ਮਰਸਡੀਜ਼ ਇਸ ਕਾਰ ''ਚ ਪੇਸ਼ ਕਰੇਗੀ ਫਾਰਮੂਲਾ ਵਨ ਇੰਜਣ, ਮਿਲੇਗੀ 1000bhp ਦੀ ਪਾਵਰ
Sunday, Jan 22, 2017 - 06:02 PM (IST)

ਜਲੰਧਰ- ਰੇਸ ਟ੍ਰੈਕ ''ਤੇ ਤੇਜ਼ ਰਫਤਾਰ ਨਾਲ ਦੌੜਨ ਵਾਲੀਆਂ ਫਾਰਮੂਲਾ ਵਨ ਕਾਰਾਂ ''ਚ ਸਭ ਤੋਂ ਦਮਦਾਰ ਇੰਜਣ ਦਿੱਤੇ ਜਾਂਦੇ ਹਨ। ਇਹ ਇੰਜਣ ਇੰਨੇ ਪਾਵਰਫੁੱਲ ਹੁੰਦੇ ਹਨ ਕਿ ਇਨ੍ਹਾਂ ਨੂੰ ਰੋਜ਼ਾਨਾ ਵਰਤੋਂ ਕੀਤੀਆਂ ਜਾਣ ਵਾਲੀਆਂ ਆਮ ਕਾਰਾਂ ''ਚ ਨਹੀਂ ਦਿੱਤਾ ਜਾ ਸਕਦਾ। ਹੁਣ ਇਕ ਕਾਰ ਇਸ ਤਸਵੀਰ ਨੂੰ ਬਦਲਣ ਵਾਲੀ ਹੈ। ਇਸ ਕਾਰ ''ਚ ਹਾਈਬ੍ਰਿਡ ਫਾਰਮੂਲਾ ਵਨ ਰੇਸਿੰਗ ਕਾਰਾਂ ਵਾਲਾ ਇੰਜਣ ਲੱਗਾ ਹੋਵੇਗਾ ਅਤੇ ਇਹ 1000 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰੇਗੀ।
ਦਰਅਸਲ, ਜਰਮਨੀ ਦੀ ਲਗਜ਼ਰੀ ਕਰ ਨਿਰਮਾਤਾ ਕੰਪਨੀ ਮਰਸਡੀਜ਼-ਬੈਜ਼ ਇਕ ਅਜਿਹੀ ਕਾਰ ''ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਇਸ ਪ੍ਰਾਜੈੱਕਟ ਨੂੰ ਵਨ ਹਾਈਪਰ ਨਾਂ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਡੈਟ੍ਰਾਇਟ ਮੋਟਰ ਸ਼ੋਅ-2017 ਦੌਰਾਨ ਦਿੱਤੀ ਗਈ ਹੈ। ਇਸ ਨੂੰ ਸਤੰਬਰ ''ਚ ਹੋਣ ਵਾਲੇ ਫਰੰਕਫਰਟ ਮੋਟਰ ਸ਼ੋਅ-2017 ਦੌਰਾਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਮਰਸਡੀਜ਼ ਇਸੇ ਸਾਲ ਆਪਣੀ ਏ.ਐੱਮ.ਜੀ. ਡਿਵੀਜ਼ ਦੀ 50ਵੀ ਵਰ੍ਹੇਗੰਢ ਮਨਾਉਣ ਵਾਲੀ ਹੈ। ਫਿਲਹਾਲ ਇਸ ਮੌਕੇ ''ਤੇ ਵੀ ਕੰਪਨੀ ਇਸ ਹਾਈਪਰ ਕਾਰ ਨੂੰ ਪੇਸ਼ ਕਰ ਸਕਦੀ ਹੈ।
ਮਰਸਡੀਜ਼ ਦੀ ਹਾਈਪਰ ਕਾਰ ਇਕ ਹਾਈਬ੍ਰਿਡ ਕਾਰ ਹੋਵੇਗੀ। ਇਸ ਵਿਚ ਫਾਰਮੂਲਾ-ਵਨ ਇੰਜਣ ਦੇ ਨਾਲ ਇਕ ਇਲੈਕਟ੍ਰਿਕ ਮੋਟਰ ਜੁੜੀ ਹੋਵੇਗੀ। ਇਸ ਤੋਂ ਇਲਾਵਾ ਇਹ ਆਲ-ਵ੍ਹੀਲ-ਡਰਾਈਵ ਤਕਨੀਕ ''ਤੇ ਕੰਮ ਕਰੇਗੀ। ਉਮੀਦ ਹੈ ਕਿ ਇਹ ਟੂ-ਸੀਟਰ ਕਾਰ ਹੋਵੇਗੀ। ਇਸ ਦੀ ਕੀਮਤ 2 ਮਿਲੀਅਨ ਯੂਰੋ (ਕਰੀਬ 12 ਕਰੋੜ ਰੁਪਏ) ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੰਪਨੀ ਸਿਰਫ 250 ਤੋਂ 300 ਹਾਈਪਰ ਕਾਰਾਂ ਹੀ ਬਣਾਏਗੀ।