iPhone ਯੂਜ਼ਰਜ਼ ਸਾਵਧਾਨ! ਸਰਕਾਰ ਨੇ ਜਾਰੀ ਕਰ''ਤੀ ਚਿਤਾਵਨੀ
Thursday, Jan 30, 2025 - 06:03 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਐਪਲ ਦੇ ਕਿਸੇ ਵੀ ਪ੍ਰੋਡਕਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਪਲ ਯੂਜ਼ਰਜ਼ ਨੂੰ iPad, Mac ਅਤੇ ਹੋਰ ਮਾਡਲਾਂ 'ਚ ਪਾਈਆਂ ਗਈਆਂ ਕਈ ਖਾਮੀਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ ਇਸ ਹਫਤੇ ਜਾਰੀ ਕੀਤੀ ਗਈ ਹੈ ਜਦੋਂ ਸਰਕਾਰੀ ਏਜੰਸੀ ਨੇ ਐਪਲ ਦੇ ਆਪਰੇਟਿੰਗ ਸਿਸਟਮ 'ਚ ਸੁਰੱਖਿਆ ਖਾਮੀਆਂ ਪਾਈਆਂ, ਜੋ ਆਈਫੋਨ, ਆਈਪੈਡ ਅਤੇ ਮੈਕ ਵਰਗੇ ਪ੍ਰੋਡਕਟਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਸੰਵੇਦਨਸ਼ੀਲ ਜਾਣਕਾਰੀ ਤਕ ਪਹੁੰਚ ਸਕਦੇ ਹਨ।
CERT-In ਅਨੁਸਾਰ, ਪ੍ਰਭਾਵਿਤ ਐਪਲ ਪ੍ਰੋਡਕਟ 'ਚ macOS Sequoia, macOS Sonoma, macOS Ventura, iPadOS, iOS, tvOS, visionOS, Safari ਅਤੇ watchOS ਦੇ ਪੁਰਾਣੇ ਵਰਜ਼ਨ ਸ਼ਾਮਲ ਹਨ। ਇਨ੍ਹਾਂ 'ਚ ਪਾਈਆਂ ਗਈਆਂ ਖਾਮੀਆਂ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ।
ਐਡਵਾਈਜ਼ਰੀ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ ਖਾਮੀਆਂ ਕਾਰਨ null pointer dereference, type confusion, use after free, out-of-bounds read/write, ਇਨਪੁਟ ਵੈਰੀਫਿਕੇਸ਼ਨ ਅਤੇ ਡਾਟਾ ਮੈਨੀਪੁਲੇਸ਼ਨ ਵਰਗੀਆਂ ਸਮੱਸਿਆਵਾਂ ਹਨ। ਇਨ੍ਹਾਂ 'ਚੋਂ ਇਕ ਮਹੱਤਵਪੂਰਨ CVE-2025-24085 ਹੈ। ਸਰਕਾਰ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਐਪਲ ਪ੍ਰੋਡਕਟਸ ਨੂੰ ਨਵੇਂ ਸਾਫਟਵੇਅਰ ਵਰਜ਼ਨ 'ਚ ਅਪਡੇਟ ਕਰਨ ਤਾਂ ਜੋ ਇਨ੍ਹਾਂ ਖਾਮੀਆਂ ਨੂੰ ਘੱਟ ਕੀਤਾ ਜਾ ਸਕੇ।