ਸਮੱਸਿਆ ਦੱਸਣਗੀਆਂ ਤੇ ਖ਼ੁਦ ਹੀ ਠੀਕ ਵੀ ਕਰ ਲੈਣਗੀਆਂ ਭਵਿੱਖ ਦੀਆਂ ਸਮਾਰਟ ਕਾਰਾਂ
Monday, Apr 17, 2023 - 04:55 PM (IST)
ਆਟੋ ਡੈਸਕ- ਦੇਸ਼ 'ਚ ਸਮਾਰਟ ਕਾਰ ਤਕਨਾਲੋਜੀ ਨਾਲ ਅਗਲੇ ਦੋ ਸਾਲਾਂ 'ਚ ਆਟੋਮੋਬਾਇਲ ਸੈਕਟਰ ਦੀ ਤਸਵੀਰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਗੱਡੀਆਂ ਜ਼ਿਆਦਾ ਸਮਾਰਟ, ਇੰਟੈਲੀਜੈਂਟ ਅਤੇ ਕੁਨੈਕਟਿਡ ਹੋ ਰਹੀਆਂ ਹਨ। ਇੰਟਰਨੈੱਟ ਕੁਨੈਕਟੀਵਿਟੀ ਨਾਲ ਫੋਰ ਵ੍ਹੀਲਰਜ਼ ਦੇ ਨਾਲ ਟੂ-ਵ੍ਹੀਲਰਜ਼ 'ਚ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਸਰਵਿਸ ਸੈਂਟਰ ਜਾਣ ਦੀ ਲੋੜ ਨਹੀਂ ਹੋਵੇਗੀ।
ਬੇਂਗਲੁਰੂ 'ਚ ਚੱਲ ਰਹੇ ਕੁਨੈਕਟਿਡ, ਆਟੋਨੋਮਸ ਅਤੇ ਇਲੈਕਟ੍ਰਿਕ ਵ੍ਹੀਕਲ ਐਕਸਪੋ 'ਚ ਹਿੱਸਾ ਲੈ ਰਹੀਆਂ ਲਗਭਗ 60 ਤੋਂ ਜ਼ਿਆਦਾ ਦੇਸ਼ੀ-ਵਿਦੇਸ਼ੀ ਕੰਪਨੀਆਂ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) 4.0 ਅਤੇ ਕੁਨੈਕਟੀਵਿਟੀ ਦੇ ਨਵੇਂ ਪੱਧਰ 'ਤੇ ਕੰਮ ਕਰ ਰਹੀਆਂ ਹਨ। 2022 ਦੇ ਅੰਕੜਿਆਂ ਮੁਤਾਬਕ, ਭਾਰਤ ਦਾ ਕੁਨੈਕਟਿਡ ਕਾਰ ਬਾਜ਼ਾਰ 95 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੈ।
ਅਗਲੇ 5 ਸਾਲਾਂ 'ਚ 21 ਫੀਸਦੀ ਸਾਲਾਨਾ ਵਾਧਾ ਦਰ ਦੇ ਨਾਲ ਇਸਦੇ 3 ਲੱਖ ਕਰੋੜ ਤੋਂ ਉਪਰ ਪਹੁੰਚਣ ਦਾ ਅਨੁਮਾਨ ਹੈ। ਤਾਈਵਾਨ ਦੀ ਟਾਈਸਿਮ ਇੰਡੀਆ ਦੇ ਐੱਮ.ਡੀ. ਸਕਸੈਨਾ ਦਾ ਕਹਿਣਾ ਹੈ ਕਿ ਭਾਰਤ 'ਚ ਜਲਦ ਹੀ ਨਿਰਮਾਤਾਵਾਂ ਨੂੰ ਗੱਡੀਆਂ 'ਚ ਕੁਨੈਕਟਿੰਗ ਡਿਵਾਈਸ ਲਗਾਉਣਾ ਜ਼ਰੂਰੀ ਹੋਵੇਗਾ।
ਈ.ਵੀ. ਦੀ ਕੀਮਤ 'ਚ ਆ ਸਕਦੀ ਹੈ 20 ਤੋਂ 25 ਫੀਸਦੀ ਦੀ ਕਮੀਂ
ਕਈ ਵਿਦੇਸ਼ੀ ਕੰਪਨੀਆਂ ਜਿਵੇਂ ਬਾਸ਼, ਹੈਕਸਾਗੋਨ, ਮਰਸਡੀਜ਼ ਬੈਂਜ਼, ਡੇਮਲਰ, ਫੋਰਡ ਮੋਟਰਸ ਅਤੇ ਹਰਮਨ ਨੇ ਭਾਰਤ 'ਚ ਆਪਣੇ ਆਰ ਐਂਡ ਡੀ ਸੈਂਟਰ ਖੋਲ੍ਹੇ ਹਨ ਜਿਥੇ ਆਟੋਮੇਸ਼ਨ ਅਤੇ ਕੁਨੈਕਟੀਵਿਟੀ 'ਤੇ ਰਿਸਰਚ ਹੋ ਰਹੀ ਹੈ। ਟੈਲੀਮੈਟਿਕਸ ਕੰਪਨੀ ਟੇਲਟੋਨਿਕਾ ਦੇ ਈ.ਵੀ.ਪੀ. ਪਰਾਗ ਅਗਰਵਾਲ ਨੇ ਉਮੀਦ ਜਤਾਈ ਹੈ ਕਿ ਤਕਨਾਲੋਜੀ 'ਚ ਸੁਧਾਰ ਨਾਲ ਅਗਲੇ ਦੋ ਸਾਲਾਂ 'ਚ ਈ.ਵੀ. ਦੀ ਗਿਣਦੀ ਵਧੇਗੀ। ਈ.ਵੀ. ਦੀ ਕੀਮਤ 'ਚ 20 ਤੋਂ 25 ਫੀਸਦੀ ਤਕ ਦੀ ਕਮੀ ਆ ਸਕਦੀ ਹੈ।
ਕੁਨੈਕਟਿਡ ਟੈੱਕ ਦੇ 4 ਲੈਵਲ, ਦੇਸ਼ 'ਚ ਲੈਵਲ ਦੋ 'ਤੇ ਕੰਮ
1. ਵ੍ਹੀਕਲ ਟੂ ਇੰਫਰਾਸਟ੍ਰੱਕਚਰ : ਵਾਹਨ ਦੀ ਇੰਟਰਨੈੱਟ ਨਾਲ ਕੁਨੈਕਟੀਵਿਟੀ। ਭਾਰਤ 'ਚ ਜ਼ਿਆਦਾਤਰ ਕਾਰਾਂ 'ਚ ਅਜੇ ਇਹੀ ਤਕਨਾਲੋਜੀ।
2. ਵ੍ਹੀਕਲ ਟੂ ਵ੍ਹੀਕਲ : ਦੋ ਕਾਰਾਂ ਆਪਸ 'ਚ ਸੰਚਾਰ ਕਰ ਸਕਦੀਆਂ ਹਨ। ਅਜੇ ਇਸ ਤਕਨਾਲੋਜੀ 'ਤੇ ਭਾਰਤ 'ਚ ਕੰਮ ਚੱਲ ਰਿਹਾ ਹੈ।
3. ਵ੍ਹੀਕਲ ਟੂ ਕਲਾਊਡ : ਇਸ ਵਿਚ ਗੱਡੀ ਦਾ ਸੰਪਰਕ ਅਤੇ ਐਕਸੈਸ ਕਲਾਊਡ ਸਪੇਸ ਨਾਲ ਹੁੰਦਾ ਹੈ।
4. ਵ੍ਹੀਕਲ ਟੂ ਪੈਡੇਸਟ੍ਰੀਅਨ : ਵਾਹਨ ਪੈਦਲ ਚੱਲਣ ਵਾਲਿਆਂ ਨਾਲ ਵੀ ਸੰਚਰ ਕਰ ਸਕਦਾ ਹੈ।
5. ਵ੍ਹੀਕਲ ਟੂ ਐਵਰੀਥਿੰਗ : ਵਾਹਨ ਸੜਕ 'ਤੇ ਸਾਰੀਆਂ ਗੱਡੀਆਂ, ਡਰਾਈਵਰ ਤੋਂ ਸੂਚਨਾ ਲੈ ਸਕਦਾ ਹੈ।