Zepto, Book My Show ਤੇ IndiGo ਸਮੇਤ 9 Apps ''ਤੇ ਹੋ ਗਈ ਵੱਡੀ ਕਾਰਵਾਈ ! ਜਾਣੋ ਮਾਮਲਾ
Thursday, Aug 06, 2026 - 02:17 PM (IST)
ਗੈਜੇਟ ਡੈਸਕ : ਜੇਕਰ ਤੁਸੀਂ ਵੀ ਆਨਲਾਈਨ ਸਾਮਾਨ ਮੰਗਵਾਉਂਦੇ ਹੋ ਜਾਂ ਫਿਲਮਾਂ ਦੀਆਂ ਟਿਕਟਾਂ ਬੁੱਕ ਕਰਦੇ ਹੋ, ਤਾਂ ਹੁਣ ਤੁਹਾਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (CCPA) ਨੇ 'ਡਾਰਕ ਪੈਟਰਨ' (ਧੋਖਾਧੜੀ ਵਾਲੇ ਡਿਜ਼ਾਈਨ) ਦੀ ਵਰਤੋਂ ਕਰਕੇ ਗਾਹਕਾਂ ਨੂੰ ਗੁਮਰਾਹ ਕਰਨ ਵਾਲੇ 9 ਵੱਡੇ ਡਿਜੀਟਲ ਪਲੇਟਫਾਰਮਾਂ 'ਤੇ ਲਗਭਗ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਕਸਰ ਜਦੋਂ ਤੁਸੀਂ ਆਨਲਾਈਨ ਕੋਈ ਚੀਜ਼ ਖਰੀਦਦੇ ਹੋ, ਤਾਂ ਸ਼ੁਰੂ ਵਿੱਚ ਦਿਖਾਈ ਗਈ ਕੀਮਤ ਭੁਗਤਾਨ ਵੇਲੇ ਅਚਾਨਕ ਵਧ ਜਾਂਦੀ ਹੈ।
ਇਸ 'ਚ ਬਿਨਾਂ ਦੱਸੇ ਹੈਂਡਲਿੰਗ ਫੀਸ, ਮੈਂਬਰਸ਼ਿਪ ਚਾਰਜ ਜਾਂ ਦਾਨ ਵਰਗੀਆਂ ਰਕਮਾਂ ਜੋੜ ਦਿੱਤੀਆਂ ਜਾਂਦੀਆਂ ਹਨ। ਸਰਕਾਰ ਨੇ ਅਜਿਹੇ 13 ਤਰ੍ਹਾਂ ਦੇ ਗੁਮਰਾਹਕੁੰਨ ਤਰੀਕਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਚ ਝੂਠੀ ਜਲਦਬਾਜ਼ੀ ਦਿਖਾਉਣਾ, ਸਬਸਕ੍ਰਿਪਸ਼ਨ ਟ੍ਰੈਪ ਤੇ ਲੁਕਵੇਂ ਚਾਰਜ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਕੰਪਨੀਆਂ 'ਤੇ ਸਰਕਾਰ ਵੱਲੋਂ ਕਰਵਾਈ ਕੀਤੀ ਗਈ। ਇਨ੍ਹਾਂ 'ਚੋਂ ਜ਼ੈਪਟੋ 'ਤੇ ਸਭ ਤੋਂ ਵੱਧ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਸ਼ੁਰੂ ਵਿੱਚ ਘੱਟ ਕੀਮਤ ਦਿਖਾ ਕੇ ਬਾਅਦ ਵਿੱਚ ਹੈਂਡਲਿੰਗ ਫੀਸ ਜੋੜ ਦਿੰਦੀ ਸੀ ਤੇ ਮੈਂਬਰਸ਼ਿਪ ਵੀ ਆਪਣੇ-ਆਪ ਜੋੜ ਦਿੱਤੀ ਜਾਂਦੀ ਸੀ।
ਫਿਜ਼ਿਕਸ ਵਾਲਾ ਐਜੂਕੇਸ਼ਨ ਪਲੇਟਫਾਰਮ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇੱਥੇ 10 ਰੁਪਏ ਦਾ ਦਾਨ ਆਪਣੇ-ਆਪ ਚੁਣਿਆ ਹੋਇਆ ਹੁੰਦਾ ਸੀ ਅਤੇ ਵਿਦਿਆਰਥੀਆਂ ਨੂੰ ਭਾਵੁਕ ਸੰਦੇਸ਼ਾਂ ਰਾਹੀਂ ਇਸ ਨੂੰ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਬੁੱਕ ਮਾਈ ਸ਼ੋਅ ਪਲੇਟਫਾਰਮ ਨੂੰ 'BookASmile' ਚੈਰਿਟੀ ਲਈ ਪਹਿਲਾਂ ਤੋਂ ਟਿੱਕ ਕੀਤੇ ਗਏ 1 ਰੁਪਏ ਦੇ ਯੋਗਦਾਨ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੋਰ ਕੰਪਨੀਆਂ ਫਸਟ-ਕ੍ਰਾਈ , ਫਾਰਮ-ਈਜ਼ੀ, ਮੈਕਾਫੀ, ਸਪਾਈਸ-ਜੈੱਟ ਅਤੇ ਅਨੁਜ ਜਿੰਦਲ ਵਰਗੇ ਪਲੇਟਫਾਰਮਾਂ 'ਤੇ ਵੀ 1 ਤੋਂ 3 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਸਰਕਾਰ ਅਨੁਸਾਰ 2023 ਦੀਆਂ ਨਵੀਆਂ ਗਾਈਡਲਾਈਨਾਂ ਲਾਗੂ ਹੋਣ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਜ਼ੈਪਟੋ ਅਤੇ ਫਿਜ਼ਿਕਸ ਵਾਲਾ ਵਰਗੀਆਂ ਕੰਪਨੀਆਂ ਨੇ ਆਪਣੀਆਂ ਗਲਤੀਆਂ ਸੁਧਾਰਨ ਅਤੇ ਜੁਰਮਾਨਾ ਭਰਨ ਦੀ ਗੱਲ ਕਹੀ ਹੈ। ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭੁਗਤਾਨ ਕਰਨ ਤੋਂ ਪਹਿਲਾਂ ਆਪਣੇ ਬਿੱਲ ਦੀ ਚੰਗੀ ਤਰ੍ਹਾਂ ਜਾਂਚ ਕਰਨ।
