Realme C11 ਦਾ ਕਮਾਲ, 2 ਮਿੰਟਾਂ ’ਚ ਵਿਕ ਗਏ 1.5 ਲੱਖ ਫੋਨ

07/23/2020 10:47:44 AM

ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ ਭਾਰਤ ’ਚ ਨਵਾਂ ਸਮਾਰਟਫੋਨ Realme C11 ਲਾਂਚ ਕੀਤਾ ਹੈ। 22 ਜੁਲਾਈ, ਬੁੱਧਵਾਰ ਨੂੰ ਇਸ ਫੋਨ ਦੀ ਪਹਿਲੀ ਸੇਲ ਸੀ। 7,499 ਰੁਪਏ ਦੀ ਕੀਮਤ ਵਾਲਾ ਇਹ ਫੋਨ ਗਾਹਕਾਂ ਨੂੰ ਇੰਨਾ ਪਸੰਦ ਆਇਆ ਕਿ 2 ਮਿੰਟਾਂ ’ਚ ਹੀ ਫੋਨ ਦੀਆਂ 1.5 ਲੱਖ ਇਕਾਈਆਂ ਵਿਕ ਗਈਆਂ। ਫੋਨ ’ਚ 5,000mAh ਦੀ ਬੈਟਰੀ ਅਤੇ ਦੋ ਰੀਅਰ ਕੈਮਰੇ ਵਰਗੇ ਫੀਚਰਜ਼ ਮਿਲਦੇ ਹਨ। ਦੱਸ ਦੇਈਏ ਕਿ ਸਮਾਰਟਫੋਨ ਦੀ ਸੇਲ ਦੁਪਹਿਰ ਨੂੰ 12 ਵਜੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਅਤੇ ਰੀਅਲਮੀ ਇੰਡੀਆ ਦੀ ਵੈੱਬਸਾਈਟ ’ਤੇ ਹੋਈ ਸੀ। ਵਿਕਰੀ ਦੇ ਇਹ ਅੰਕੜੇ ਕੰਪਨੀ ਨੇ ਇਕ ਟਵੀਟ ਰਾਹੀਂ ਸਾਂਝੇ ਕੀਤੇ ਹਨ। ਹੁਣ ਇਸ ਸਮਾਰਟਫੋਨ ਦੀ ਅਗਲੀ ਸੇਲ 29 ਜੁਲਾਈ ਨੂੰ ਹੋਵੇਗੀ। 

 

ਫੋਨ ਦੇ ਫੀਚਰਜ਼
ਡਿਊਲ ਸਿਮ ਵਾਲੇ ਰੀਅਲਮੀ ਸੀ11 ’ਚ 6.5 ਇੰਚ ਦੀ ਐੱਚ.ਡੀ. ਪਲੱਸ ਮਿਨੀਡ੍ਰੋਪ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ ਮਿਲਣ ਵਾਲੀ 32 ਜੀ.ਬੀ. ਸਟੋਰੇਜ ਨੂੰ 256 ਜੀ.ਬੀ. ਤਕ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਰੀਅਲਮੀ ਸੀ11 ਐਂਡਰਾਇਡ 10 ਬੇਸਡ ਰੀਅਲਮੀ ਯੂ.ਆਈ. ’ਤੇ ਚਲਦਾ ਹੈ। 

ਫੋਨ ਦੇ ਰੀਅਰ ’ਚ ਦੋ ਕੈਮਰੇ ਦਿੱਤੇ ਗਏ ਹਨ। ਇਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੈਮਰੇ ’ਚ ਏ.ਆਈ. ਬਿਊਟੀ, ਫਿਲਟਰ ਮੋਡ, ਐੱਚ.ਡੀ.ਆਰ., ਪੋਟਰੇਟ ਮੋਡ ਅਤੇ ਟਾਈਮਲੈਪਸ ਵਰਗੇ ਫੀਚਰਜ਼ ਹਨ। ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਚਾਰਜਿੰਗ ਨਾਲ ਆਉਂਦੀ ਹੈ। ਇਸ ਵਿਚ ਰੀਵਰਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ।


Rakesh

Content Editor

Related News