ਟਵਿਟਰ ਤੇ ਇੰਸਟਾਗ੍ਰਾਮ ਤੋਂ ਬਾਅਦ Netflix ਵੀ ਹੋਇਆ ਠੱਪ, ਇਕ ਘੰਟੇ ਤਕ ਪਰੇਸ਼ਾਨ ਰਹੇ ਯੂਜ਼ਰਸ
Saturday, Jul 16, 2022 - 01:06 PM (IST)
ਗੈਜੇਟ ਡੈਸਕ– ਨੈੱਟਫਲਿਕਸ ਸ਼ੁੱਕਰਵਾਰ ਯਾਨੀ 15 ਜੁਲਾਈ ਨੂੰ ਠੱਪ ਰਿਹਾ ਜਿਸ ਕਾਰਨ ਹਜ਼ਾਰਾਂ ਯੂਜ਼ਰਸ ਨੂੰ ਪਰੇਸ਼ਾਨੀ ਹੋਈ। ਡਾਊਨਡਿਟੈਕਟਰ ਮੁਤਾਬਕ, ਨੈੱਟਫਲਿਕਸ ਭਾਰਤ ਸਮੇਤ ਕਈ ਦੇਸ਼ਾਂ ’ਚ ਠੱਪ ਰਿਹਾ। ਡਾਊਨਡਿਟੈਕਟਰ ’ਤੇ ਹੀ 4,000 ਤੋਂ ਜ਼ਿਆਦਾ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ। ਰਿਪੋਰਟ ਮੁਤਾਬਕ, ਸ਼ੁੱਕਰਵਾਰ ਦੀ ਰਾਤ ਕਰੀਬ 11.20 ਵਜੇ ਨੈੱਟਫਲਿਕਸ ’ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਜੋ ਕਿ ਕਰੀਬ ਰਾਤ 12.15 ਵਜੇ ਤਕ ਜਾਰੀ ਰਹੀ।
ਨੈੱਟਫਲਿਕਸ ਦੀ ਵੈੱਬਸਾਈਟ ਅਤੇ ਮੋਬਾਇਲ ਨੂੰ ਓਪਨ ਕਰਨ ’ਤੇ ਯੂਜ਼ਰਸ ਨੂੰ 'Error Code NSES-500' ਦਾ ਮੈਸੇਜ ਮਿਲ ਰਿਹਾ ਸੀ। ਯੂਜ਼ਰਸ ਕੁਝ ਵੀ ਸਰਚ ਨਹੀਂ ਕਰ ਪਾ ਰਹੇ ਸਨ, ਹਾਲਾਂਕਿ, ਹੁਣ ਕੋਈ ਪਰੇਸ਼ਾਨੀ ਨਹੀਂ ਹੈ। ਹੁਣ ਐਪ ਅਤੇ ਵੈੱਬਸਾਈਟ ਸੁਚਾਰੂ ਰੂਪ ਨਾਲ ਚੱਲ ਰਹੇ ਹਨ। ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਨੈੱਟਫਲਿਕਸ ਨੇ ਵੀ ਆਪਣੀ ਸਾਈਟ ’ਤੇ ਕੀਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਦੀਆਂ ਸੇਵਾਵਾਂ ਵੀ ਕਾਫੀ ਦੇਰ ਤਕ 15 ਜੁਲਾਈ ਨੂੰ ਠੱਪ ਰਹੀਆਂ। ਰਿਪੋਰਟ ਮੁਤਾਬਕ, 15 ਜੁਲਾਈ ਦੀ ਸਵੇਰ 2:30 ਵਜੇ ਤੋਂ ਇੰਸਟਾਗ੍ਰਾਮ ਦੇ ਯੂਜ਼ਰਸ ਨੂੰ ਸਮੱਸਿਆ ਆਉਣ ਲੱਗੀ ਸੀ। ਕੁਝ ਹੀ ਘੰਟਿਆਂ ’ਚ ਕਰੀਬ 24,000 ਯੂਜ਼ਰਸ ਨੇ ਸ਼ਿਕਾਇਤ ਕੀਤੀ ਸੀ। ਮੇਟਾ ਦੇ ਬੁਲਾਰੇ ਨੇ ਇਸ ਬਾਰੇ ਪੁਸ਼ਟੀ ਕੀਤੀ ਸੀ।
14 ਜੁਲਾਈ ਨੂੰ ਮਾਈਕ੍ਰੋਬਲਾਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ਵੀ ਠੱਪ ਹੋ ਗਿਆ ਸੀ। ਯੂਜ਼ਰਸ ਨੂੰ ਟਵਿਟਰ ਐਕਸੈਸ ਕਰਨ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਟਵੀਟ ਕਰਨ ਅਤੇ ਫੀਡ ਵੇਖਣ ’ਚ ਵੀ ਪਰੇਸ਼ਾਨੀ ਹੋ ਰਹੀ ਸੀ। ਕਈ ਯੂਜ਼ਰਸ ਦੇ ਅਕਾਊਂਟ ਆਪਣੇ ਆਪ ਲਾਗ-ਆਊਟ ਹੋ ਰਹੇ ਸਨ।