Samsung ਨੇ ਭਾਰਤ ''ਚ ਲਾਂਚ ਕੀਤੇ ਸਭ ਤੋਂ ਮਹਿੰਗੇ QLED TV, ਕੀਮਤ ਜਾਣ ਰਹਿ ਜਾਓਗੇ ਹੈਰਾਨ
Tuesday, May 02, 2017 - 04:34 PM (IST)

ਜਲੰਧਰ- ਸੈਮਸੰਗ ਇੰਡੀਆ ਨੇ ਮੰਗਲਵਾਰ ਨੂੰ ਭਾਰਤ ''ਚ QLED TV ਲਾਂਚ ਕੀਤੇ ਹਨ। ਯਾਦ ਰਹੇ ਕਿ ਇਨ੍ਹਾਂ ਟੈਲੀਵਿਜ਼ਨ ਸੈੱਟ ਨੂੰ ਕੁਝ ਦਿਨ ਪਹਿਲਾਂ ਪੈਰਿਸ ''ਚ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਭਾਰਤ ''ਚ ਪੰਜ ਮਾਡਲ ਲਾਂਚ ਕੀਤੇ ਹਨ- ਕਿਊ 7, ਕਿਊ 7 ਐੱਫ, ਕਿਊ 8, ਕਿਊ 8 ਸੀ ਅਤੇ ਕਿਊ 9। ਇਨ੍ਹਾਂ ਦੀ ਕੀਮਤ 3,14,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਸਭ ਤੋਂ ਮਹਿੰਗਾ ਟੀ.ਵੀ. ਸੈੱਟ 25 ਲੱਖ ਰੁਪਏ ਦਾ ਹੈ। ਇਨ੍ਹਾਂ ਪੰਜਾਂ ਕਿਊ.ਐੱਲ.ਈ.ਡੀ. ਟੀ.ਵੀ. ਦੀ ਵਿਕਰੀ ਇਸ ਮਹੀਨੇ ਹੀ ਸ਼ੁਰੂ ਹੋਵੇਗੀ।
ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਨੇ ਨਵੇਂ ਕਿਊ.ਐੱਲ.ਈ.ਡੀ. ਟੀ.ਵੀ. ਦੇ ਨਾਲ ਮਿਲਣ ਵਾਲੇ ਪ੍ਰੀ-ਆਰਡਰ ਬੁਕਿੰਗ ਆਫਰ ਬਾਰੇ ਵੀ ਦੱਸਿਆ ਹੈ। ਜੇਕਰ ਗਾਹਕ ਕਿਸੇ ਵੀ ਕਿਊ.ਐੱਲ.ਈ.ਡੀ. ਟੀ.ਵੀ. ਨੂੰ 2 ਮਈ ਤੋਂ ਲੈ ਕੇ 21 ਮਈ ਦੌਰਾਨ ਬੁੱਕ ਕਰਦੇ ਹਨ ਤਾਂ ਉਨ੍ਹਾਂ ਨੂੰ ਕੰਪਨੀ ਵਲੋਂ ਸੈਮਸੰਗ ਗਲੈਕਸੀ ਐੱਸ 8 ਪਲੱਸ ਮੁਫਤ ਦਿੱਤਾ ਜਾਵੇਗਾ। ਗਿਫਟ ਦਾ ਗੋਲਡ ਕਲਰ ਵੇਰੀਅੰਟ ਹੀ ਮਿਲੇਗਾ। ਸੈਮਸੰਗ ਕਿਊ 7, ਕਿਊ 8, ਕਿਊ 8 ਸੀ ਅਤੇ ਕਿਊ 9 ਟੀ.ਵੀ. 55-ਇੰਚ, 65-ਇੰਚ ਅਤੇ 75-ਇੰਚ ਦੇ ਪੈਨਲ ਸਾਈਜ਼ ''ਚ ਉਪਲੱਬਧ ਹੋਣਗੇ। ਉਥੇ ਹੀ ਸੈਮਸੰਗ ਕਿਊ 7 ਐੱਫ 55 ਤੋਂ ਇਲਾਵਾ 65-ਇੰਚ ਦੇ ਪੈਨਲ ''ਚ ਆਏਗਾ।
ਦੱਸ ਦਈਏ ਕਿ ਸੈਮਸੰਗ ਨੇ ਨਵੇਂ ਕਿਊ.ਐੱਲ.ਈ.ਡੀ. ਟੀ.ਵੀ. ਨੂੰ ਕਵਾਨਟਮ ਡਾਟ ਟੈਕਨਾਲੋਜੀ ''ਤੇ ਬਣਾਇਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਨੈਨੋ ਸਾਈਜ਼ ਦੇ ਪਾਰਟਿਕਲ ਹਨ ਜੋ ਰੋਸ਼ਨੀ ਨੂੰ ਰੰਗ ''ਚ ਤਬਦੀਲ ਕਰ ਦਿੰਦੇ ਹਨ। ਨਵੀਂ ਡਿਸਪਲੇ ਤਕਨੀਕ ਤੋਂ ਇਲਾਵਾ ਸੈਮਸੰਗ ਨੇ ਨਵਾਂ ਨੋ-ਗੈਪ ਵਾਲ ਮਾਊਨਟਿੰਗ ਸਲਿਊਸ਼ਨ ਵੀ ਕੱਢ ਲਿਆ ਹੈ।
ਸੈਮਸੰਗ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਕਿਊ.ਐੱਲ.ਈ.ਡੀ. ਟੀ.ਵੀ. ''ਚ ਨਵਾਂ ਸਮਾਰਟ ਟੀ.ਵੀ. ਇੰਟਰਫੇਸ ਵੀ ਹੋਵੇਗਾ। ਇਸ ਤੋਂ ਇਲਾਵਾ ਵਾਇਸ ਕੰਟਰੋਲ, ਸੈਮਸੰਗ ਸਮਾਰਟ ਵਿਊ ਐਪ ਲਈ ਸਪੋਰਟ, ਸੈਮਸੰਗ ਟੀ.ਵੀ. ਪਲੱਸ ਸਰਵੀਸਿਜ਼ ਅਤੇ ਸ਼ਜ਼ਾਮ ਮਿਊਜ਼ਕ ਸਰਵਿਸ ਵੀ ਮਿਲੇਗੀ।