ਓਲਾ ਈ-ਸਕੂਟਰ ਦੀ ਵਿਕਰੀ ਅੱਜ ਤੋਂ ਸ਼ੁਰੂ, ਜਾਣੋ ਕਿੰਨੀ ਦੇਣੀ ਹੋਵੇਗੀ ਕੀਮਤ
Wednesday, Sep 15, 2021 - 11:56 AM (IST)
ਨਵੀਂ ਦਿੱਲੀ- 15 ਸਤੰਬਰ ਤੋਂ ਓਲਾ ਦੇ ਇਲੈਕਟ੍ਰਿਕ ਸਕੂਟਰ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਜਿਨ੍ਹਾਂ ਗਾਹਕਾਂ ਨੇ ਪ੍ਰੀ-ਬੁਕਿੰਗ ਵਿਚ ਕੰਪਨੀ ਦਾ ਈ-ਸਕੂਟਰ ਬੁੱਕ ਕਰਾਇਆ ਹੈ ਉਹ ਬਾਕੀ ਦੀ ਪੇਮੈਂਟ ਕਰਕੇ ਇਸ ਨੂੰ ਖ਼ਰੀਦ ਸਕਦੇ ਹਨ। ਕੰਪਨੀ ਦੇ ਸੀ. ਈ. ਓ. ਭਾਵਿਸ਼ ਅਗਰਵਾਲ ਨੇ ਟਵਿੱਟਰ 'ਤੇ ਵਿਕਰੀ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ।
ਓਲਾ ਪਿਛਲੇ ਮਹੀਨੇ ਵਿਕਰੀ ਸ਼ੁਰੂ ਕਰਨ ਵਾਲੀ ਸੀ ਪਰ ਉਸ ਦੀ ਵੈੱਬਸਾਈਟ ਵਿਚ ਕੁਝ ਤਕਨੀਕੀ ਦਿੱਕਤਾਂ ਦੀ ਵਜ੍ਹਾ ਨਾਲ ਇਸ ਨੂੰ ਟਾਲ ਦਿੱਤਾ ਗਿਆ ਸੀ।
ਜੇਕਰ ਤੁਸੀਂ ਓਲਾ ਈ-ਸਕੂਟਰ ਦੀ ਬੁਕਿੰਗ ਕਰਾਈ ਹੈ ਤਾਂ ਤੁਸੀਂ ਬਾਕੀ ਦੀ ਰਕਮ ਬੈਂਕ ਤੋਂ ਲੋਨ ਲੈ ਕੇ ਵੀ ਚੁਕਾ ਸਕਦੇ ਹੋ। ਕੰਪਨੀ ਦੇ ਈ-ਸਕੂਟਰ ਦੇ ਦੋ ਮਾਡਲ ਹਨ। ਓਲਾ S1 ਦੀ ਐਕਸ-ਸ਼ੋਅਰੂਮ ਕੀਮਤ 99,999 ਰੁਪਏ ਅਤੇ ਓਲਾ S1 ਪ੍ਰੋ ਦੀ ਕੀਮਤ 1,29,999 ਰੁਪਏ ਹੈ। ਦਿੱਲੀ ਵਿਚ ਸੂਬਾ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਪਿੱਛੋਂ S1 85,009 ਰੁਪਏ ਵਿਚ ਪਵੇਗਾ। ਗੁਜਰਾਤ ਵਿਚ ਇਸ ਦੀ ਕੀਮਤ 79,000 ਰੁਪਏ ਪਵੇਗੀ। ਓਲਾ ਈ-ਸਕੂਟਰ ਆਨਲਾਈ ਖ਼ਰੀਦਣ ਲਈ ਤੁਹਾਨੂੰ ਕੰਪਨੀ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਉੱਥੇ ਹੀ, ਤੁਹਾਨੂੰ ਇਕ ਵਾਰ ਵਿਚ ਪੂਰੀ ਪੇਮੈਂਟ ਕਰਨ ਲਈ ਫਾਈਨੈਂਸ ਦਾ ਬਦਲ ਵੀ ਮਿਲੇਗਾ। ਜੇਕਰ ਤੁਸੀਂ ਲੋਨ ਲੈ ਕੇ ਓਲਾ ਈ-ਸਕੂਟਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਂਕ ਆਫ ਬੜੌਦਾ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਜਨਾ ਸਮਾਲ ਫਾਈਨੈਂਸ ਬੈਂਕ, ਕੋਟਕ ਮਹਿੰਦਰਾ ਪ੍ਰਾਈਮ, ਯੈੱਸ ਬੈਂਕ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ।