ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’
Thursday, Jul 30, 2026 - 07:46 AM (IST)
ਨਵੀਂ ਦਿੱਲੀ (ਇੰਟ.) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਦੇ ਸਭ ਤੋਂ ਲੋਕਪ੍ਰਿਯ ਮੰਚਾਂ ਵਿਚ ਸ਼ਾਮਲ ਇੰਸਟਾਗ੍ਰਾਮ ’ਤੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ, ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। PM ਮੋਦੀ ਦੇ Instagram ਨਾਲ ਇਕ ਹਫ਼ਤੇ ਦੇ ਅੰਦਰ ਲੱਗਭਗ 40 ਲੱਖ ਨਵੇਂ ਫ਼ਾਲੋਅਰਜ਼ ਜੁੜਨ ਤੋਂ ਬਾਅਦ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ 10.5 ਕਰੋੜ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਹ Instagram ’ਤੇ ਦੁਨੀਆ ਦੇ ਸਭ ਤੋਂ ਵੱਧ ਫ਼ਾਲੋ ਕੀਤੇ ਜਾਣ ਵਾਲੇ ਸਿਆਸੀ ਨੇਤਾ ਬਣ ਗਏ ਹਨ।
ਟਰੰਪ ਸਮੇਤ ਕਈ ਨੇਤਾਵਾਂ ਨੂੰ ਛੱਡਿਆ ਪਿੱਛੇ
ਪ੍ਰਧਾਨ ਮੰਤਰੀ ਮੋਦੀ ਨੇ Instagram ’ਤੇ ਲੋਕਪ੍ਰਿਯਤਾ ਦੇ ਮਾਮਲੇ ਵਿਚ ਕਈ ਗਲੋਬਲ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਅਨੁਸਾਰ ਇਸ ਸਬੰਧ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੇ ਸਥਾਨ ’ਤੇ ਹਨ, ਜਿਨ੍ਹਾਂ ਦੇ ਲੱਗਭਗ 4.32 ਕਰੋੜ ਫ਼ਾਲੋਅਰਜ਼ ਹਨ। ਭਾਰਤੀ ਨੇਤਾਵਾਂ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਚੋਟੀ ਦੇ Instagram ਫ਼ਾਲੋ ਕੀਤੇ ਜਾਣ ਵਾਲੇ ਨੇਤਾਵਾਂ ਵਿਚ ਸ਼ਾਮਲ ਹਨ।
ਨੌਜਵਾਨਾਂ ਤੱਕ ਪਹੁੰਚਣ ਦੀ ਨਵੀਂ ਰਣਨੀਤੀ
ਹੁਣ ਕੇਂਦਰ ਸਰਕਾਰ ਤੇ ਭਾਜਪਾ ਨੇ ਨੌਜਵਾਨਾਂ ਤੱਕ ਪਹੁੰਚ ਮਜ਼ਬੂਤ ਕਰਨ ਲਈ ਸੋਸ਼ਲ ਮੀਡੀਆ ’ਤੇ ਸਰਗਰਮੀ ਵਧਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਮੰਤਰੀ ਮੰਡਲ ਦੀ ਬੈਠਕ ਵਿਚ ਮੰਤਰੀਆਂ ਨੂੰ Instagram ’ਤੇ ਰੀਲਜ਼, ਵੀਡੀਓਜ਼ ਤੇ ਇੰਟਰਐਕਟਿਵ ਪੋਸਟਾਂ ਰਾਹੀਂ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿਚ ਨੌਜਵਾਨ ਹਰ ਰੋਜ਼ ਇਸ ਮੰਚ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਲੋਕਤੰਤਰੀ ਹਿੱਸੇਦਾਰੀ ਨੂੰ ਮਜ਼ਬੂਤ ਕਰ ਸਕਦੀ ਹੈ।
ਰੀਲਜ਼ ਤੇ ਵੀਡੀਓਜ਼ ਨਾਲ ਵਧੀ ਲੋਕਪ੍ਰਿਯਤਾ
ਪ੍ਰਧਾਨ ਮੰਤਰੀ ਮੋਦੀ ਸਾਲ 2014 ਤੋਂ Instagram ਦੀ ਵਰਤੋਂ ਕਰ ਰਹੇ ਹਨ। ਪਿਛਲੇ ਕੁੱਝ ਮਹੀਨਿਆਂ ਵਿਚ ਉਨ੍ਹਾਂ ਦੀਆਂ ਵੀਡੀਓਜ਼, ਰੀਲਜ਼ ਅਤੇ ਨਿੱਜੀ ਅੰਦਾਜ਼ ਵਾਲੀਆਂ ਪੋਸਟਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਵਿਖਾਵਿਆਂ ਦੌਰਾਨ ਸਾਂਝੀ ਕੀਤੀ ਗਿਆ ਇਕ ਸੈਲਫ਼ੀ ਵੀਡੀਓ ਵੀ ਕਾਫ਼ੀ ਚਰਚਿਤ ਰਹੀ, ਜਿਸ ਨਾਲ ਵੱਡੀ ਗਿਣਤੀ ਵਿਚ ਨਵੇਂ ਫ਼ਾਲੋਅਰਜ਼ ਜੁੜੇ।
