.67 ਲੱਖ ਤੋਂ ਵੱਧ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ।
ਇਹ ਕਾਰਵਾਈ ਵਧਦੇ ਸਪੈਮ, ਸਕੈਮ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਕੀਤੀ ਗਈ ਹੈ। ਮੈਟਾ ਦੀ ਮਲਕੀਅਤ ਵਾਲੇ ਇਸ ਐਪ ਨੇ ਸਾਫ ਕੀਤਾ ਹੈ ਕਿ ਜੇਕਰ ਕੋਈ ਯੂਜ਼ਰ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਅੱਗੇ ਵੀ ਅਜਿਹੇ ਅਕਾਊਂਟਸ ਨੂੰ ਬੈਨ ਕੀਤਾ ਜਾਵੇਗਾ।
ਇਸ ਕਾਰਨ ਲੱਗਾ ਬੈਨ
ਵਟਸਐਪ ਭਾਰਤ 'ਚ ਆਈ.ਟੀ. ਐਕਟ ਤਹਿਤ ਹਰ ਮਹੀਨੇ ਆਪਣੀ ਰਿਪੋਰਟ ਜਾਰੀ ਕਰਦਾ ਹੈ। ਇਸ ਵਿਚ ਉਹ ਆਪਣੇ ਯੂਜ਼ਰਜ਼ ਨੂੰ ਸੁਰੱਖਿਅਤ ਅਨੁਭਵ ਦੇਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦਾ ਹੈ। ਕੰਪਨੀ ਮੁਤਾਬਕ, 1 ਜਨਵਰੀ ਤੋਂ 30 ਜਨਵਰੀ 2025 ਤਕ ਕੁੱਲ 99.67 ਲੱਖ ਅਕਾਊਂਟਸ ਬੈਨ ਕੀਤੇ ਗਏ। ਇਨ੍ਹਾਂ 'ਚੋਂ 13.27 ਲੱਖ ਅਕਾਊਂਟਸ ਅਜਿਹੇ ਸਨ ਜਿਨ੍ਹਾਂ ਨੂੰ ਕਿਸੇ ਵੀ ਸ਼ਿਕਾਇਤ ਤੋਂ ਪਹਿਲਾਂ ਹੀ ਬਲਾਕ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਵਟਸਐਪ ਨੂੰ ਜਨਵਰੀ 'ਚ 9,474 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋਂ 239 'ਤੇ ਕਾਰਵਾਈ ਕਰਦੇ ਹੋਏ ਕੰਪਨੀ ਨੇ ਅਕਾਊਂਟਸ ਬਲਾਕ ਕੀਤੇ ਅਤੇ ਹੋਰ ਸੁਰੱਖਿਆ ਉਪਾਅ ਅਪਣਾਏ।
WhatsApp 3 ਤਰੀਕਿਆਂ ਨਾਲ ਕਰਦਾ ਹੈ ਅਕਾਊਂਟਸ ਬੈਨ
ਵਟਸਐਪ ਨੇ ਦੱਸਿਆ ਕਿ ਉਸ ਕੋਲ 3 ਲੇਅਰ ਵਾਲਾ ਸਕਿਓਰਿਟੀ ਸਿਸਟਮ ਹੈ, ਜਿਸ ਨਾਲ ਉਹ ਸ਼ੱਕੀ ਅਕਾਊਂਟਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਲਾਕ ਕਰ ਸਕਦਾ ਹੈ।
1- ਸਾਈਨ-ਅਪ ਦੌਰਾਨ ਸਕੈਨਿੰਗ- ਜਦੋਂ ਕੋਈ ਨਵਾਂ ਅਕਾਊਂਟ ਬਣਦਾ ਹੈ ਤਾਂ ਵਟਸਐਪ ਦਾ ਸਿਸਟਮ ਸ਼ੱਕੀ ਗਤੀਵਿਧੀਆਂ ਨੂੰ ਸਕੈਨ ਕਰਕੇ ਉਸਨੂੰ ਤੁਰੰਤ ਬੈਨ ਕਰ ਸਕਦਾ ਹੈ।
2. ਸਪੈਮ ਅਤੇ ਬਲਕ ਮੈਸੇਜ ਡਿਟੈਕਸ਼ਨ- ਜੇਕਰ ਕੋਈ ਅਕਾਊਂਟ ਵਾਰ-ਵਾਰ ਸਪੈਮ ਜਾਂ ਬਲਕ ਮੈਸੇਜ ਭੇਜਦਾ ਹੈ ਤਾਂ ਇਹ ਸਿਸਟਮ ਉਸਨੂੰ ਆਟੋਮੈਟਿਕਲੀ ਬਲਾਕ ਕਰ ਦਿੰਦਾ ਹੈ।
3. ਯੂਜ਼ਰ ਫੀਡਬੈਕ 'ਤੇ ਕਾਰਵਾਈ- ਜੇਕਰ ਕੋਈ ਯੂਜ਼ਰ ਕਿਸੇ ਅਕਾਊਂਟ ਦੀ ਸ਼ਿਕਾਇਤ ਕਰਦਾ ਹੈ ਤਾਂ ਵਟਸਐਪ ਟੀਮ ਉਸਦੀ ਜਾਂਚ ਕਰਕੇ ਬਲਾਕ ਕਰਨ ਦਾ ਫੈਸਲਾ ਲੈਂਦੀ ਹੈ।
ਇਨ੍ਹਾਂ ਗਲਤੀਆਂ ਕਾਰਨ ਬੈਨ ਹੋਵੇਗਾ ਅਕਾਊਂਟ
ਜੇਕਰ ਕੋਈ ਯੂਜ਼ਰ ਵਟਸਐਪ ਦੀ ਪਾਲਿਸੀ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਅਕਾਊਂਟ ਬਲਾਕ ਕੀਤਾ ਜਾ ਸਕਦਾ ਹੈ। ਬਲਕ ਜਾਂ ਸਪੈਮ ਮੈਸੇਜ ਭੇਜਣ, ਫੇਕ ਨਿਊਜ਼ ਜਾਂ ਅਫਵਾਹ ਫੈਲਾਉਣ ਅਤੇ ਸਕੈਮ ਵਰਗੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ 'ਤੇ ਵਟਸਐਪ ਬਿਨਾਂ ਕਿਸੇ ਚਿਤਾਵਨੀ ਦੇ ਅਕਾਊਂਟ ਬਲਾਕ ਕਰ ਸਕਦਾ ਹੈ।