ਭਾਰਤ ਬਣੇਗਾ ਐਕਸਪੋਰਟ ਹਬ! Vivo ਦਾ ਇਹ ਹੈ ਮੈਗਾ ਪਲਾਨ
Thursday, Feb 17, 2022 - 06:57 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਭਾਰਤੀ ਬਾਜ਼ਾਰ ’ਚ ਆਪਣੇ ਕਾਰੋਬਾਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਸਾਲ ਮੇਡ ਇਨ ਇੰਡੀਆ ਸਮਾਰਟਫੋਨ ਦਾ ਨਿਰਯਾਤ ਕਰੇਗੀ। ਇਸਤੋਂ ਇਲਾਵਾ ਕੰਪਨੀ ਨੇ ਆਪਣੀ 7,500 ਕਰੋੜ ਰੁਪਏ ਦੀ ਪ੍ਰਸਤਾਵਿਤ ਨਿਰਮਾਣ ਨਿਵੇਸ਼ ਯੋਜਨਾ ਦਾ ਵੀ ਐਲਾਨ ਕੀਤਾ ਹੈ।
ਪ੍ਰੋਡਕਸ਼ਨ ਯੂਨਿਟ ਦੇ ਵਿਸਤਾਰ ’ਚ 2023 ਤਕ ਕੰਪਨੀ 3,500 ਕਰੋੜ ਰੁਪਏ ਤਕ ਨਿਵੇਸ਼ ਕਰੇਗੀ। ਵੀਵੋ ਨੇ ਕਿਹਾ ਕਿ ਉਹ ਜਲਦ ਹੀ ਚਾਰਜਰ ਅਤੇ ਡਿਸਪਲੇਅ ਵਰਗੇ ਪਾਰਟਸ ਦਾ ਸਥਾਨਕ ਪੱਧਰ ’ਤੇ ਪ੍ਰੋਡਕਸ਼ਨ ਕਰੇਗੀ। ਇਸ ਨਿਵੇਸ਼ ਨਾਲ ਵੀਵੋ ਦੀ ਭਾਰਤ ’ਚ ਸਮਾਰਟਫੋਨ ਮੈਨਿਊਫੈਕਚਰਿੰਗ ਸਮਰੱਥਾ 2022 ਦੇ ਅਖੀਰ ਤਕ 60 ਮਿਲੀਅਨ ਤਕ ਪਹੁੰਚ ਜਾਵੇਗੀ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਫਿਲਹਾਲ ਕਰੀਬ 1.4 ਲੱਖ ਭਾਰਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਰਹੀ ਹੈ। ਕੰਪਨੀ ਨੇ 10,00 ਤੋਂ ਜ਼ਿਆਦਾ ਡਿਸਟ੍ਰੀਬਿਊਟਰਾਂ ਨੂੰ ਜੋੜ ਕੇ ਆਪਣੀ ਵੰਡ ਨੂੰ ਮਜ਼ਬੂਤ ਕੀਤਾ ਹੈ। ਡਿਸਟ੍ਰੀਬਿਊਟਰਾਂ ’ਚੋਂ 98 ਫ਼ੀਸਦੀ ਭਾਰਤੀ ਹਨ।
ਇਸ ਐਲਾਨ ਦੇ ਨਾਲ ਵੀਵੋ ਇੰਡੀਆ ਦੇ ਨਿਰਦੇਸ਼ਕ ਪੈਗਮ ਦਾਨਿਸ਼ ਨੇ ਦੱਸਿਆ, ‘ਇਹ ਨਿਵੇਸ਼ 7500 ਕਰੋੜ ਰੁਪਏ ਦੀ ਵਚਨਬੱਧਤਾ ਦਾ ਹਿੱਸਾ ਹੈ, ਜੋ ਕੰਪਨੀ ਨੇ ਭਾਰਤ ਲਈ ਕੀਤਾ ਸੀ। ਅਸੀਂ 2021 ਤਕ ਕੁੱਲ 1,900 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।’