240W ਦੀ ਚਾਰਜਿੰਗ ਨਾਲ Realme GT 3 ਲਾਂਚ, ਚਾਰ ਮਿੰਟਾਂ ''ਚ 50 ਫੀਸਦੀ ਹੋ ਜਾਵੇਗਾ ਚਾਰਜ
Wednesday, Mar 01, 2023 - 01:30 PM (IST)
ਗੈਜੇਟ ਡੈਸਕ- ਰੀਅਲਮੀ ਨੇ ਸਭ ਤੋਂ ਫਾਸਟ ਚਾਰਜਿੰਗ ਵਾਲੇ ਫੋਨ Realme GT 3 ਨੂੰ ਲਾਂਚ ਕਰ ਦਿੱਤਾ ਹੈ। ਫੋਨ ਦੀ ਲਾਂਚਿੰਗ ਦੁਨੀਆ ਦੇ ਸਭ ਤੋਂ ਵੱਡੇ ਟੈੱਕ ਸ਼ੋਅ ਮੋਬਾਇਲ ਵਰਲਡ ਕਾਂਗਰਸ (MWC 2023) 'ਚ ਹੋਈ ਹੈ। ਫੋਨ ਦੇ ਨਾਲ 240 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਸ ਤਰ੍ਹਾਂ ਦੀ ਫਾਸਟ ਚਾਰਜਿੰਗ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ। ਫੋਨ ਦੇ ਨਾਲ ਪ੍ਰੀਮੀਅਮ ਫੀਚਰਜ਼ ਵੀ ਮਿਲਦੇ ਹਨ, ਜਿਵੇਂ ਇਸ ਵਿਚ 144Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ।
Realme GT 3 ਦੇ ਬੈਕ ਪੈਨਲ 'ਤੇ ਐੱਲ.ਈ.ਡੀ. ਲਾਈਟ ਹੈ ਜੋ ਕਿ ਨਥਿੰਗ ਫੋਨ 1 ਵਰਗੀ ਹੈ ਪਰ ਰੀਅਲਮੀ ਦੇ ਇਸ ਫੋਨ 'ਚ ਇਕ ਹੀ ਐੱਲ.ਈ.ਡੀ. ਸਟ੍ਰਿਪ ਹੈ। ਫੋਨ ਦੇ ਬੈਕ ਪੈਨਲ 'ਤੇ ਕਾਫੀ ਏਰੀਏ ਨੂੰ ਕਵਰ ਕਰਦੇ ਹੋਏ ਰੀਅਰ ਕੈਮਰਾ ਹੈ। ਫੋਨ ਦੇ ਨਾਲ ਦਿੱਤੀ ਗਈ ਐੱਲ.ਈ.ਡੀ. ਲਾਈਟ ਨੋਟੀਫਿਕੇਸ਼ਨ ਜਾਂ ਅਲਰਟ ਆਉਣ 'ਤੇ ਬਲਿੰਕ ਕਰਦੀ ਹੈ। ਲਾਈਟ ਨੂੰ ਤੁਸੀਂ ਕਸਟਮਾਈਜ਼ ਵੀ ਕਰ ਸਕਦੇ ਹੋ।
ਫੋਨ 'ਚ 240 ਵਾਟ ਦੀ ਚਾਰਜਿੰਗ ਹੈ। ਇਸ ਵਿਚ 4600mAh ਦੀ ਬੈਟਰੀ ਹੈ ਅਤੇ ਚਾਰਜਿੰਗ ਨੂੰ ਲੈ ਕੇ ਦਾਅਵਾ ਹੈ ਕਿ ਸਿਰਫ 4 ਮਿੰਟਾਂ 'ਚ ਬੈਟਰੀ 50 ਫੀਸਦੀ ਤਕ ਚਾਰਜ ਹੋ ਜਾਵੇਗੀ। ਰੀਅਲਮੀ ਨੇ ਦਾਅਵਾ ਕੀਤਾ ਹੈ ਕਿ ਇਸ ਚਾਰਜਰ ਨਾਲ ਤੁਸੀਂ ਆਪਣੇ 65 ਵਾਟ ਦੀ ਚਾਰਜਿੰਗ ਵਾਲੇ ਲੈਪਟਾਪ ਨੂੰ ਵੀ ਚਾਰਜ ਕਰ ਸਕੋਗੇ।
ਰੀਅਲਮੀ ਨੇ ਆਪਣੇ ਇਸ ਫੋਨ 'ਚ ਸਟੇਨਲੈੱਸ ਸਟੀਲ ਦਾ ਵੈਪਰ ਕੂਲਿੰਗ ਸਿਸਟਮ ਦਿੱਤਾ ਹੈ। ਇਸ ਤੋਂ ਇਲਾਵਾ ਫੋਨ 'ਚ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਵੀ ਹੈ ਅਤੇ ਨਾਲ X-axis ਲਿਨੀਅਰ ਮੋਟਰ ਵੀ ਮਿਲਦੀ ਹੈ। ਫੋਨ 'ਚ ਡਿਊਲ ਸਟੀਰੀਓ ਸਪੀਕਰ ਹੈ ਜਿਸਦੇ ਨਾਲ ਡਾਲਬੀ ਐਟਮਾਸ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
Realme GT 3 'ਚ 6.74 ਇੰਚ ਦੀ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 144Hz ਹੈ ਜਿਸਨੂੰ 40Hz 'ਤੇ ਵੀ ਇਸਤੇਮਾਲ ਕੀਤਾ ਜਾ ਸਕੇਗਾ। ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 1,400 ਨਿਟਸ ਹੈ। ਇਸ ਵਿਚ ਤਿੰਨ ਰੀਅਰ ਕੈਮਰੇ ਹਨ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX890 ਸੈਂਸਰ ਹੈ। ਕੈਮਰੇ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਦਾ ਵੀ ਸਪੋਰਟ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਭਾਰਤ 'ਚ ਇਸ ਫੋਨ ਦੀ ਲਾਂਚਿੰਗ ਬਾਰੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।