ਪੁਣੇ ’ਚ ਓਲਾ ਇਲੈਕਟ੍ਰਿਕ ਸਕੂਟਰ ’ਚ ਅੱਗ ਲੱਗਣ ਦੀ ਘਟਨਾ ਦੀ ਹੋਵੇਗੀ ਜਾਂਚ, ਸਰਕਾਰ ਨੇ ਦਿੱਤੇ ਆਦੇਸ਼
Tuesday, Mar 29, 2022 - 06:27 PM (IST)

ਆਟੋ ਡੈਸਕ– ਸਰਕਾਰ ਨੇ ਪਿਛਲੇ ਹਫਤੇ ਪੁਣੇ ’ਚ ਓਲਾ ਇਲੈਕਟ੍ਰਿਕ ਸਕੂਟਰ ’ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਮੁਤਾਬਕ, ਸੈਂਟਰ ਫਾਰ ਫਾਇਰ ਐਕਸਪਲੋਸਿਵ ਅਤੇ ਵਾਤਾਵਰਣ ਸੇਫਟੀ ਨੂੰ ਉਨ੍ਹਾਂ ਹਲਾਤਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਕਾਰਨ ਘਟਨਾ ਹੋਈ ਹੈ। ਇਸਦੇ ਨਾਲ ਹੀ ਉਸਨੂੰ ਉਪਾਅ ਦੇਣ ਲਈ ਵੀ ਕਿਹਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ।
CFEES ਨੂੰ ਲਿਖੀ ਚਿੱਠੀ ’ਚ ਮੰਤਰਾਲਾ ਨੇ ਜਾਂਚ ਦੇ ਨਤੀਜਿਆਂ ਨੂੰ ਸਾਂਝਾ ਕਰਨ ਲਈ ਕਿਹਾ ਹੈ। ਨਾਲ ਹੀ ਇਸਦੇ ਹੱਲ ਲਈ ਸੁਝਾਅ ਵੀ ਸਾਂਝੇ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। ਸ਼ਨੀਵਾਰ ਨੂੰ ਓਲਾ ਇਲੈਕਟ੍ਰਿਕ ਸਕੂਟਰ ’ਚ ਅੱਗ ਲੱਗਣ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ। ਜਿਸਤੋਂ ਬਾਅਦ ਯੂਜ਼ਰਸ ਨੇ ਵਾਹਨ ਦੇ ਸੇਫਟੀ ਸਟੈਂਡਰਡ ’ਤੇ ਸਵਾਲ ਚੁੱਕੇ।
ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਓਲਾ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਕਿਹਾ ਸੀ ਕਿ ਸੁਰੱਖਿਆ ਸਭ ਤੋਂ ਪਹਿਲਾਂ ਹੈ। ਅਸੀਂ ਇਸਦੀ ਜਾਂਚ ਕਰ ਰਹੇ ਹਾਂ ਅਤੇ ਜਲਦ ਹੀ ਇਸਨੂੰ ਠੀਕ ਕਰ ਦੇਵਾਂਗੇ।