ਮਾਰੂਤੀ ਸੁਜ਼ੂਕੀ ਦਾ ਵੱਡਾ ਧਮਾਕਾ: ਲਾਂਚ ਹੋਣਗੀਆਂ 4 ਨਵੀਆਂ ਇਲੈਕਟ੍ਰਿਕ ਕਾਰਾਂ
Sunday, Apr 12, 2026 - 12:01 AM (IST)
ਨਵੀਂ ਦਿੱਲੀ : ਦੇਸ਼ ਦੀ ਮੋਹਰੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੇ ਬਾਜ਼ਾਰ ਵਿੱਚ ਵੱਡੀ ਪੁਲਾਂਘ ਪੁੱਟਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਸਾਲ 2031 ਤੱਕ 4 ਨਵੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
ਮਾਰੂਤੀ ਸੁਜ਼ੂਕੀ ਦੇ ਸੀਨੀਅਰ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਦੱਸਿਆ ਕਿ ਕੰਪਨੀ ਦਾ ਟੀਚਾ 2031 ਤੱਕ ਬੈਟਰੀ ਆਧਾਰਿਤ ਇਲੈਕਟ੍ਰਿਕ ਵਾਹਨ (BEV) ਸੈਗਮੈਂਟ ਵਿੱਚ ਮੋਹਰੀ ਬਣਨਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਮਿਡ-ਟਰਮ ਪਲਾਨ ਤਹਿਤ ਪੋਰਟਫੋਲੀਓ ਵਿੱਚ ਚਾਰ ਹੋਰ ਇਲੈਕਟ੍ਰਿਕ ਗੱਡੀਆਂ ਸ਼ਾਮਲ ਕਰੇਗੀ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧੇਗੀ।
ਨਵੇਂ ਲਾਂਚ ਦੇ ਵਿਚਕਾਰ, ਕਾਰ ਖਰੀਦਣ ਵਾਲਿਆਂ ਲਈ ਇੱਕ ਚਿੰਤਾਜਨਕ ਖ਼ਬਰ ਵੀ ਸਾਹਮਣੇ ਆਈ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਪ੍ਰਭਾਵ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪਾਰਥੋ ਬੈਨਰਜੀ ਅਨੁਸਾਰ, ਇਸ ਕਾਰਨ ਕੰਪਨੀ ਨੂੰ ਆਪਣੀਆਂ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਪਵੇਗਾ। ਹਾਲਾਂਕਿ, ਕੀਮਤਾਂ ਵਿੱਚ ਕਿੰਨਾ ਵਾਧਾ ਹੋਵੇਗਾ, ਇਸ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ।
ਕੰਪਨੀ ਨੇ ਇਲੈਕਟ੍ਰਿਕ ਵਾਹਨ ਉਦਯੋਗ ਵਿੱਚ ਇੱਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਇੱਕੋ ਦਿਨ ਵਿੱਚ ਈ-ਵਿਟਾਰਾ (e-Vitara) ਦੀਆਂ 108 ਯੂਨਿਟਸ ਗਾਹਕਾਂ ਨੂੰ ਸੌਂਪੀਆਂ ਹਨ। ਅਧਿਕਾਰੀ ਅਨੁਸਾਰ ਇਹ ਗਾਹਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਹੁਣ ਤੱਕ 44 ਦੇਸ਼ਾਂ ਵਿੱਚ 25,000 ਤੋਂ ਵੱਧ ਈ-ਵਿਟਾਰਾ ਯੂਨਿਟਸ ਐਕਸਪੋਰਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੰਪਨੀ ਦੀ ਯੋਜਨਾ ਇਸ ਨੂੰ 100 ਤੋਂ ਵੱਧ ਦੇਸ਼ਾਂ ਵਿੱਚ ਭੇਜਣ ਦੀ ਹੈ। ਪਿਛਲੇ ਵਿੱਤੀ ਸਾਲ ਵਿੱਚ ਮਾਰੂਤੀ ਨੇ ਕੁੱਲ 4.50 ਲੱਖ ਗੱਡੀਆਂ ਦਾ ਐਕਸਪੋਰਟ ਕੀਤਾ ਸੀ।
