Oppo ਨੇ ਜਾਰੀ ਕੀਤੀ ਆਪਣੇ ਪਹਿਲੇ ਫੋਲਡੇਬਲ ਫੋਨ ਦੀ ਟੀਜ਼ਰ ਫੋਟੋ, ਇਸ ਦਿਨ ਹੋਵੇਗਾ ਲਾਂਚ
Friday, Dec 10, 2021 - 01:43 PM (IST)
ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ ਨੂੰ ਜਲਦ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ Oppo Find N ਨਾਂ ਨਾਲ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਡਿਸਪਲੇਅ ਨੂੰ ਆਸਾਨੀ ਨਾਲ ਮੋੜਿਆ ਜਾ ਸਕੇਗਾ। ਇਸ ਗੱਲ ਦੀ ਜਾਣਕਾਰੀ ਕੰਪਨੀ ਦੁਆਰਾ ਜਾਰੀ ਕੀਤੀ ਗਈ ਤਸਵੀਰ ਰਾਹੀਂ ਸਾਹਮਣੇ ਆਈ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਸੈਮਸੰਗ ਦੇ ਗਲੈਕਸੀ ਫੋਲਡ ਸਮਾਰਟਫੋਨ ਵਰਗਾ ਹੀ ਹੋਵੇਗਾ ਅਤੇ ਇਸ ਨੂੰ ਮੈਟਲ ਫਿਨਿਸ਼ ਨਾਲ ਲਿਆਇਆ ਜਾਵੇਗਾ। ਇਸ ਵਿਚ ਦੋ OLED ਡਿਸਪਲੇਅ ਦਿੱਤੀਆਂ ਜਾਣਗੀਆਂ। ਓਪੋ ਦੇ ਚੀਫ ਪ੍ਰੋਡਕਟ ਅਫਸਰ ਅਤੇ ਵਨਪਲੱਸ ਦੇ ਫਾਊਂਡਰ Pete Lau ਨੇ ਇਕ ਓਪਨ ਲੈਟਰ ’ਚ ਕਿਹਾ ਹੈ ਕਿ Oppo Find N ਦਾ ਡਿਜ਼ਾਇਨ ਸਿੰਪਲ ਹੋਵੇਗਾ ਅਤੇ ਇਸ ਨੂੰ ਆਸਾਨੀ ਨਾਲ ਇਸਤੇਮਾਲ ’ਚ ਲਿਆਇਆ ਜਾ ਸਕੇਗਾ। Pete Lau ਨੇ ਕਿਹਾ ਹੈ ਕਿ Oppo Find N ’ਚ ਅਸੀਂ ਪੁਰਾਣੇ ਫੋਲਡੇਬਲ ਸਮਾਰਟਫੋਨ ’ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਠੀਕ ਕਰ ਦਿੱਤਾ ਹੈ।
Oppo Find N ਦੀ ਪ੍ਰਾਈਮਰੀ ਅਤੇ ਕਵਰ ਡਿਸਪਲੇਅ ’ਚ ਪਤਲੇ ਬੇਜ਼ਲਸ ਵੇਖੇ ਜਾ ਸਕਦੇ ਹਨ। ਇਸ ਵਿਚ ਅੰਡਰ ਡਿਸਪਲੇਅ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਮਿਲ ਸਕਦਾ ਹੈ। Oppo Find N ਨੂੰ ਕੰਪਨੀ 15 ਦਸੰਬਰ ਨੂੰ ਆਪਣੇ Oppo Inno Day Confernce ਈਵੈਂਟ ਦੌਰਾਨ ਲਾਂਚ ਕਰੇਗੀ।