GTA 6 ਦੇ ਫੈਨ ਹੋ ਜਾਣ ਤਿਆਰ! ਗੇਮਪਲੇ ਟ੍ਰੇਲਰ ਤੇ ਨਵੇਂ ਫੀਚਰਸ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ
Saturday, Jun 20, 2026 - 08:39 PM (IST)
ਟੈਕਨਾਲੋਜੀ ਡੈਸਕ : ਦੁਨੀਆ ਭਰ ਦੇ ਗੇਮਿੰਗ ਪ੍ਰੇਮੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। Rockstar Games ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਗੇਮ GTA 6 ਦੇ ਗੇਮਪਲੇ ਅਤੇ ਨਵੇਂ ਟ੍ਰੇਲਰ ਨੂੰ ਲੈ ਕੇ ਇੰਟਰਨੈੱਟ 'ਤੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਰਿਪੋਰਟਾਂ ਅਨੁਸਾਰ, ਕੰਪਨੀ 25 ਜੂਨ 2026 ਨੂੰ ਕੋਈ ਵੱਡਾ ਐਲਾਨ ਕਰ ਸਕਦੀ ਹੈ, ਜਿਸ ਵਿੱਚ ਗੇਮ ਦੇ ਪ੍ਰੀ-ਆਰਡਰ ਅਤੇ ਨਵੇਂ ਵੀਡੀਓ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਗੇਮਿੰਗ ਕਮਿਊਨਿਟੀ ਵਿੱਚ ਇਹ ਦਿਲਚਸਪ ਚਰਚਾ ਚੱਲ ਰਹੀ ਹੈ ਕਿ ਰੌਕਸਟਾਰ ਗੇਮਜ਼ ਇਸ ਵਾਰ ਤੀਜੇ ਟ੍ਰੇਲਰ ਦੀ ਬਜਾਏ ਸਿੱਧਾ ਗੇਮਪਲੇ ਰਿਵੀਲ ਪੇਸ਼ ਕਰ ਸਕਦੀ ਹੈ। ਮਸ਼ਹੂਰ ਯੂਟਿਊਬਰ (DarkViperAU ਨੇ ਦਾਅਵਾ ਕੀਤਾ ਹੈ ਕਿ ਗੇਮ ਦੀ ਰਿਲੀਜ਼ ਨੇੜੇ ਹੋਣ ਕਾਰਨ ਕੰਪਨੀ ਹੁਣ ਖਿਡਾਰੀਆਂ ਨੂੰ ਅਸਲੀ ਗੇਮਪਲੇ ਦਿਖਾਉਣ 'ਤੇ ਜ਼ਿਆਦਾ ਧਿਆਨ ਦੇ ਸਕਦੀ ਹੈ।
ਲੀਕ ਹੋਈਆਂ ਜਾਣਕਾਰੀਆਂ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ GTA 6 ਵਿੱਚ ਕਈ ਨਵੀਆਂ ਖੂਬੀਆਂ ਦੇਖਣ ਨੂੰ ਮਿਲਣਗੀਆਂ। ਇਸ ਵਾਰ ਗੱਡੀ ਚਲਾਉਣ ਦੇ ਅਨੁਭਵ ਨੂੰ ਪਹਿਲਾਂ ਨਾਲੋਂ ਜ਼ਿਆਦਾ ਅਸਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੇਮ ਵਿੱਚ ਕਾਰਾਂ ਅਤੇ ਬਾਈਕਸ ਲਈ ਨਵੇਂ ਕੰਟਰੋਲ ਅਤੇ ਫਿਜ਼ਿਕਸ ਸਿਸਟਮ ਦੀ ਝਲਕ ਮਿਲ ਸਕਦੀ ਹੈ। ਸਭ ਤੋਂ ਵੱਧ ਚਰਚਾ ਇਸ ਫੀਚਰ ਦੀ ਹੋ ਰਹੀ ਹੈ ਕਿ ਖਿਡਾਰੀ ਵੱਡੀ ਗਿਣਤੀ ਵਿੱਚ ਇਮਾਰਤਾਂ ਅਤੇ ਦੁਕਾਨਾਂ ਦੇ ਅੰਦਰ ਜਾ ਕੇ ਖਰੀਦਦਾਰੀ ਕਰ ਸਕਣਗੇ ਅਤੇ ਵੱਖ-ਵੱਖ ਥਾਵਾਂ ਨੂੰ ਐਕਸਪਲੋਰ ਕਰ ਸਕਣਗੇ।
ਹਾਲਾਂਕਿ ਰੌਕਸਟਾਰ ਗੇਮਜ਼ ਨੇ ਅਜੇ ਤੱਕ ਗੇਮਪਲੇ ਰਿਵੀਲ ਦੀ ਕੋਈ ਅਧਿਕਾਰਤ ਤਾਰੀਖ ਐਲਾਨ ਨਹੀਂ ਕੀਤੀ ਹੈ, ਇਸ ਲਈ ਫਿਲਹਾਲ ਇਨ੍ਹਾਂ ਜਾਣਕਾਰੀਆਂ ਨੂੰ ਅਟਕਲਾਂ ਵਜੋਂ ਹੀ ਦੇਖਿਆ ਜਾ ਰਿਹਾ ਹੈ। ਪਰ ਇਹ ਤੈਅ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲਾ ਕੋਈ ਵੀ ਖੁਲਾਸਾ ਕਰੋੜਾਂ ਪ੍ਰਸ਼ੰਸਕਾਂ ਲਈ ਵੱਡਾ ਤੋਹਫਾ ਹੋਵੇਗਾ।
