ਸੈਮਸੰਗ ਨੂੰ ਵੱਡਾ ਝਟਕਾ, ਸਮਾਰਟਫੋਨ ਸੇਲ ’ਚ ਇਹ ਕੰਪਨੀ ਨਿਕਲੀ ਅੱਗੇ

01/25/2020 5:42:28 PM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ’ਚ ਟਾਪ ਬ੍ਰਾਂਡਸ ਵਿਚਕਾਰ ਮੁਕਾਬਲੇਬਾਜ਼ੀ ਲਗਾਤਾਰ ਦੇਖਣ ਨੂੰ ਮਿਲਦੀ ਹੈ। ਇਸ ਮੁਕਾਬਲੇਬਾਜ਼ੀ ’ਚ ਸਮਾਰਟਫੋਨ ਕੰਪਨੀਆਂ ਇਕ-ਦੂਜੀ ਤੋਂ ਅੱਗੇ ਨਿਕਲਣ ਅਤੇ ਗਾਹਕਾਂ ਨੂੰ ਆਪਣੇ ਆਕਰਸ਼ਿਤ ਕਰਨ ਲਈ ਪੂਰਾ ਜ਼ੋਰ ਲਗਾਉਂਦੀਆਂ ਹਨ। ਫਿਲਹਾਲ ਇਸ ਵਾਰ ਸੈਮਸੰਗ ਨੂੰ ਝਟਕਾ ਲੱਗਾ ਹੈ। 2019 ਦੀ ਆਖਰੀ ਤਿਮਾਹੀ ’ਚ ਚੀਨੀ ਕੰਪਨੀ ਵੀਵੋ ਨੇ ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਸੈਮਸੰਗ ਨੂੰ ਪਿੱਛੇ ਛੱਡ ਦਿੱਤਾ ਹੈ। ਸੇਲਸ ਅਤੇ ਮਾਰਕੀਟ ਸ਼ੇਅਰ ’ਚ ਸ਼ਾਓਮੀ ਟਾਪ ’ਤੇ ਬਰਕਰਾਰ ਹੈ ਪਰ ਦੂਜੇ ਨੰਬਰ ’ਤੇ ਚੱਲ ਰਹੀ ਸੈਮਸੰਗ ਲਈ 2019 ਦੇ ਆਖਰੀ ਤਿੰਨ ਮਹੀਨੇ ਚੰਗੇ ਨਹੀਂ ਰਹੇ। ਉਥੇ ਹੀ ਵੀਵੋ ਦੇ ਮਾਰਕੀਟ ਸ਼ੇਅਰ ’ਚ 2018 ਦੇ ਮੁਕਾਬਲੇ 100 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। 

ਸਾਲ 2019 ਦੀ ਆਖਰੀ ਤਿਮਾਹੀ ’ਚ ਮਾਰਕੀਟ ਸ਼ੇਅਰ ਦੇ ਮਾਮਲੇ ’ਚ ਭਾਰਤ ’ਚ ਬ੍ਰਾਂਡਸ ਨੂੰ ਉਤਾਰ-ਚੜਾਅ ਦੇਖਣ ਨੂੰ ਮਿਲਿਆ ਹੈ। ਇਸ ਤਿਮਾਹੀ ’ਚ 27 ਫੀਸਦੀ ਮਾਰਕੀਟ ਸ਼ੇਅਰ ’ਚ ਸ਼ਾਓਮੀ ਟਾਪ ’ਤੇ ਬਣੀ ਰਹੀ, ਉਥੇ ਹੀ ਵੀਵੋ ਨੇ ਇਸੇ ਸਮੇਂ ਦੌਰਾਨ ਸੈਮਸੰਗ ਨੂੰ ਪਿੱਛੇ ਛੱਡਦੇ ਹੋਏ ਦੂਜੇ ਸਥਾਨ ’ਤੇ ਥਾਂ ਬਣਾਈ ਹੈ। ਵੀਵੋ ਦਾ ਮਾਰਕੀਟ ਸ਼ੇਅਰ 2018 ਦੀ ਆਖਰੀ ਤਿਮਾਹੀ ਦੇ ਮੁਕਾਬਲੇ 132 ਫੀਸਦੀ ਵਧਿਆ ਅਤੇ 2019 ’ਚ ਕੰਪਨੀ ਨੇ 21 ਫੀਸਦੀ ਮਾਰਕੀਟ ਸ਼ੇਅਰ ’ਤੇ ਕਬਜ਼ਾ ਕੀਤਾ ਹੈ। 

ਸੈਮਸੰਗ ਤੀਜੇ ਸਥਾਨ ’ਤੇ ਪਹੁੰਚ ਗਈ ਹੈ ਅਤੇ 2019 ਦੀ ਆਖਰੀ ਤਿਮਾਹੀ ’ਚ ਕੰਪਨੀ ਦਾ ਮਾਰਕੀਟ ਸ਼ੇਅਰ 19 ਫੀਸਦੀ ਰਿਹਾ। ਜਦਕਿ 2018 ’ਚ ਇਸੇ ਸਮੇਂ ਦੌਰਾਨ ਸੈਮਸੰਗ ਨੇ 20 ਫੀਸਦੀ ਮਾਰਕੀਟ ਸ਼ੇਅਰ ’ਤੇ ਕਬਜ਼ਾ ਕੀਤਾ ਸੀ। ਇਸ ਤਰ੍ਹਾਂ ਜਿਥੇ ਵੀਵੋ ਦਾ ਮਾਰਕੀਟ ਸ਼ੇਅਰ 2018 ਦੇ 10 ਫੀਸਦੀ ਦੇ ਮੁਕਾਬਲੇ ਵੱਧ ਕੇ 21 ਫੀਸਜੀ ’ਤੇ ਪਹੁੰਚਿਆ, ਉਥੇ ਹੀ ਸੈਮਸੰਗ ਦਾ ਮਾਰਕੀਟ ਸ਼ੇਅਰ 1 ਫੀਸਦੀ ਘੱਟ ਗਿਆ ਹੈ। ਵੀਵੋ ਨੇ ਪਿਛਲੇ ਸਾਲ ਭਾਰਤ ’ਚ ਆਪਣੀ ਨਵੀਂ ‘ਯੂ’ ਅਤੇ ‘ਜ਼ੈੱਡ’ ਸੀਰੀਜ਼ ਲਾਂਚ ਕੀਤਾ ਹੈ, ਜਿਨ੍ਹਾਂ ਨੂੰ ਗਾਹਕਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲੀ ਹੈ। 


Related News