ਹੁਣ ਪੰਜਾਬ ਦੇ ਕਾਲਜਾਂ ''ਚ ਮਿਲੇਗਾ ਮੁਫਤ ਵਾਈ-ਫਾਈ
Friday, May 19, 2017 - 11:45 AM (IST)

ਜਲੰਧਰ- ਪੰਜਾਬ ਸਰਕਾਰ ਨੇ ਰਿਲਾਇੰਸ ਜਿਓ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ ਸਾਰੇ ਸਰਕਾਰੀ ਆਈ.ਟੀ.ਆਈ., ਪਾਲੀਟੈਕਨੀਕ ਅਤੇ ਇੰਜੀਨੀਅਰਿੰਗ ਕਾਲਜਾਂ ''ਚ ਵਾਈ-ਫਾਈ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਰਿਲਾਇੰਸ ਜਿਓ ਦੇ ਨਾਲ ਸਾਂਝੇਦਾਰੀ ਬਾਰੇ ਜਾਣਕਾਰੀ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਮੰਤਰੀ ਚਰਣਜੀਤ ਸਿੰਘ ਛੰਨੀ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਕਰਾਰ ਤੋਂ ਬਾਅਦ ਸਰਕਾਰੀ ਸਿੱਖਿਆ ਕੇਂਦਰਾਂ ਦੇ ਵਿਦਿਆਰਥੀਆਂ ਨੂੰ ਮੁਫਤ ਇੰਟਰਨੈੱਟ ਮਿਲੇਗਾ। ਉਹ ਇਸ ਦਾ ਇਸਤੇਮਾਲ ਪੜ੍ਹਾਈ ''ਚ ਕਰ ਸਕਣਗੇ। ਇਸ ਨਾਲ ਕੈਸ਼ਲੈੱਸ ਭੁਗਤਾਨ ਅਤੇ ਡਿਜੀਟਲਾਈਜੇਸ਼ਨ ਨੂੰ ਵੀ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਆਈ.ਟੀ.ਆਈ., ਪਾਲੀਟੈਕਨੀਕ ਅਤੇ ਇੰਜੀਨੀਅਰਿੰਗ ਕਾਲਜ ਦੇ ਕੈਂਪਸ ''ਚ ਮੁਫਤ ਵਾਈ-ਫਾਈ ਸੇਵਾ ਲਈ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਰਿਲਾਇੰਸ ਜਿਓ ''ਚ ਕਰਾਰ ਹੋਇਆ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਰਿਲਾਇੰਸ ਜਿਓ ਇੰਫਰਾਸਟਰਕਚਰ ਤਿਆਰ ਕਰਾਉਣ ਤੋਂ ਇਲਾਵਾ ਮੁਫਤ ਵਾਈ-ਫਾਈ ਸੇਵਾ ਦੇਵੇਗੀ। ਜਾਣਕਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਸਭ ਤੋਂ ਇਲਾਵਾ ਰਿਲਾਇੰਸ ਜਿਓ ਜ਼ਰੂਰੀ ਸਮੱਗਰੀਆਂ ਅਤੇ ਬਿਜਲੀ ਦਾ ਖਰਚਾ ਵੀ ਚੁੱਕੇਗੀ।
ਉਨ੍ਹਾਂ ਕਿਹਾ ਕਿ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਨੂੰ ਵਾਈ-ਫਾਈ ਅਤੇ ਹੋਰ ਜ਼ਰੂਰੀ ਨੈੱਟਵਰਕ ਸਮੱਗਰੀ ਲਈ ਉੱਚਿਤ ਥਾਂ ਅਤੇ ਸੁਰੱਖਿਆ ਦੇਣ ਲਈ ਹੁਕਮ ਦਿੱਤੇ ਗਏ ਹਨ। ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੇ ਤਹਿਤ ਸਾਰੀਆਂ ਇਤਰਾਜ਼ਯੋਗ ਵੈੱਬਸਾਈਟਾਂ ਬਲਾਕ ਹੋਣਗੀਆਂ।