4-ਜੀ ਸਪੀਡ ਦੇ ਮਾਮਲੇ ''ਚ ਜਿਓ ਨੇ ਮੁਕਾਬਲੇਬਾਜ਼ ਕੰਪਨੀਆਂ ਨੂੰ ਪਛਾੜਿਆ : ਟਰਾਈ
Tuesday, Apr 04, 2017 - 11:55 AM (IST)

ਜਲੰਧਰ- ਬਰਾਡਬੈਂਡ ਸਪੀਡ ਨੂੰ ਲੈ ਕੇ ਪ੍ਰਮੁੱਖ ਦੂਰਸੰਚਾਰ ਕੰਪਨੀਆਂ ''ਚ ਜਾਰੀ ਖਿੱਚ-ਧੂਹ ਦਰਮਿਆਨ ਟੈਲੀਕਾਮ ਰੈਗੂਲੇਟਰ ਟਰਾਈ ਦੇ ਡਾਟਾ ਅਨੁਸਾਰ ਸਪੀਡ ਦੇ ਮਾਮਲੇ ''ਚ ਰਿਲਾਇੰਸ ਜਿਓ ਸਭ ਤੋਂ ਉੱਪਰ ਹੈ ਅਤੇ ਉਸ ਨੇ ਬਾਕੀ ਕੰਪਨੀਆਂ ਨੂੰ ਪਛਾੜ ਦਿੱਤਾ ਹੈ।
ਟਰਾਈ ਦਾ ਕਹਿਣਾ ਹੈ ਕਿ ਰਿਲਾਇੰਸ ਜਿਓ ਦੀ ਡਾਟਾ ਡਾਊਨਲੋਡ ਸਪੀਡ ਹੋਰ ਕਰੀਬੀ ਮੁਕਾਬਲੇਬਾਜ਼ ਕੰਪਨੀਆਂ ਆਈਡੀਆ ਸੈਲੂਲਰ ਅਤੇ ਏਅਰਟੈੱਲ ਦੇ ਮੁਕਾਬਲੇ ਲਗਭਗ ਦੁੱਗਣੀ ਹੈ। ਟਰਾਈ ਨੇ ਫਰਵਰੀ ਮਹੀਨੇ ਲਈ ਆਪਣੇ ਮਹੀਨਾਵਾਰੀ ਔਸਤ ਮੋਬਾਇਲ ਬਰਾਡਬੈਂਡ ਸਪੀਡ ਡਾਟਾ ''ਚ ਕਿਹਾ ਹੈ ਕਿ ਜਿਓ ਨੈਟਵਰਕ ਦੀ ਡਾਊਨਲੋਡ ਸਪੀਡ ਬੀਤੇ ਮਹੀਨੇ ''ਚ ਘਟ ਕੇ 16.48 ਐੱਮ. ਬੀ. ਪੀ. ਐੱਸ. ਰਹੀ ਜੋ ਕਿ ਜਨਵਰੀ ''ਚ 17.42 ਐੱਮ. ਬੀ. ਪੀ. ਐੱਸ. ਸੀ।
ਡਾਊਨਲੋਡ ਸਪੀਡ ਦੇ ਲਿਹਾਜ਼ ਨਾਲ ਕੰਪਨੀਆਂ
ਆਈਡੀਆ ਸੈਲੂਲਰ 8.33 ਐੱਮ. ਬੀ. ਪੀ. ਐੱਸ. ਦੇ ਨਾਲ ਦੂਜੇ ਅਤੇ ਏਅਰਟੈੱਲ 7.66 ਐੱਮ. ਬੀ. ਪੀ. ਐੱਸ. ਦੇ ਨਾਲ ਤੀਸਰੇ ਸਥਾਨ ''ਤੇ ਹੈ। ਉਥੇ ਹੀ ਵੋਡਾਫੋਨ ਲਈ ਇਹ ਸਪੀਡ 5.66 ਐੱਮ. ਬੀ. ਪੀ. ਐੱਸ. ਅਤੇ ਬੀ. ਐੱਸ. ਐੱਨ. ਐੱਲ. ਲਈ 2.89 ਐੱਮ. ਬੀ. ਪੀ. ਐੱਸ. ਮਾਪੀ ਗਈ ਹੈ। ਰਿਲਾਇੰਸ ਕਮਿਊਨੀਕੇਸ਼ਨਸ ਲਈ 2.67 ਐੱਮ. ਬੀ. ਪੀ. ਐੱਸ., ਟਾਟਾ ਡੋਕੋਮੋ ਲਈ 2.67 ਐੱਮ. ਬੀ. ਪੀ. ਐੱਸ. ਅਤੇ ਏਅਰਸੈੱਲ ''ਚ 2.01 ਐੱਮ. ਬੀ. ਪੀ. ਐੱਸ. ਮਾਪੀ ਗਈ।
ਨਵੇਂ ਪਲਾਨ ਲਿਆ ਸਕਦੀਆਂ ਹਨ ਦੂਜੀਆਂ ਕੰਪਨੀਆਂ
ਰਿਲਾਇੰਸ ਜਿਓ ਦੀ ਨਵੀਂ ਪੇਸ਼ਕਸ਼ ਦੇ ਮੱਦੇਨਜ਼ਰ ਮੌਜੂਦਾ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਬਣਾਈ ਰੱਖਣ ਲਈ ਹਮਲਾਵਰ ਪਲਾਨ ਲਿਆ ਸਕਦੀਆਂ ਹਨ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਇਸ ਖੇਤਰ ''ਚ ਮੁਕਾਬਲੇਬਾਜ਼ੀ ਸਖਤ ਹੋਵੇਗੀ। ਡਿਊਸ਼ ਬੈਂਕ ਮਾਰਕੀਟਸ ਰਿਸਰਚ ਦੀ ਇਕ ਰਿਪੋਰਟ ਅਨੁਸਾਰ ਮੌਜੂਦਾ ਟੈਲੀਕਾਮ ਕੰਪਨੀਆਂ ਕਮਾਈ ''ਚ ਥੋੜ੍ਹਚਿਰਾ ਨੁਕਸਾਨ ਚੁੱਕਦੇ ਹੋਏ ਵੀ ਆਪਣੇ ਗਾਹਕਾਂ ਨੂੰ ਮੁਕਾਬਲਤਨ ਪੇਸ਼ਕਸ਼ ਕਰਨਗੀਆਂ। ਮੌਜੂਦਾ 3 ਕੰਪਨੀਆਂ (ਭਾਰਤੀ ਏਅਰਟੈੱਲ, ਆਈਡੀਆ ਅਤੇ ਵੋਡਾਫੋਨ) ਦੇ ਕੋਲ ਜਿਓ ਦਾ ਮੁਕਾਬਲਾ ਕਰਨ ਲਈ ਲੋੜੀਂਦਾ 4-ਜੀ ਸਪੈਕਟ੍ਰਮ ਹੈ ਅਤੇ ਉਹ ਰਣਨੀਤੀ ਕਦਮ ਚੁੱਕ ਸਕਦੀਆਂ ਹਨ।