Oppo ਜਲਦ ਲਿਆ ਰਹੀ ਪਾਪ-ਅਪ ਕੈਮਰੇ ਵਾਲਾ ਸਮਾਰਟ ਟੀਵੀ, ਹੋਣਗੀਆਂ ਇਹ ਖੂਬੀਆਂ
Wednesday, Sep 30, 2020 - 01:31 PM (IST)

ਗੈਜੇਟ ਡੈਸਕ– ਸਮਾਰਟਫੋਨ ਬਣਾਉਣ ਵਾਲੀਆਂ ਚੀਨ ਦੀਆਂ ਕੰਪਨੀਆਂ, ਭਾਰਤੀ ਹੋਮ ਐਂਟਰਟੇਨਮੈਂਟ ਦੀ ਦੁਨੀਆ ’ਚ ਵੀ ਆਪਣੀ ਮੌਜੂਦਗੀ ਵਧਾ ਰਹੀਆਂ ਹਨ। ਸਮਾਰਟਫੋਨ ਬਾਜ਼ਾਰ ’ਤੇ ਕਬਜ਼ਾ ਕਰਨ ਤੋਂ ਬਾਅਦ ਜਦੋਂ ਸ਼ਾਓਮੀ, ਵਨਪਲੱਸ, ਹੁਵਾਵੇਈ, ਆਨਰ ਅਤੇ ਰੀਅਲਮੀ ਵਰਗੀਆਂ ਕੰਪਨੀਆਂ ਨੇ ਭਾਰਤ ’ਚ ਟੀਵੀ ਲਾਂਚ ਕੀਤੇ ਤਾਂ ਜਿਵੇਂ ਘੱਟ ਕੀਮਤ ’ਚ ਜ਼ਿਆਦਾ ਫੀਚਰ ਨੂੰ ਲੈ ਕੇ ਵੱਖ-ਵੱਖ ਕੰਪਨੀਆਂ ’ਚ ਜੰਗ ਸ਼ੁਰੂ ਹੋ ਗਈ। ਹੁਣ ਇਸੇ ਜੰਗ ’ਚ ਚੀਨ ਦੀ ਇਕ ਹੋਰ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਵੀ ਸ਼ਾਮਲ ਹੋ ਗਈ ਹੈ। ਓਪੋ ਅਗਲੇ ਮਹੀਨੇ ਯਾਨੀ ਅਕਤੂਬਰ ’ਚ ਭਾਰਤ ’ਚ ਸਮਾਰਟ ਟੀਵੀ ਲਾਂਚ ਕਰ ਸਕਦੀ ਹੈ। 55 ਇੰਚ ਅਤੇ 65 ਇੰਚ ਵਾਲੇ ਇਨ੍ਹਾਂ ਦੋਵਾਂ ਟੀਵੀ ਮਾਡਲਾਂ ਦੀਆਂ ਕੀਮਤਾਂ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿ ਓਪੋ ਕਿੰਨੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਸਮਾਰਟ ਟੀਵੀ ਲਾਂਚ ਕਰਨ ਜਾ ਰਹੀ ਹੈ ਅਤੇ ਕੀ ਓਪੋ ਐੱਮ.ਆਈ., ਰੀਅਲਮੀ ਸਮੇਤ ਹੋਰ ਕੰਪਨੀਆਂ ਦਾ ਮੁਕਾਬਲਾ ਕਰ ਸਕੇਗੀ? ਸਭ ਤੋਂ ਪਹਿਲਾਂ ਚੀਨ ’ਚ ਓਪੋ ਸਮਾਰਟ ਟੀਵੀ ਲਾਂਚ ਕਰੇਗੀ, ਉਸ ਤੋਂ ਬਾਅਦ ਭਾਰਤ ’ਚ ਇਸ ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਵੀ ਹੋ ਸਕਦਾ ਹੈ ਕਿ ਓਪੋ ਚੀਨ ਦੇ ਨਾਲ ਹੀ ਭਾਰਤ ’ਚ ਵੀ ਸਮਾਰਟ ਟੀਵੀ ਲਾਂਚ ਕਰ ਦੇਵੇ।
ਟੀਵੀ ’ਚ ਵੀ ਸਮਾਰਟਫੋਨ ਵਰਗਾ ਕੈਮਰਾ
ਬੀਤੇ ਦਿਨੀਂ ਓਪੋ ਡਿਵੈਲਪਰ ਕਾਨਫਰੰਸ ਦੌਰਾਨ ਕੰਪਨੀ ਨੇ ਭਾਰਤ ’ਚ ਸਮਾਰਟ ਟੀਵੀ ਲਾਂਚ ਕਰਨ ਨੂੰ ਲੈ ਕੇ ਆਪਣੇ ਯੋਜਨਾ ਦਾ ਖੁਲਾਸਾ ਕੀਤਾ। ਹਾਲਾਂਕਿ, ਓਪੋ ਨੇ ਸਮਾਰਟ ਟੀਵੀ ਲਾਂਚ ਤਾਰੀਖ਼ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ। ਓਪੋ ਸਮਾਰਟ ਟੀਵੀ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਹੁਵਾਵੇਈ, ਆਨਰ ਸਮਾਰਟ ਟੀਵੀ ਦੀ ਤਰ੍ਹਾਂ ਪਾਪ-ਅਪ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀਡੀਓ ਕਾਲਿੰਗ ਕਰ ਸਕਦੇ ਹੋ। ਓਪੋ ਟੀਵੀ ਦੇ ਬਾਕੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ’ਤੇ ਤੁਸੀਂ 4ਕੇ ਵੀਡੀਓ ਵੇਖ ਸਕਦੇ ਹੋ। ਓਪੋ ਟੀ.ਵੀ. ’ਚ ਐੱਚ.ਡੀ.ਆਰ. ਪੈਨਲ ਅਤੇ ਡਾਲਬੀ ਸਪੀਕਰ ਹੋਣ ਦੀਆਂ ਖ਼ਬਰਾਂ ਆਈਆਂ ਹਨ।