ਡਾਊਨਲੋਡਿੰਗ ਸਪੀਡ ’ਚ ਜੀਓ ਅਵੱਲ, ਇਨ੍ਹਾਂ ਕੰਪਨੀਆਂ ਦੀ ਸਪੀਡ ’ਚ ਵੀ ਹੋਇਆ ਸੁਧਾਰ
Monday, Aug 10, 2020 - 10:55 AM (IST)

ਗੈਜੇਟ ਡੈਸਕ– ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਜੁਲਾਈ 2020 ਦਾ ਡਾਟਾ ਜਾਰੀ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ 4ਜੀ ਡਾਊਨਲੋਡਿੰਗ ਸਪੀਡ ਮਾਮਲੇ ’ਚ ਰਿਲਾਇੰਸ ਜੀਓ ਸਭ ਤੋਂ ਬਿਹਤਰ ਰਹੀ ਹੈ। ਇਸ ਤੋਂ ਇਲਾਵਾ ਏਅਰਟੈੱਲ ਅਤੇ ਵੋਡਾਫੋਨ ਦੀ 4ਜੀ ਡਾਊਨਲੋਡਿੰਗ ਸਪੀਡ ’ਚ ਵੀ ਸੁਧਾਰ ਵੇਖਣ ਨੂੰ ਮਿਲਿਆ ਹੈ। ਜੂਨ ਦੇ ਮੁਕਾਬਲੇ ਇਨ੍ਹਾਂ ਦੋਵਾਂ ਕੰਪਨੀਆਂ ਦਾ ਪ੍ਰਦਰਸ਼ਨ ਜੁਲਾਈ ’ਚ ਚੰਗਾ ਰਿਹਾ ਪਰ ਆਈਡੀਆ ਦੀ 4ਜੀ ਡਾਊਨਲੋਡਿੰਗ ਸਪੀਡ ’ਚ ਗਿਰਾਵਟ ਆਈ ਹੈ। ਰਿਲਾਇੰਸ ਜੀਓ 16.5 Mbps ਦੀ 4ਜੀ ਡਾਊਨਲੋਡਿੰਗ ਸਪੀਡ ਨਾਲ ਸਭ ਤੋਂ ਬਿਹਤਰ ਰਹੀ ਹੈ। ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਇਸ ਵਿਚ ਕਿਸੇ ਵੀ ਟੈਲੀਕਾਮ ਆਪਰੇਟਰ ਦੀ ਸਰਵਿਸ ’ਚ ਵਾਧਾ ਨਹੀਂ ਵੇਖਣ ਨੂੰ ਮਿਲਿਆ।
ਵੋਡਾਫੋਨ ਨੇ ਜੁਲਾਈ ’ਚ ਆਪਣੀ 4ਜੀ ਡਾਊਨਲੋਡਿੰਗ ਸਪੀਡ ’ਚ ਚੰਗਾ ਵਾਧਾ ਦਰਜ ਕੀਤਾ ਹੈ। ਕੰਪਨੀ ਦੀ ਡਾਊਨਲੋਡ ਸਪੀਡ ਜੂਨ ’ਚ 7.5 Mbps ਸੀ, ਜੋ ਕਿ ਜੁਲਾਈ ’ਚ ਵਧ ਕੇ 8.3 Mbps ਹੋ ਗਈ ਹੈ। ਜੇਕਰ ਏਅਰਟੈੱਲ ਦੀ ਗੱਲ ਕਰੀਏ ਤਾਂ ਇਸ ਦੀ 4ਜੀ ਡਾਊਨਲੋਡਿੰਗ ਸਪੀਡ ਜੁਲਾਈ ’ਚ 7.3 Mbps ਰਹੀ ਜੋ ਜੂਨ ’ਚ 7.2 Mbps ਸੀ। ਉਥੇ ਹੀ ਆਈਡੀਆ ਦੀ ਗੱਲ ਕਰੀਏ ਤਾਂ ਇਸ ਦੀ 4ਜੀ ਡਾਊਨਲੋਡ ਸਪੀਡ ਜੁਲਾਈ ’ਚ ਘੱਟ ਕੇ 7.9 Mbps ਹੋ ਗਈ ਜੋ ਕਿ ਜੂਨ ’ਚ 8 Mbps ਰਿਕਾਰਡ ਕੀਤੀ ਗਈ ਸੀ।